ਪ੍ਰਸ਼ਾਸਕ ਵੱਲੋਂ ਮਰੀਜ਼ਾਂ ਲਈ ਹਸਪਤਾਲ ਤਿਆਰ ਰੱਖਣ ਦੇ ਆਦੇਸ਼
ਚੰਡੀਗੜ੍ਹ (ਪੰਜ ਦਰਿਆ ਬਿਊਰੋ, ਰਾਜਿੰਦਰ ਭਦੌੜੀਆ)

ਚੰਡੀਗੜ੍ਹ ’ਚ ਬਾਪੂ ਧਾਮ ਕਲੋਨੀ ਤੇ ਸ਼ਹਿਰ ਦੇ ਹੋਰਨਾਂ ਇਲਾਕਿਆਂ ਵਿੱਚ ਪਾਏ ਜਾ ਰਹੇ ਕਰੋਨਾ ਦੇ ਮਰੀਜ਼ਾਂ ਨੂੰ ਵੇਖਦਿਆਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕੋਵਿਡ-19 ਦੀ ਸਮੀਖਿਆ ਬੈਠਕ ਦੌਰਾਨ ਪ੍ਰਮੁੱਖ ਸਕੱਤਰ ਸਿਹਤ ਨੂੰ ਸ਼ਹਿਰ ਵਿੱਚਲੇ ਹਸਪਤਾਲਾਂ ਨੂੰ ਮਰੀਜ਼ਾਂ ਲਈ ਤਿਆਰ ਰੱਖਣ ਦੇ ਆਦੇਸ਼ ਦਿੱਤੇ ਹਨ।
ਚੰਡੀਗੜ੍ਹ ਦੇ ਬਾਰਡਰ ਖੁੱਲ੍ਹਣ ਨਾਲ ਹਜ਼ਾਰਾਂ ਲੋਕ ਆਵਾਜਾਈ ਕਰ ਰਹੇ ਹਨ, ਜਿਸ ਨਾਲ ਸ਼ਹਿਰ ਵਿੱਚ ਕਰੋਨਾ ਫੈਲਾਅ ਦਾ ਖ਼ਦਸ਼ਾ ਜਤਾਇਆ ਜਾ ਰਿਹਾ ਹੈ। ਪ੍ਰਸ਼ਾਸਕ ਨੇ ਕਿਹਾ ਕਿ ਸ਼ਹਿਰ ਵਿੱਚ ਦਾਖਲ ਹੋਣ ਵਾਲੇ ਵਿਅਕਤੀਆਂ ਦੀ ਥਰਮਲ ਸਕਰੀਨਿੰਗ ਯਕੀਨੀ ਕੀਤੀ ਜਾਵੇ ਤਾਂ ਜੋ ਕਰੋਨਾ ਦਾ ਸ਼ੱਕੀ ਮਰੀਜ਼ ਸ਼ਹਿਰ ਵਿੱਚ ਦਾਖਲ ਨਾ ਹੋ ਸਕੇ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਨੇ ਗੁਆਂਢੀ ਸੁੂਬਿਆਂ ਨੂੰ ਆਦੇਸ਼ ਜਾਰੀ ਕਰਦਿਆਂ ਕਿਹਾ ਸੀ ਕਿ ਕਿਸੇ ਵੀ ਮਰੀਜ਼ ਨੂੰ ਚੰਡੀਗੜ੍ਹ ਰੈਫ਼ਰ ਕਰਨ ਤੋਂ ਪਹਿਲਾਂ ਉਸ ਦਾ ਕਰੋਨਾ ਟੈਸਟ ਲਾਜ਼ਮੀ ਕੀਤਾ ਜਾਵੇ। ਨਗਰ ਨਿਗਮ ਕਮਿਸ਼ਨਰ ਕੇ.ਕੇ. ਯਾਦਵ ਨੇ ਕਿਹਾ ਕਿ ਕੰਟੇਨਮੈਂਟ ਜ਼ੋਨ ਵਿੱਚ ਜਾਣ ਵਾਲੇ ਵੈਂਡਰਾਂ ਦੀ ਰੋਜ਼ਾਨਾ ਸਕਰੀਨਿੰਗ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਇਲਾਕੇ ਨੂੰ ਸੈਨੀਟਾਈਜ਼ ਕਰਨ ਲਈ ਦੋ ਨਵੀਂ ਮਸ਼ੀਨਾਂ ਦੀ ਖਰੀਦ ਕੀਤੀ ਜਾ ਰਹੀ ਹੈ।
ਡਿਪਟੀ ਕਮਿਸ਼ਨਰ ਮਨਦੀਪ ਸਿੰਘ ਬਰਾੜ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਸ਼ਹਿਰ ਵਿੱਚ ਦਿੱਤੀ ਢਿੱਲ ਸਬੰਧੀ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਜਿਸ ’ਚ ਮੁੱਖ ਤੌਰ ’ਤੇ ਹਰ ਸ਼ਹਿਰ ਵਾਸੀ ਵੱਲੋਂ ਅਰੋਗਿਆ ਸੇਤੂ ਐਪ ਡਾਉੂਨਲੋਡ ਕਰਨਾ ਲਾਜ਼ਮੀ ਹੈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ’ਚ 3.42 ਲੱਖ ਵਿਅਕਤੀਆਂ ਵੱਲੋ ਅਰੋਗਿਆ ਸੇਤੂ ਐਪ ਡਾਉਨਲੋਡ ਕੀਤੀ ਗਈ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਕਰੋਨਾਵਾਇਰਸ ਕਰਕੇ ਲਗਾਏ ਗਏ ਲੌਕਡਾਊਨ ਦੌਰਾਨ ਦੁਕਾਨਦਾਰਾਂ ਨੂੰ ਹੋਏ ਵਿੱਤੀ ਨੁਕਸਾਨ ਨੂੰ ਵੇਖਦਿਆਂ ਹਫ਼ਤੇ ਦੇ ਸੱਤੋ ਦਿਨ ਦੁਕਾਨਾਂ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਹੈ। ਇਸ ਤੋਂ ਪਹਿਲਾਂ ਪ੍ਰਸ਼ਾਸਨ ਨੇ ਸ਼ਹਿਰ ਦੇ ਬਾਜ਼ਾਰਾਂ ਨੂੰ ਐਤਵਾਰ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਸਨ।ਡਿਪਟੀ ਕਮਿਸ਼ਨਰ ਚੰਡੀਗੜ੍ਹ ਮਨਦੀਪ ਸਿੰਘ ਬਰਾੜ ਨੇ ਚੰਡੀਗੜ੍ਹ ’ਚ ਲਾਗੂ ਪੰਜਾਬ ਸ਼ਾਪਸ ਐਂਡ ਕਮਰਸ਼ੀਅਲ ਇਸਟੇਬਲਿਸ਼ਮੈਂਟ ਐਕਟ 1958 ਦੀ ਧਾਰਾ 58 ਤਹਿਤ ਦਿੱਤੇ ਗਏ ਆਦੇਸ਼ਾਂ ਵਿੱਚ ਕਿਹਾ ਕਿ ਦੁਕਾਨਦਾਰਾਂ ਨੂੰ ਇਸ ਐਕਟ ਦੀ ਸਖ਼ਤੀ ਨਾਲ ਪਾਲਣਾ ਕਰਨੀ ਪਵੇਗੀ। ਦੁਕਾਨ ’ਚ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਹਫ਼ਤੇ ’ਚ ਵਾਰੋ-ਵਾਰੀ ਛੁੱਟੀ ਦੇਣਾ ਅਤੇ ਦੁਕਾਨਾਂ ਨੂੰ ਖੋਲ੍ਹਣ ਦਾ ਸਮਾਂ ਪ੍ਰਸ਼ਾਸਨ ਵੱਲੋਂ ਜਾਰੀ ਕੀਤਾ ਜਾਵੇਗਾ। ਪ੍ਰਸ਼ਾਸਨ ਵੱਲੋਂ ਜਾਰੀ ਆਦੇਸ਼ ਤਿੰਨ ਮਹੀਨੇ ਤੱਕ ਲਾਗੂ ਹੋਣਗੇ।
ਪੰਜਾਬ ਦੇ ਰਾਜਪਾਲ ਅਤੇ ਯੂਟੀ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੇ ਕਰੋਨਾਵਾਇਰਸ ਦੌਰਾਨ ਡਿਊਟੀ ਕਰ ਰਹੇ ਡਾਕਟਰ, ਸਿਹਤ ਕਰਮਚਾਰੀ, ਪੁਲੀਸ, ਨਿਗਮ ਮੁਲਾਜ਼ਮ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਕਾਰਜ ਦੀ ਸ਼ਲਾਘਾ ਕੀਤੀ ਗਈ। ਇਸ ਦੇ ਨਾਲ ਹੀ ਉਨ੍ਹਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਦੂਜੇ ਸੂਬਿਆਂ ਤੋਂ ਆਉਣ ਵਾਲੇ ਲੋਕਾਂ ’ਤੇ ਨਜ਼ਰ ਰੱਖਣ ਲਈ ਕਿਹਾ ਗਿਆ ਤਾਂ ਜੋ ਕਰੋਨਾਵਾਇਰਸ ਦੇ ਫੈਲਾਅ ’ਤੇ ਕਾਬੂ ਪਾਇਆ ਜਾ ਸਕੇ।