3.1 C
United Kingdom
Sunday, March 8, 2026

More

    ਹੀਰਿਓ/ਕਾਵਿ

    ਮਨਦੀਪ ਕੌਰ ਭੰਮਰਾ

    ਖ੍ਵਾਹਿਸ਼ਾਂ ਦੇ ਘੇਰੇ ਚੋਂ ਮੁਕਤੀ ਮਿਲੇ,
    ਜੀਵਨ ਨੂੰ ਫਿਰ ਨਵੀਂ ਸ਼ਕਤੀ ਮਿਲੇ,
    ਸਾਦਗੀ ਸੰਗ ਸਿੱਖ ਲਵੇਂ ਜਿਉਣਾ,
    ਅਦਭੁਤ ਤੈਨੂੰ ਫਿਰ ਜ਼ਿੰਦਗੀ ਮਿਲੇ,

    ਆਸਾਂ ਦੇ ਸਹਿਕਦੇ ਸਾਹਾਂ ਦੇ ਸੰਗ,
    ਬਸਰ ਕਰੇ ਜੀਵਨ ਆਹਾਂ ਦੇ ਸੰਗ,
    ਦੇਖ ਸਕੇਂ ਜੇਕਰ ਪਰਜਾ ਦਾ ਜੀਵਨ,
    ਭੁੱਲ ਜਾਵੇਂ ਜਿਉਣਾ ਚਾਵਾਂ ਦੇ ਸੰਗ,

    ਦੇਖਾਂ ਮੈਂ ਲੋਕਾਂ ‘ਚ ਗੁਰਬਤ ਚੁਫ਼ੇਰੇ,
    ਭੁੱਖਾਂ ਨੇ ਜੀਵਨ ‘ਚ ਲਾਏ ਹਨ ਡੇਰੇ,
    ਬਾਲਾਂ ਦਾ ਜੀਵਨ ਖੇਡਣ ਤੋਂ ਬਿਨਾਂ,
    ਅੱਖਾਂ ‘ਤੇ ਛਾਏ ਨੇ ਕੁੜੀਆਂ ਦੇ ਘੇਰੇ,

    ਸੁਪਨੇ ਸੰਜੋਵਾਂ ਸੋਹਣੇ ਸਮਾਜ ਲਈ,
    ਅੱਖਰਾਂ ‘ਚ ਬੁਣ ਦਿਆਂ ਰਾਜ਼ ਕਈ,
    ਨਿੱਤ ਨਵਾਂ ਸੁਪਨਾ ਦੇਖਾਂ ਤੇ ਪਰਖਾਂ,
    ਕਵਿਤਾ ਰਚਾਂ ਮੈਂ ਤਾਂ ਲੋਕਾਂ ਦੇ ਲਈ,

    ਨਰੇਗਾ ਕੀ ਸਾਰੇਗਾ ਲੋਕਾਂ ਦੇ ਡੰਗ,
    ਗਰੀਬੀ ਹਟਾਓ ਹੈ ਲੋਕਾਂ ਦੀ ਮੰਗ,
    ਗੁਆਂਢੀ ਦੀ ਚੰਗੀ ਗੱਲ ਰੀਸ ਕਰੋ,
    ਕਰ ਨਾ ਸਰਕਾਰੇ ਗ਼ਰੀਬਾਂ ਨੂੰ ਤੰਗ,

    ਲੋਕ ਲੋਕ ਹੁੰਦੇ ਹਨ ਬੱਸ ਵੋਟਾਂ ਨਹੀਂ,
    ਲੋਕਾਂ ਦੇ ਜੀਵਨ ’ਚ ਕਦੇ ਓਟਾਂ ਨਹੀਂ,
    ਸਹਾਰਾ ਲੱਭਦੇ ਸਾਰੀ ਉਮਰ ਡੋਲਣ,
    ਮੁੱਕਣ ਕਦੇ ਉਨ੍ਹਾਂ ਦੀਆਂ ਤੋਟਾਂ ਨਹੀ,

    ਭੰਵਰ ਵਿੱਚ ਕਿਸ਼ਤੀ ਕਿਨਾਰੇ ਲਾਓ,
    ਹਿੰਮਤ ਕਰੋ ਅਤੇ ਅੱਗੇ ਤੁਸੀਂ ਆਓ,
    ਲੋਕਾਂ ਦਾ ਜੀਵਨ ਬਦਲਣ ਦੇ ਲਈ,
    ਉਲੀਕੋ ਯੋਜਨਾਵਾਂ ਤੇ ਰਾਹ ਬਣਾਓ,

    ਕਲਮਾਂ ਨੂੰ ਘੜ੍ਹ ਕੇ ਸੋਚਾਂ ਵਿੱਚ ਜੜਕੇ,
    ਪਹਿਰੇ ਦੇਵੋ ਬੋਲਾਂ ਉੱਤੇ ਤੁਸੀਂ ਅੜਕੇ,
    ਕਵਿਤਾ ਲਿਖੋ ਅਤੇ ਨਵੇਂ ਗੀਤ ਗਾਓ,
    ਕਲਮਾਂ ਤੇ ਕਾਗਜ਼ ਹੱਥਾਂ ਵਿੱਚ ਫੜਕੇ,

    ਘੜ੍ਹ ਦਿਓ ਤਕਦੀਰਾਂ ਘੜ੍ਹਨਹਾਰਿਓ,
    ਮਾਵਾਂ ਦੇ ਮੱਖਣੋਂ ਬਾਪਾਂ ਦੇ ਦੁਲਾਰਿਓ,
    ਨੌਜੁਆਨੀ ਦੇ ਪਹਿਰੇ ‘ਚ ਜੀਵਨ ਪਲੇ,
    ਬਣਾਓ ਕੋਈ ਤਾਂ ਨਵੀਂ ਬਿਧ ਹੀਰਿਓ!

    -ਮਨਦੀਪ ਕੌਰ ਭੰਮਰਾ

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!