ਅੰਮ੍ਰਿਤਸਰ,(ਰਾਜਿੰਦਰ ਰਿਖੀ)
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੈਂਕੜੇ ਵਰਕਰਾਂ ਵਲੋਂ ਸ਼ਰਾਬ ਮਾਫੀਆ ਵੱਲੋਂ ਕੀਤੀ ਜਾਂਦੀ ਗੁੰਡਾਗਰਦੀ ਖਿਲਾਫ ਅੱਜ ਡੀ ਐਸ ਪੀ ਦਫਤਰ ਜੰਡਿਆਲਾ ਗੁਰੂ ਸਾਹਮਣੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਸਾਥੀ ਗੁਰਮੇਜ ਸਿੰਘ ਤਿਮੋਵਾਲ ਨੇ ਜਾਰੀ ਪ੍ਰੈਸ ਬਿਆਨ ਅਨੁਸਾਰ ਸਰਵ ਸਾਥੀ ਅਮਰੀਕ ਸਿੰਘ ਦਾਊਦ ਗੁਰਨਾਮ ਸਿੰਘ ਭਿੰਡਰ ਨਿਰਮਲ ਸਿੰਘ ਛੱਜਲਵੱਡੀ ਆਦਿ ਆਗੂਆਂ ਦੀ ਅਗਵਾਈ ਹੇਠ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਬੀਤੇ ਕੱਲ ਪਿੰਡ ਦਾਊਦ ਵਿੱਚ ਸ਼ਰਾਬ ਮਾਫੀਏ ਦੇ ਗੁੰਡਿਆਂ ਵੱਲੋਂ ਬਿਨਾਂ ਪੁਲਿਸ ਦੇ ਛਾਪੇਮਾਰੀ ਕੀਤੀ ਅਤੇ ਲੋਕਾਂ ਨੂੰ ਜਲੀਲ ਕੀਤਾ ਗਿਆ ਪਰ ਥਾਣਾ ਮਹਿਤਾ ਦੇ ਮੁੱਖ ਅਫ਼ਸਰ ਵਲੋਂ ਗੁੰਡਾਗਰਦੀ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੀ ਬਜਾਏ ਪਿੰਡ ਦੇ ਮੌਜੂਦਾ ਸਰਪੰਚ ਨਰਿੰਦਰ ਸਿੰਘ ਨਾਲ ਬਦਸਲੂਕੀ ਕੀਤੀ ਅਤੇ ਇੱਕ ਪੰਚ ਅਤੇ ਉਸਦੇ ਪਿਤਾ ਨੂੰ ਬੁੱਟਰ ਚੌਂਕੀ ਲੈ ਗਏ ਅਤੇ ਪਾਰਟੀ ਕਾਰਕੁੰਨਾਂ ਵੱਲੋਂ ਰਾਤ ਹੀ ਚੌਂਕੀ ਦਾ ਘਿਰਾਓ ਕਰਕੇ ਫੜੇ ਗਏ ਵਿਅਕਤੀਆਂ ਨੂੰ ਛੁਡਵਾਇਆ। ਅੱਜ ਡੀ ਐਸ ਪੀ ਸਾਹਿਬ ਦੀ ਹਾਜ਼ਰੀ ਵਿੱਚ ਥਾਣਾ ਮੁਖੀ ਮਹਿਤਾ ਨੇ ਸਰਪੰਚ ਨਾਲ ਵਾਪਰੀ ਘਟਨਾ ਲਈ ਅਫਸੋਸ ਜਾਹਿਰ ਕੀਤਾ। ਡੀ ਐਸ ਪੀ ਸ੍ਰ ਮਨਜੀਤ ਸਿੰਘ ਦੇ ਇਹ ਵਿਸ਼ਵਾਸ ਦਿਵਾਇਆ ਕਿ ਅੱਗੇ ਤੋਂ ਪੁਲਿਸ ਤੋਂ ਇਲਾਵਾ ਕੋਈ ਵੀ ਹੋਰ ਵਿਅਕਤੀ ਲੋਕਾਂ ਦੇ ਘਰਾਂ ਵਿੱਚ ਤਲਾਸ਼ੀ ਲੈਣ ਲਈ ਨਹੀਂ ਜਾਵੇਗਾ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ ਉਪਰੰਤ ਰੋਸ ਧਰਨਾ ਸਮਾਪਤ ਕਰ ਦਿੱਤਾ।