ਦਿੱਲੀ (ਪੰਜ ਦਰਿਆ ਬਿਊਰੋ)
ਇਸ ਵਾਰ 21 ਜੂਨ ਨੂੰ ਲੱਗਣ ਜਾ ਰਿਹਾ ਸੂਰਜ ਗ੍ਰਹਿਣ ਦਾ ਵੱਖਰੇ ਤਰ੍ਹਾਂ ਦਾ ਨਜ਼ਾਰਾ 900 ਸਾਲ ਬਾਅਦ ਦਿੱਸੇਗਾ। ਇਸ ਗ੍ਰਹਿਣ ਦੌਰਾਨ ਕੁੰਡਲੀਦਾਰ (ਐਨਿਊਲਰ) ਸਥਿਤੀ ਦੀ ਮਿਆਦ 30 ਸਕਿੰਟ ਤਕ ਹੀ ਰਹਿਣ ਕਾਰਨ ਸੌਰ ਵਿਗਿਆਨੀ ਇਸ ਨੂੰ ਦੁਰਲੱਭ ਸੂਰਜ ਗ੍ਰਹਿਣ ਮੰਨ ਰਹੇ ਹਨ। ਉਦੋਂ ਸੂਰਜ ਇਕ ਛੱਲੇ ਦੀ ਤਰ੍ਹਾਂ ਨਜ਼ਰ ਆਵੇਗਾ।
ਆਰੀਆ ਭੱਟ ਵਿਗਿਆਨ ਖੋਜ ਸੰਸਥਾਨ (ਏਰੀਜ਼) ਦੇ ਸੀਨੀਅਰ ਸੌਰ ਵਿਗਿਆਨੀ ਤੇ ਸਾਬਕਾ ਡਾਇਰੈਕਟਰ ਡਾ. ਵਹਾਬਉੱਦੀਨ ਨੇ ਦੱਸਿਆ ਕਿ 21 ਜੂਨ ਨੂੰ ਗ੍ਰਹਿਣ ਸਵੇਰੇ 9 ਵਜ ਕੇ 16 ਮਿੰਟ ‘ਤੇ ਲੱਗਣਾ ਸ਼ੁਰੂ ਹੋਵੇਗਾ ਤੇ 12 ਵਜ ਕੇ 10 ਮਿੰਟ ਤਕ ਪੂਰਨ ਤੌਰ ‘ਤੇ ਕੁੰਡਲੀਦਾਰ ਦਿਖਾਈ ਦੇਵੇਗਾ। ਇਸ ਵਾਰ ਦੇ ਸੂਰਜ ਗ੍ਰਹਿਣ ‘ਚ ਜੋ ਸਥਿਤੀ ਬਣਨ ਜਾ ਰਹੀ ਹੈ, ਉਸ ਨੇ ਹੀ ਇਸ ਨੂੰ ਦੁਰਲੱਭ ਗ੍ਰਹਿਣਾਂ ‘ਚ ਸ਼ੁਮਾਰ ਕੀਤਾ ਹੈ। ਇਸ ਦੀ ਵਜ੍ਹਾ ਸੂਰਜ ਤੇ ਚੰਦਰਮਾ ਵਿਚਾਲੇ ਦੀ ਦੂਰੀ ਹੈ। ਗ੍ਰਹਿਣ ਦੌਰਾਨ ਸੂਰਜ ਧਰਤੀ ਤੋਂ 15,02,35,882 ਕਿਲੋਮੀਟਰ ਦੂਰ ਹੋਵੇਗਾ, ਜਦਕਿ ਚੰਦਰਮਾ ਵੀ 3,91,482 ਕਿਲੋਮੀਟਰ ਦੂਰ ਤੋਂ ਆਪਣੇ ਪੰਧ ਤੋਂ ਲੰਘ ਰਿਹਾ ਹੋਵੇਗਾ। ਜੇ ਚੰਦਰਮਾ ਧਰਤੀ ਤੋਂ ਹੋਰ ਨਜ਼ਦੀਕ ਹੋਵੇਗਾ ਕਿ ਇਹ ਪੂਰਨ ਸੂਰਜ ਗ੍ਰਹਿਣ ਬਣ ਜਾਂਦਾ। ਉਥੇ, ਸੂਰਜ ਜੇ ਥੋੜ੍ਹਾ ਨੇੜੇ ਹੁੰਦਾ ਤਾਂ ਗ੍ਰਹਿਣ ਦਾ ਰੂਪ ਵੀ ਕੁਝ ਅੱਡਰਾ ਹੁੰਦਾ ਪਰ ਇਹ ਗ੍ਰਹਿ ਕੁੰਡਲੀਦਾਰ ਲੱਗਣ ਜਾ ਰਿਹਾ ਹੈ ਜਿਸ ‘ਚ ਚੰਦਰਮਾ ਪੂਰੀ ਤਰ੍ਹਾਂ ਸੂਰਜ ਨੂੰ ਢੱਕ ਨਹੀਂ ਸਕੇਗਾ। ਚੰਦਰਮਾ ਕਰੀਬ ਤੀਹ ਸਕਿੰਟ ਲਈ ਹੀ ਸੂਰਜ ਦੇ ਜ਼ਿਆਦਾਤਰ ਹਿੱਸੇ ਨੂੰ ਢੱਕ ਸਕੇਗਾ। ਇਸ ਦੌਰਾਨ ਸੂਰਜ ਦਾ ਆਖ਼ਰੀ ਹਿੱਸਾ ਇਕ ਰਿੰਗ ਵਾਂਗ ਨਜ਼ਰ ਆਵੇਗਾ। 30 ਸਕਿੰਟ ਬਾਅਦ ਗ੍ਰਹਿਣ ਖਤਮ ਸ਼ੁਰੂ ਹੋ ਜਾਵੇਗਾ।
ਬੈਲੀਜ਼ ਬੀਡਸ ਦੇਖਣ ਨੂੰ ਮਿਲੇਗਾ ਗ੍ਰਹਿਣ ਦੌਰਾਨ
ਇਸ ਦੌਰਾਨ ਇਕ ਹੋਰ ਘਟਨਾ ਦੇਖਣ ਨੂੰ ਮਿਲੇਗੀ, ਜਿਸ ‘ਚ ਚੰਦਰਮਾ ਦੇ ਟੋਇਆਂ ਤੋਂ ਹੋ ਕੇ ਲੰਘਦੀਆਂ ਸੂਰਜ ਦੀਆਂ ਕਿਰਨਾਂ ਨੂੰ ਦੇਖਿਆ ਸਕੇਗਾ। ਗ੍ਰਹਿਣ ਦੌਰਾਨ ਇਹ ਘਟਨਾ ਦੋ ਵਾਰ ਹੁੰਦੀ ਹੈ। ਇਸ ਨੂੰ ਬੈਲੀਜ਼ ਬੀਡਸ ਕਿਹਾ ਜਾਂਦਾ ਹੈ। ਗ੍ਰਹਿਣ ਲੱਗਣ ਦੇ ਕੁਝ ਦੇਰ ਬਾਅਦ ਹੀ ਇਸ ਨੂੰ ਦੇਖ ਸਕਦੇ ਹਨ। ਇਸ ਨਜ਼ਾਰੇ ਨੂੰ ਦੇਖਣ ਲਈ ਸੌਰ ਵਿਗਿਆਨੀ ਸਮੇਤ ਖਗੋਲ ਪ੍ਰੇਮੀ ਉਤਸੁਕ ਰਹਿੰਦੇ ਹਨ।
400 ਗੁਣਾ ਵੱਡਾ ਹੋਣ ਦੇ ਬਾਵਜੂਦ ਸੂਰਜ ਨੂੰ ਢੱਕ ਲੈਂਦਾ ਹੈ ਚੰਦਰਮਾ
ਇਹ ਸੰਯੋਗ ਵੀ ਬੇਹੱਦ ਦਿਲਚਸਪ ਹੈ ਕਿ ਚੰਦਰਮਾ ਤੇ ਸੂਰਜ ਦੇ ਆਕਾਰ ‘ਚ ਜ਼ਿਆਦਾਤਰ ਫਰਕ ਹੈ। ਇਨ੍ਹਾਂ ਦਾ ਅਸਲ ਆਕਾਰ ਪੁਲਾੜ ‘ਚ ਇਕ ਬਰਾਬਰ ਨਜ਼ਰ ਆਉਂਦਾ ਹੈ। ਇਨ੍ਹਾਂ ਦੋਵੇਂ ਦਾ ਅਸਲ ਆਕਾਰ ਅੱਧਾ ਡਿਗਰੀ ਦਾ ਹੈ, ਜਦਕਿ ਅਸਲੀਅਤ ਇਹ ਹੈ ਕਿ ਸੂਰਜ ਚੰਦਰਮਾ ਤੋਂ ਚਾਰ ਸੌ ਗੁਣਾ ਵੱਡਾ ਹੈ। ਇਸ ਦੇ ਬਾਵਜੂਦ ਚੰਦਰਮਾ ਸੂਰਜ ਗ੍ਹਿਣ ਦੌਰਾਨ ਸੂਰਜ ਦੀ ਰੋਸ਼ਨੀ ਨੂੰ ਧਰਤੀ ‘ਤੇ ਆਉਣ ਤੋਂ ਰੋਕ ਲੈਂਦਾ ਹੈ।
ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਦੀ ਭੁੱਲ ਨਾ ਕਰੋ
ਡਾ. ਵਹਾਬਉੱਦੀਨ ਅਨੁਸਾਰ ਪੂਰੇ ਦੇਸ਼ ‘ਚ ਦਿੱਸਣ ਜਾ ਰਹੇ ਇਸ ਸੂਰਜ ਗ੍ਰਹਿਣ ਨੂੰ ਨੰਗੀਆਂ ਅੱਖਾਂ ਨਾਲ ਦੇਖਣ ਦੀ ਭੁੱਲ ਨਾ ਬਿਲਕੁਲ ਨਾ ਕਰੋ। ਇਹ ਅੱਖਾਂ ਲਈ ਖ਼ਤਰਨਾਕ ਹੋ ਸਕਦਾ ਹੈ। ਇਥੋਂ ਤਕ ਕਿ ਅੱਖਾਂ ਦੀ ਰੋਸ਼ਨੀ ਵੀ ਜਾ ਸਕਦੀ ਹੈ। ਇਸ ਲਈ ਸੋਲਰ ਚਸ਼ਮੇ ਤੇ ਮਾਹਰਾਂ ਦੀ ਸਲਾਹ ਲੈ ਕੇ ਹੋਰ ਸੁਰੱਖਿਆ ਉਪਕਰਨਾਂ ਦੀ ਵਰਤੋਂ ਕਰੋ।