ਜ਼ਿਲ੍ਹਾ ਲੁਧਿਆਣਾ ਦਾ ਪਿੰਡ ਦੋਲੋਂ ਖੁਰਦ ਅਤੇ ਸਰਕਾਰੀ ਹਾਈ ਸਕੂਲ ਲਲਤੋਂ ਕਲਾਂ ਕਿਸੇ ਵਕਤ ਖੇਡਾਂ ਦੀ ਦੁਨੀਆਂ ਵਿੱਚ ਕਿਸੇ ਵਕਤ ਬਹੁਤ ਚਰਚਿਤ ਰਹੇ ਹਨ । 50ਵੇੰ ਅਤੇ 60ਵੇੰ ਦਹਾਕੇ ਵਿੱਚ ਪਿੰਡ ਦੋਲੋਂ ਖੁਰਦ ਦਾ ਜੰਮਪਲ ਬਾਲ ਕ੍ਰਿਸ਼ਨ ਸਿੰਘ ਲਲਤੋਂ ਕਲਾਂ ਸਕੂਲ ਵਿੱਚੋਂ ਹਾਕੀ ਖੇਡ ਕੇ ਓਲੰਪੀਅਨ ਪੱਧਰ ਦਾ ਖਿਡਾਰੀ ਬਣਿਆ ਬਾਲ ਕ੍ਰਿਸ਼ਨ ਸਿੰਘ ਗਰੇਵਾਲ ਨੇ 2 ਓਲੰਪਿਕਾਂ ਖੇਡੀਆਂ ਅਤੇ ਸੋਨ ਤਗਮਾ ਜਿੱਤਿਆ ਫੇਰ 4 ਓਲੰਪਿਕਾਂ ਵਿੱਚ ਭਾਰਤੀ ਟੀਮ ਦੇ ਕੋਚ ਬਣੇ ਇਸੇ ਤਰ੍ਹਾਂ ਮਿਲਖਾ ਸਿੰਘ ਦਾ ਸਮਕਾਲੀ ਅਥਲੀਟ ਓਲੰਪੀਅਨ ਦਲਜੀਤ ਸਿੰਘ ਗਰੇਵਾਲ ਲਲਤੋਂ ਕਲਾਂ ਸਕੂਲ ਦੀ ਹੀ ਪੈਦਾਇਸ਼ ਹੈ ਜਿਸਨੇ 1962 ਏਸ਼ੀਅਨ ਖੇਡਾਂ ਵਿੱਚ ਭਾਰਤ ਲਈ ਸੋਨ ਤਗਮਾ ਜਿੱਤਿਆ । ਕਿਸੇ ਵਕਤ ਫ਼ਿਲਮ ਅੈਕਟਰ ਧਰਮਿੰਦਰ ਵੀ ਲਲਤੋਂ ਕਲਾਂ ਸਕੂਲ ਵਿੱਚ ਪੜ੍ਹਿਆ ਇਸੇ ਤਰ੍ਹਾਂ ਪਿੰਡ ਦੋਲੋਂ ਦਾ ਹੀ ਜੰਮਪਲ ਬਾਲ ਕ੍ਰਿਸ਼ਨ ਦਾ ਜੂਨੀਅਰ ਅਮਰਜੀਤ ਸਿੰਘ ਗਰੇਵਾਲ ਦੋਲੋਂ ਖੁਰਦ ਵੀ ਲਲਤੋਂ ਸਕੂਲ ਤੋਂ ਪੜ੍ਹ ਕੇ ਅੰਤਰਰਾਸ਼ਟਰੀ ਪੱਧਰ ਦਾ ਹਾਕੀ ਖਿਡਾਰੀ ਬਣਿਆ ਪਰ 1968 ਮੈਕਸੀਕੋ ਓਲੰਪਿਕ ਖੇਡਣਾ ਉਸ ਦੇ ਸੁਭਾਗ ਵਿੱਚ ਨਹੀਂ ਸੀ ।
ਬੀਤੇ ਅਪਰੈਲ ਮਹੀਨੇ ਮੈੰ ਓਲੰਪੀਅਨ ਦਲਜੀਤ ਸਿੰਘ ਗਰੇਵਾਲ ਲਲਤੋਂ ਖੁਰਦ ਵਾਲਿਆਂ ਦੀ ਬਰਸੀ ਦੇ ਸਬੰਧ ਵਿੱਚ ਇੱਕ ਆਰਟੀਕਲ ਲਿਖਿਆ ਤਾਂ ਇੰਗਲੈਂਡ ਤੋਂ ਮੈਨੂੰ ਅਮਰਜੀਤ ਸਿੰਘ ਗਰੇਵਾਲ ਦਾ ਫੋਨ ਆਇਆ ਆਰਟੀਕਲ ਲਿਖਣ ਦੀ ਵਧਾਈ ਦਿੰਦੇ ਹੋਏ ਉਸ ਨੇ ਕਿਹਾ ਕਿ ਮੈਂ ਵੀ ਦਲਜੀਤ ਸਿੰਘ ਗਰੇਵਾਲ ਦਾ ਸਮਕਾਲੀ ਖਿਡਾਰੀ ਹਾਂ ਅਤੇ ਬਾਲ ਕ੍ਰਿਸ਼ਨ ਦਾ ਛੋਟਾ ਭਰਾ ਹਾਂ ਮੈਂ ਲਲਤੋਂ ਕਲਾਂ ਸਕੂਲ ਤੋਂ ਹਾਕੀ ਖੇਡਣੀ ਸ਼ੁਰੂ ਕੀਤੀ ਪਰ ਦਸਵੀਂ ਕਲਾਸ ਮੈਂ ਮੇਰਠ ਜਾ ਕੇ ਪਾਸ ਕੀਤੀ । 2 ਜਨਵਰੀ 1940 ਨੂੰ ਜਨਮੇ ਅਮਰਜੀਤ ਸਿੰਘ ਗਰੇਵਾਲ ਦੀ ਜ਼ਿੰਦਗੀ ਸੰਘਰਸ਼ ਅਤੇ ਮੰਜ਼ਿਲਾਂ ਸਰ ਕਰਨ ਵਾਲੀ ਸੀ ਪਰ ਕਈ ਵਾਰ ਕੁਝ ਮਜਬੂਰੀਆਂ ਇਨਸਾਨ ਦੇ ਮਿੱਥੇ ਟੀਚੇ ਨੂੰ ਅਧੂਰਾ ਕਰ ਦਿੰਦੀਆਂ ਹਨ । ਅਮਰਜੀਤ ਸਿੰਘ ਗਰੇਵਾਲ ਨੇ ਮੇਰਠ ਤੋਂ ਦਸਵੀਂ ਪਾਸ ਕਰਨ ਉਪਰੰਤ ਐਂਗਲੋ ਸੰਸਕ੍ਰਿਤ ਕਾਲਜ ਮੇਰਠ ਵਿੱਚ ਉਚੇਰੀ ਸਿੱਖਿਆ ਦੇ ਪੜ੍ਹਾਈ ਲਈ ਦਾਖਲਾ ਲਿਆ ਜਿੱਥੇ ਉਸ ਨੂੰ ਯੂਨਾਈਟਿਡ ਬ੍ਰਦਰਜ਼ ਵੱਲੋਂ ਓਲੰਪੀਅਨ ਬਲਬੀਰ ਸਿੰਘ ਰੇਲਵੇ , ਓਲੰਪੀਅਨ ਗੁਰਬਖਸ਼ ਸਿੰਘ ਅਤੇ 1952 ਹੈਲਸਿੰਕੀ ਓਲੰਪਿਕ ਦੇ ਕਪਤਾਨ ਕਪਤਾਨ ਕੇਡੀ ਸਿੰਘ ਬਾਬੂ ਨਾਲ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ । 1960 ਵਿੱਚ ਉਨ੍ਹਾਂ ਨੇ ਸਿੱਖ ਰੈਜੀਮੈਂਟ ਜੁਅਾਇਨ ਕੀਤੀ ਜਿੱਥੇ ਉਨ੍ਹਾਂ ਦੀ ਖੇਡ ਦੇ ਵਿੱਚ ਨਿਖਾਰ ਆਇਆ। 1964 ਵਿੱਚ ਉਹ ਸਰਵਿਸਸ ਦੀ ਟੀਮ ਲਈ ਸਿਲੈਕਟ ਹੋਏ ਨੈਸ਼ਨਲ ਹਾਕੀ ਚੈਂਪੀਅਨਸ਼ਿਪ ਖੇਡਣ ਤੋਂ ਬਾਅਦ ਉਨ੍ਹਾਂ ਦੀ ਚੋਣ ਭਾਰਤੀ ਹਾਕੀ ਟੀਮ ਲਈ ਹੋਈ ਉਸੇ ਸਾਲ ਜਪਾਨ ਦੀ ਕੌਮੀ ਟੀਮ ਵਿਰੁੱਧ ਉਨ੍ਹਾਂ ਨੂੰ ਤਿੰਨ ਚਾਰ ਟੈਸਟ ਮੈਚ ਖੇਡਣ ਦਾ ਮੌਕਾ ਮਿਲਿਆ ਜਿੱਥੇ ਉਨ੍ਹਾਂ ਦਾ ਹਾਕੀ ਹੁਨਰ ਅੰਤਰਰਾਸ਼ਟਰੀ ਪੱਧਰ ਤੇ ਚਮਕਿਆ ਫੇਰ ਭਾਰਤੀ ਟੀਮ ਦੀ ਨੁਮਾਇੰਦਗੀ ਕਰਦਿਆਂ ਉਨ੍ਹਾਂ ਜਰਮਨ ਹਾਲੈਂਡ ਬੈਲਜੀਅਮ ਇੰਗਲੈਂਡ ਆਦਿ ਯੂਰਪ ਦੇ ਦੌਰੇ ਦੌਰਾਨ ਭਾਰਤੀ ਟੀਮ ਦੀ ਪ੍ਰਤੀਨਿਧਤਾ ਕੀਤੀ । 1967 ਵਿੱਚ ਉਨ੍ਹਾਂ ਨੇ ਸਪੇਨ ਦੇ ਸ਼ਹਿਰ ਮੈਡ੍ਰਿਡ ਵਿਖੇ 8 ਮੁਲਕਾਂ ਦੇ ਹੋਏ ਅੰਤਰਰਾਸ਼ਟਰੀ ਟੂਰਨਾਮੈਂਟ ਵਿੱਚ ਭਾਰਤੀ ਟੀਮ ਵੱਲੋਂ ਖੇਡਦਿਆਂ ਸੋਨ ਤਗਮਾ ਜਿੱਤਿਆ ਉਨ੍ਹਾਂ ਨੂੰ 1964 ਓਲੰਪਿਕ ਖੇਡਾਂ ਦੇ ਕਪਤਾਨ ਚਰਨਜੀਤ ਸਿੰਘ, ਓਲੰਪੀਅਨ ਪਿ੍ਰਥੀਪਾਲ ਸਿੰਘ ,ਓਲੰਪੀਅਨ ਬਲਬੀਰ ਸਿੰਘ ,ਓਲੰਪੀਅਨ ਗੁਰਦੇਵ ਸਿੰਘ ਆਦਿ ਹੋਰ ਨਾਮੀ ਖਿਡਾਰੀਆਂ ਨਾਲ ਖੇਡਣ ਦਾ ਸੁਭਾਗ ਪ੍ਰਾਪਤ ਹੋਇਆ ।
ਅਮਰਜੀਤ ਸਿੰਘ ਗਰੇਵਾਲ ਮੈਕਸੀਕੋ ਓਲੰਪਿਕ ਤੋਂ ਪਹਿਲਾਂ ਆਰਮੀ ਨੂੰ ਛੱਡਣਾ ਚਾਹੁੰਦੇ ਸਨ ਪਰ ਆਰਮੀ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਨਹੀਂ ਕਰ ਰਹੀ ਸੀ ਇਸ ਕਰਕੇ ਜਦੋਂ ਮੈਕਸੀਕੋ ਓਲੰਪਿਕ ਤੋਂ ਪਹਿਲਾਂ ਭਾਰਤੀ ਟੀਮ ਯੂਰਪ ਦੌਰੇ ਤੇ ਗਈ ਤਾਂ ਉਹ ਜ਼ਿੰਦਗੀ ਦੇ ਚੰਗੇ ਭਵਿੱਖ ਲਈ ਇੰਗਲੈਂਡ ਦੇ ਵਿੱਚ ਦੜ ਗਏ ਜੋ ਆਮ ਹੀ ਸਾਡੀ ਪੰਜਾਬੀਆਂ ਦੀ ਫਿਤਰਤ ਹੈ ਕਿ ਸਾਨੂੰ ਆਪਣੇ ਮੁਲਕ ਨਾਲੋਂ ਬਿਹਤਰ ਜ਼ਿੰਦਗੀ ਦੂਸਰੇ ਮੁਲਕਾਂ ਵਿੱਚ ਵਧੀਆ ਲੱਗਦੀ ਹੈ ਇਕੱਲਾ ਅਮਰਜੀਤ ਗਰੇਵਾਲ ਹੀ ਨਹੀਂ ਅਨੇਕਾਂ ਖਿਡਾਰੀਆਂ ਨੇ ਆਪਣੇ ਖੇਡ ਕੈਰੀਅਰ ਨੂੰ ਤਿਲਾਂਜਲੀ ਦੇ ਕੇ ਬਾਹਰਲੇ ਮੁਲਕਾਂ ਵਿੱਚ ਸੈੱਟ ਹੋਏ ਹਨ ਅਮਰਜੀਤ ਗਰੇਵਾਲ ਨੇ ਭਾਵੇਂ ਆਪਣਾ ਅਤੇ ਆਪਣੇ ਪਰਿਵਾਰ ਦਾ ਭਵਿੱਖ ਇੰਗਲੈਂਡ ਵਿੱਚ ਰਹਿ ਕੇ ਸੰਵਾਰ ਲਿਆ ਪਰ ਉਸ ਦਾ ਖੇਡ ਹੁਨਰ ਪੂਰੇ ਜ਼ੋਰਾਂ ਤੇ ਸੀ ਪਰ ਉਸ ਵਕਤ ਉਸ ਨੇ ਆਪਣੇ ਖੇਡ ਹੁਨਰ ਦੇ ਦਮ ਤੇ 1968 ਮੈਕਸੀਕੋ ਓਲੰਪਿਕ ਨੂੰ ਖੇਡ ਜਾਣਾ ਸੀ ਪਰ ਬਿਹਤਰ ਜ਼ਿੰਦਗੀ ਦੀ ਲਾਲਸਾ ਅਤੇ ਓਲੰਪੀਅਨ ਬਣਨ ਦੇ ਟੀਚੇ ਵਿੱਚ ਉਹ ਓਲੰਪਿਕ ਖੇਡਣ ਵਿੱਚ ਫੇਲ ਹੋ ਗਏ ਜਿਸ ਦਾ ਪਛਤਾਵਾ ਉਨ੍ਹਾਂ ਨੂੰ ਇੱਕ ਰੋਗ ਦੀ ਤਰ੍ਹਾਂ ਰਹਿੰਦੀ ਉਮਰ ਤੱਕ ਰਹੇਗਾ ਇਹ ਉਨ੍ਹਾਂ ਦੀਆਂ ਗੱਲਾਂ ਤੋਂ ਅਨੁਭਵ ਹੁੰਦਾ ਸੀ ਕਿ ਜ਼ਿੰਦਗੀ ਦੀ ਵੱਡੀ ਗਲਤੀ ਕਰ ਬੈਠੇ ਹਨ ਪਰ ਬੀਤੇ ਵਕਤ ਨੂੰ ਸਿਰਫ ਅਸੀਂ ਇੱਕ ਯਾਦ ਹੀ ਕਰ ਸਕਦੇ ਹਾਂ ਇਸ ਤੋਂ ਵੱਧ ਹੋਰ ਕੁਝ ਨਹੀਂ ਪਰ ਹਾਕੀ ਖੇਡ ਨੇ ਜੋ ਕੁਝ ਉਨ੍ਹਾਂ ਨੂੰ ਦਿੱਤਾ ਅਤੇ ਉਨ੍ਹਾਂ ਨੇ ਪਰਿਵਾਰ ਪਰਿਵਾਰ ਪ੍ਰਤੀ ਜੋ ਵੀ ਆਪਣੇ ਫ਼ਰਜ਼ ਨਿਭਾਏ ਹਨ ਉਸ ਤੋਂ ਉਨ੍ਹਾਂ ਦੀ ਪੂਰੀ ਸੰਤੁਸ਼ਟੀ ਹੈ ਅੱਜ 80ਵਿਆਂ ਨੂੰ ਢੁੱਕਿਆ ਅਮਰਜੀਤ ਸਿੰਘ ਗਰੇਵਾਲ ਇੰਗਲੈਂਡ ਦੇ ਵਿੱਚ ਆਪਣੀ ਜ਼ਿੰਦਗੀ ਦਾ ਆਨੰਦ ਮਾਣ ਰਿਹਾ ਹੈ ਅਤੇ ਆਪਣੇ ਪੁਰਾਣੇ ਯਾਰਾਂ ਦੋਸਤਾਂ ਮਿੱਤਰ ਅਤੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰ ਰਿਹਾ ਹੈ ਜੋ ਕਿਸਮਤ ਵਿੱਚ ਸੀ ਉਹ ਮਿਲ ਗਿਆ ਜੋ ਨਹੀਂ ਮਿਲਣਾ ਸੀ ਉਹ ਰਹਿ ਗਿਆ । ਇਹ ਵਾਧੇ ਘਾਟੇ ਉਤਰਾਅ ਚੜ੍ਹਾਅ ਹਰ ਇਨਸਾਨ ਦੀ ਜ਼ਿੰਦਗੀ ਦਾ ਇੱਕ ਹਿੱਸਾ ਹਨ ਇਨ੍ਹਾਂ ਬਾਰੇ ਬਹੁਤਾ ਨਹੀਂ ਸੋਚਣਾ ਚਾਹੀਦਾ ਪ੍ਰਮਾਤਮਾ ਅਮਰਜੀਤ ਸਿੰਘ ਗਰੇਵਾਲ ਹੋਰਾਂ ਨੂੰ ਲੰਬੀ ਤੇ ਤੰਦਰੁਸਤ ਉਮਰ ਅਤੇ ਪਰਿਵਾਰ ਨੂੰ ਤਰੱਕੀਆਂ ਦੇਵੇ । ਰੱਬ ਰਾਖਾ !
ਜਗਰੂਪ ਸਿੰਘ ਜਰਖੜ
ਖੇਡ ਲੇਖਕ
9814300722