3.5 C
United Kingdom
Sunday, March 8, 2026

More

    ਪੰਜਾਬ ਵਿੱਚੋਂ ਲੰਘਣ ਵਾਲੇ ਮਾਰਗ ਦਾ ਨਾਂ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ‘ਤੇ ਰੱਖਣ ਦੀ ਕੀਤੀ ਮੰਗ

    ਅੰਮ੍ਰਿਤਸਰ ਲਈ ਆਵਾਜ਼ ਬੁਲੰਦ ਕਰਨ ਵਾਲਿਆਂ ਦਾ ਰੋਮ ਰੋਮ ਰਿਣੀ ਰਹਾਂਗਾ

    ਅੰਮ੍ਰਿਤਸਰ,(ਰਾਜਿੰਦਰ ਰਿਖੀ)

    ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਦਿੱਲੀ-ਅੰਮ੍ਰਿਤਸਰ- ਕੱਟੜਾ ਐਕਸਪ੍ਰੈਸ ਵੇਅ ਵਿੱਚ ਅੰਮ੍ਰਿਤਸਰ ਨੂੰ ਦੁਬਾਰਾ ਜੋੜਨ ਲਈ ਕੇਂਦਰੀ ਮੰਤਰੀ ਨਿਤਿਨ ਗਡਕਰੀ ਵੱਲੋਂ ਮਿਲੀ ਹਰੀ ਝੰਡੀ ‘ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਇਸ ਨੂੰ ਦੇਸ਼ -ਵਿਦੇਸ਼ ਵਿੱਚ ਵਸਦੇ ਸਮੂਹ ਪੰਜਾਬੀਆਂ ਦੀ ਜਿੱਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਦੁਬਾਰਾ ਇਸ ਪ੍ਰੋਜੈਕਟ ਨਾਲ ਜੋੜਨ ਲਈ ਜਿੱਥੇ ਉਹ ਕੇਂਦਰ ਸਰਕਾਰ ਦੇ ਤਹਿ ਦਿਲੋਂ ਧੰਨਵਾਦੀ ਹਨ, ਉੱਥੇ ਉਨ੍ਹਾਂ ਦਾ ਰੋਮ ਰੋਮ ਰਿਣੀ ਹੈ ਉਨ੍ਹਾਂ ਜਥੇਬੰਦੀਆਂ, ਐਨਜੀਓਜ਼ ਅਤੇ ਵੱਖ- ਵੱਖ ਰਾਜਸੀ ਪਾਰਟੀਆਂ ਦੇ ਨੁਮਾਇੰਦਿਆਂ ਦਾ, ਜਿਨ੍ਹਾਂ ਨੇ ਅੰਮ੍ਰਿਤਸਰ ਨੂੰ ਉਸ ਦਾ ਹੱਕ ਦਿਵਾਉਣ ਵਿੱਚ ਦਿਨ ਰਾਤ ਇੱਕ ਕੀਤਾ ਸੀ। ਔਜਲਾ ਨੇ ਕਿਹਾ ਕਿ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਵੀਡੀਓ ਕਾਨਫਰੰਸ ਰਾਹੀਂ ਇਹ ਜਾਣਕਾਰੀ ਦਿੱਤੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੇ ਨਿਤਿਨ ਗਡਕਰੀ ਇਹ ਵੀ ਮੰਗ ਕੀਤੀ ਹੈ ਕਿ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੇ ਚਾਰ ਸੌ ਸਾਲਾ ਨੂੰ ਮੁੱਖ ਰੱਖਦਿਆਂ ਅੰਮ੍ਰਿਤਸਰ ਪੰਜਾਬ ਵਿੱਚੋਂ ਲੰਘਣ ਵਾਲੇ ਐਕਸਪ੍ਰੈੱਸ ਵੇਅ ਦਾ ਨਾਂ ਗੁਰੂ ਸਾਹਿਬ ਦੇ ਨਾਂਅ ‘ਤੇ ਰੱਖਿਆ ਜਾਵੇ। ਉਨ੍ਹਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਵੀ ਧੰਨਵਾਦ ਕਰਦਿਆਂ ਕਿਹਾ ਕਿ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਅੰਮ੍ਰਿਤਸਰ ਨੂੰ ਦਿੱਲੀ ਨਾਲ ਜੋੜਨ ਦਾ ਇਹ ਸੁਭਾਗਾ ਸਮਾਂ ਪ੍ਰਾਪਤ ਹੋਇਆ ਹੈ ਕਿਉਂਕਿ ਇਸ ਤੋਂ ਪਹਿਲਾਂ ਸ਼ੇਰ ਸ਼ਾਹ ਸੂਰੀ ਮਾਰਗ ਪੁਰਾਤਨ ਸਮਿਆਂ ਦਾ ਸੀ ਅਤੇ ਅਜੋਕੇ ਯੁੱਗ ਵਿੱਚ ਆਧੁਨਿਕ ਲੋੜਾਂ ਨੂੰ ਮੱਦੇਨਜ਼ਰ ਰੱਖਦਿਆਂ ਇਹ ਐਕਸਪ੍ਰੈੱਸ ਦੇ ਪੰਜਾਬ ਤੇ ਖਾਸਕਰ ਅੰਮ੍ਰਿਤਸਰ ਦੀ ਖੁਸ਼ਹਾਲੀ ਦੇ ਰਸਤੇ ਖੋਲ੍ਹੇਗਾ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵਪਾਰ , ਉਦਯੋਗ ਤੇ ਖੇਤੀਬਾੜੀ ਦੇ ਪੱਖੋਂ ਇਹ ਐਕਸਪ੍ਰੈੱਸ ਹਾਈਵੇ ਸੰਜੀਵਨੀ ਦਾ ਕੰਮ ਕਰੇਗਾ। ਜ਼ਿਕਰਯੋਗ ਹੈ ਕਿ 35 ਹਜ਼ਾਰ ਕਰੋੜ ਦੀ ਲਾਗਤ ਵਾਲੇ ਇਸ ਐਕਸਪ੍ਰੈੱਸ ਹਾਈਵੇ ਵਿੱਚੋਂ ਅੰਮ੍ਰਿਤਸਰ ਨੂੰ ਪਹਿਲਾਂ ਬਾਹਰ ਕੱਢ ਦਿੱਤਾ ਸੀ ਅਤੇ ਇਸ ਤੋਂ ਬਾਅਦ ਪੰਜਾਬ ਖਾਸਕਰ ਅੰਮ੍ਰਿਤਸਰ ਵਾਸੀਆਂ ਨੇ ਗੁਰਜੀਤ ਸਿੰਘ ਔਜਲਾ ਦੇ ਸੱਦੇ ‘ਤੇ ਆਪਣੀ ਆਵਾਜ਼ ਕੇਂਦਰ ਸਰਕਾਰ ਤੱਕ ਪਹੁੰਚਾਈ । ਜਿਸ ਤੋਂ ਬਾਅਦ ਕੇਂਦਰ ਸਰਕਾਰ ਨੇ ਇਸ ਫੈਸਲੇ ‘ਤੇ ਮੁੜ ਨਜ਼ਰਸਾਨੀ ਕਰਨ ਦਾ ਭਰੋਸਾ ਦਿਵਾਇਆ ਸੀ ਅਤੇ ਅੱਜ ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਬਕਾਇਦਾ ਅੰਮ੍ਰਿਤਸਰ ਨੂੰ ਸ਼ਾਮਿਲ ਕਰਨ ਲਈ ਹਰੀ ਝੰਡੀ ਦੇ ਦਿੱਤੀ ਹੈ ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!