ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)

ਦੂਸਰੀ ਸੰਸਾਰ ਜੰਗ ਦੌਰਾਨ ਇਟਲੀ ਵਿੱਚ ਬਰਤਾਨਵੀ ਭਾਰਤੀ ਫੌਜ ਵੱਲੋਂ ਲੜਨ ਵਾਲੇ ਫੌਜੀਆਂ ‘ਤੇ ਅਧਾਰਿਤ “ਇਟਲੀ ਵਿੱਚ ਸਿੱਖ ਫੌਜੀ” ਦੂਸਰਾ ਵਿਸ਼ਵ ਯੁੱਧ ਕਿਤਾਬ ਦਾ ਅੰਗਰੇਜੀ ਅਡੀਸ਼ਨ ਛਪ ਕੇ ਆ ਚੁੱਕਾ ਹੈ। ਇਹ ਜਾਣਕਾਰੀ ਯੂਰਪੀ ਪੰਜਾਬੀ ਯੂਕੇ ਦੇ ਸੰਚਾਲਕ ਮੋਤਾ ਸਿੰਘ ਸਰਾਏ ਨੇ ਦਿੱਤੀ। ਉਹਨਾਂ ਦੱਸਿਆ ਕਿ ਯੂਰਪੀ ਪੰਜਾਬੀ ਸੱਥ ਯੂ ਕੇ, ਪ੍ਰਵਾਸੀ ਸਾਹਿਤ ਅਧਿਐਨ ਕੇਂਦਰ ਗੁੱਜਰਾਂਵਾਲਾ ਗੁਰੂ ਨਾਨਕ ਕਾਲਜ ਲੁਧਿਆਣਾ, ਗੁਰੂ ਗੋਬਿੰਦ ਸਿੰਘ ਜੀ ਗੁਰਦਵਾਰਾ ਸ਼ੈਫਫੀਲਡ ਦੀ ਪ੍ਰਬੰਧਕ ਕਮੇਟੀ ਵੱਲੋਂ ਇਸ ਕਿਤਾਬ ਨੂੰ ਛਾਪਣ ਵਿੱਚ ਖਾਸ ਸਹਿਯੋਗ ਦਿੱਤਾ ਗਿਆ ਹੈ। ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਤਸਰ ਡਾ ਐਸ ਪੀ ਸਿੰਘ ਜੀ ਨੇ ਪ੍ਰਵਾਸੀ ਅਧਿਐਨ ਕੇਂਦਰ ਲੁਧਿਆਣਾ ਵੱਲੋਂ ਬੜੀ ਸੰਜੀਦੀਗੀ ਨਾਲ ਇਸ ਕਿਤਾਬ ਨੂੰ ਪੰਜਾਬੀ ਤੋਂ ਅੰਗਰੇਜੀ ਵਿੱਚ ਛਪਣ ਲਈ ਅਹਿਮ ਭੂਮਿਕਾ ਨਿਭਾਈ ਗਈ ਹੈ। ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ਲੁਧਿਆਣਾ ਦੇ ਅੰਗਰੇਜੀ ਵਿਭਾਗ ਦੇ ਮੁਖੀ ਡਾ ਸੁਸ਼ਮਿੰਦਰਜੀਤ ਕੌਰ ਜੀ ਨੇ ਪੰਜਾਬੀ ਤੋਂ ਅੰਗਰੇਜੀ ਵਿੱਚ ਇਸ ਕਿਤਾਬ ਦਾ ਤਰਜਮਾ ਕੀਤਾ ਹੈ ਅਤੇ ਗੁਰਮੀਤ ਸਿੰਘ ਧੀਮਾਨ (ਨਾਭਾ) ਨੇ ਕਿਤਾਬ ਦੀ ਕੰਪੋਜਿ਼ੰਗ ਕੀਤੀ ਹੈ।
ਅਖੀਰ ਵਿੱਚ ਮੋਤਾ ਸਿੰਘ ਸਰਾਏ ਨੇ ਪੰਜਾਬੀ ਸੱਥ ਯੂਕੇ ਵੱਲੋਂ ਲੇਖਕ ਬਲਵਿੰਦਰ ਸਿੰਘ ਚਾਹਲ ਦੇ ਇਸ ਕੰਮ ਦੀ ਜਿੱਥੇ ਸ਼ਲਾਘਾ ਕੀਤੀ ਉਹਨਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਇਤਿਹਾਸਕ ਕੰਮ ਕੀਤੇ ਜਾਣੇ ਬਹੁਤ ਜਰੂਰੀ ਹਨ। ਇਸਦੇ ਨਾਲ ਉਹਨਾਂ ਨੇ ਯੂਰਪੀ ਪੰਜਾਬੀ ਸੱਥ ਪੰਜਾਬ ਦੇ ਸੈਕਟਰੀ ਡਾ ਨਿਰਮਲ ਸਿੰਘ, ਡਾ ਐਸ ਪੀ ਸਿੰਘ, ਪਰਮਜੀਤ ਸਿੰਘ ਬੈਂਸ, ਸਤਨਾਮ ਸਿੰਘ ਚੋਕਰ, ਗਿਆਨ ਸਿੰਘ ਸੱਲ, ਹਰਿਭਜਨ ਸਿੰਘ ਖਹਿਰਾ, ਜਸਵਿੰਦਰ ਸਿੰਘ ਖਹਿਰਾ, ਗੁਰਭਜਨ ਗਿੱਲ, ਪਿ੍ਰੰਟ ਵੈੱਲ ਪਿ੍ਰਟਿੰਗ ਪ੍ਰੈਸ ਦਾ ਧੰਨਵਾਦ ਕੀਤਾ ਜਿਹਨਾਂ ਨੇ ਇਸ ਕਾਰਜ ਵਿੱਚ ਬਣਦਾ ਯੋਗਦਾਨ ਪਾਇਆ।
ਅਦਾਰਾ “ਪੰਜ ਦਰਿਆ” ਬਲਵਿੰਦਰ ਸਿੰਘ ਚਾਹਲ, ਯੂਰਪੀ ਪੰਜਾਬੀ ਸੱਥ ਅਤੇ ਪੁਸਤਕ ਨਾਲ ਪਿੱਠਵਰਤੀ ਤੌਰ ‘ਤੇ ਜੁੜੇ ਹਰ ਸਖ਼ਸ਼ ਨੂੰ ਵਧਾਈ ਪੇਸ਼ ਕਰਦਾ ਹੈ, ਜਿਹਨਾਂ ਦੀ ਮਿਹਨਤ ਨਾਲ ਇਹ ਸ਼ਾਹਕਾਰ ਪੁਸਤਕ ਅੰਗਰੇਜ਼ੀ ਪਾਠਕਾਂ ਦੇ ਹੱਥਾਂ ਵਿੱਚ ਵੀ ਪਹੁੰਚੇਗੀ।