6.3 C
United Kingdom
Monday, April 21, 2025

More

    ਸਾਊਥਾਲ ਦੀ ਇਸ ਰੋਡ ਦਾ ਨਾਂ ਹੋਵੇਗਾ “ਗੁਰੂ ਨਾਨਕ ਰੋਡ”

    -ਕੌਂਸਲ ਲੀਡਰ ਜੂਲੀਅਨ ਬਿਲ ਨੇ ਵੀਡੀਓ ਸੰਦੇਸ਼ ਰਾਹੀਂ ਦਿਵਾਇਆ ਭਰੋਸਾ
    -ਇਸ ਰੋਡ ‘ਤੇ ਸਥਿਤ ਹੈ ਪੱਛਮੀ ਯੂਰਪ ਦਾ ਸਭ ਤੋਂ ਵੱਡਾ ਗੁਰੂਘਰ

    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

    ਸਿੱਖ ਭਾਈਚਾਰਾ ਜਿੱਥੇ ਵੀ ਗਿਆ ਹੈ, ਨਾ ਤਾਂ ਉਸ ਨੇ ਗੁਰੂਆਂ ਦੀ ਕਿਰਤ ਕਰਨ ਦੀ ਮੱਤ ਨੂੰ ਵਿਸਾਰਿਆ ਹੈ ਅਤੇ ਨਾ ਹੀ ਵੰਡ ਛਕਣ ਤੇ ਨਾਮ ਨੂੰ। ਵਿਦੇਸ਼ਾਂ ਵਿੱਚ ਸਿੱਖ ਭਾਈਚਾਰੇ ਦੇ ਕੰਮਾਂ ਨੂੰ ਮਾਣ ਮਿਲਣਾ ਫ਼ਖਰ ਵਾਲੀ ਗੱਲ ਹੈ। ਬਰਤਾਨੀਆ ਵਸਦੇ ਸਿੱਖ ਭਾਈਚਾਰੇ ਲਈ ਇਸ ਤੋਂ ਵੱਡਾ ਮਾਣ ਕੀ ਹੋ ਸਕਦਾ ਹੈ ਕਿ ਇੱਥੋਂ ਦੀ ਇੱਕ ਸੜਕ ਦਾ ਨਾਂ ਹੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਣ ਦੀ ਗੱਲ ਹੋ ਰਹੀ ਹੋਵੇ। ਜੀ ਹਾਂ, ਲਿਟਲ ਇੰਡੀਆ ਵਜੋਂ ਜਾਣੇ ਜਾਂਦੇ ਸਾਊਥਾਲ ਵਿਖੇ ਪੱਛਮੀ ਯੂਰਪ ਦਾ ਸਭ ਤੋਂ ਵਿਸ਼ਾਲ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਹੈਵਲੌਕ ਰੋਡ ‘ਤੇ ਸਥਿਤ ਹੈ।

    ਹੁਣ ਹੈਵਲੌਕ ਰੋਡ ਦਾ ਨਾਂ ਬਦਲ ਕੇ “ਗੁਰੂ ਨਾਨਕ ਰੋਡ” ਰੱਖਣ ਦੀ ਸ਼ਾਹਦੀ ਈਲਿੰਗ ਕੌਂਸਲ ਲੀਡਰ ਜੂਲੀਅਨ ਬਿਲ ਨੇ ਵੀਡੀਓ ਸੰਦੇਸ਼ ਰਾਹੀਂ ਭਰਦਿਆਂ ਜਲਦੀ ਹੀ ਖੁਸ਼ੀ ਭਰੀ ਖ਼ਬਰ ਨੂੰ ਹਕੀਕਤ ਵਿੱਚ ਬਦਲਣ ਦੀ ਗੱਲ ਕਹੀ ਹੈ। ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਆਪਣੇ ਸਰਵਹਿਤਕਾਰੀ ਕੰਮਾਂ ਕਰਕੇ ਈਲਿੰਗ ਕੌਂਸਲ ਹੀ ਨਹੀਂ ਬਲਕਿ ਸਮੁੱਚੇ ਦੇਸ਼ ਵਿੱਚ ਮਾਣਮੱਤਾ ਸਥਾਨ ਰੱਖਦਾ ਹੈ। ਲੰਡਨ ਦੇ ਮੇਅਰ ਸਾਦਿਕ ਖਾਨ ਵੱਲੋਂ ਜਨਤਕ ਥਾਵਾਂ ਦੇ ਨਾਮ ਆਦਿ ਬਦਲਣ ਸੰਬੰਧੀ ਕਾਰਵਾਈ ਨੂੰ ਅਮਲ ‘ਚ ਲਿਆਉਣ ਵੇਲੇ ਹੈਵਲੌਕ ਰੋਡ ਦਾ ਨਾਂ ਬਦਲਣ ਦੀ ਤਜਵੀਜ਼ ਨੂੰ ਵੀ ਹਰੀ ਝੰਡੀ ਦਿੱਤੀ ਹੈ। ਉਹਨਾਂ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ ਪ੍ਰਕਾਸ਼ ਦਿਹਾੜੇ ਨੂਮ ਸਮਰਪਿਤ ਮੁਹਿੰਮ ਵਜੋਂ ਇਹ ਕਾਰਜ ਸਿੱਖ ਭਾਈਚਾਰੇ ਨੂੰ ਤੋਹਫ਼ਾ ਹੋਵੇਗਾ। ਜਿਕਰਯੋਗ ਹੈ ਕਿ ਜੂਲੀਅਨ ਬਿਲ ਦਾ ਵੀਡੀਓ ਸੰਦੇਸ਼ ਜਨਤਕ ਹੋਣ ਦੀ ਦੇਰ ਹੀ ਸੀ ਕਿ ਹਰ ਇੱਕ ਦੇ ਹੱਥਾਂ ‘ਚ ਫੜ੍ਹੇ ਮੋਬਾਈਲ ਫੋਨਾਂ ਤੱਕ ਪਹੁੰਚ ਗਿਆ। ਸਿੱਖ ਭਾਈਚਾਰੇ ਦੇ ਲੋਕ ਇਸ ਐਲਾਨ ਨੂੰ ਇੱਕ ਦੂਜੇ ਨਾਲ ਸਾਂਝਾ ਕਰਕੇ ਖੁਸ਼ੀ ਮਨਾ ਰਹੇ ਹਨ ਤੇ ਹੋਰਨਾਂ ਧਰਮਾਂ ਫਿਰਕਿਆਂ ਦੇ ਲੋਕ ਉਹਨਾਂ ਨੂੰ ਵਧਾਈਆਂ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਹੈਵਲੌਕ ਰੋਡ ਦਾ ਨਾਮ ਗੁਰੂ ਨਾਨਕ ਦੇਵ ਜੀ ਦੇ ਨਾਮ ‘ਤੇ ਰੱਖਣ ਦੀ ਸਭ ਤੋਂ ਪਹਿਲਾਂ ਤਜਵੀਜ਼ ਪੇਸ਼ ਕਰਨ ਦਾ ਸਿਹਰਾ ਸਾਬਕਾ ਮੇਅਰ ਤੇ ਮੌਜੂਦਾ ਕੌਂਸਲਰ ਰਾਜਿੰਦਰ ਮਾਨ ਨੂੰ ਜਾਂਦਾ ਹੈ ਜਿਹਨਾਂ ਨੇ ਇਸ ਮਸਲੇ ਨੂੰ ਆਪਣੇ ਸਾਥੀਆਂ ਦੇ ਧਿਆਨ ‘ਚ ਲਿਆਂਦਾ ਸੀ। ਈਲਿੰਗ ਸਾਊਥਾਲ ਦੇ ਮੈਂਬਰ ਪਾਰਲੀਮੈਂਟ ਵੀਰੇਂਦਰ ਸ਼ਰਮਾ, ਐੱਮ ਪੀ ਤਨਮਨਜੀਤ ਸਿੰਘ ਢੇਸੀ, ਗੁਰਦੁਆਰਾ ਸਿੰਘ ਸਭਾ ਦੇ ਪ੍ਰਧਾਨ ਗੁਰਮੇਲ ਸਿੰਘ, ਗ੍ਰੇਟਰ ਲੰਡਨ ਅਸੰਬਲੀ ਮੈਂਬਰ ਡਾ: ਉਂਕਾਰ ਸਹੋਤਾ, ਐੱਮ ਪੀ ਸੀਮਾ ਮਲਹੋਤਰਾ ਸਮੇਤ ਈਲਿੰਗ ਕੌਂਸਲ ਦੇ ਮੇਅਰ, ਸਮੂਹ ਕੌਂਸਲਰਾਂ ਤੇ ਸੰਗਤਾਂ ਵੱਲੋਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!