ਅਮਨਦੀਪ ਕੌਰ ਜਲੰਧਰੀ
88720-40085
ਕਿਉਂ ਮਿੱਟੀ ਹੋ ਕੇ, ਮਿੱਟੀ ਨੂੰ ਤੂੰ ਪਿਆ ਏ ਰੌਂਦੈ?
ਕਿਉਂ ਬਣੀ ਬੈਠਾ ਏ ਤੂੰ, ਕਬਰਸਤਾਨ ਦੀ ਮਿੱਟੀ?
ਕਿਉਂ ਖ਼ਾਕ ਮਿੱਟੀ ਨੂੰ ਤੂੰ, ਢੋਈ ਫਿਰਦੈ?
ਜੋ ਬਣ ਨਾ ਸਕੇ, ਕਿਸੇ ਵੀ ਮਕਾਨ ਦੀ ਮਿੱਟੀ |
ਮਿੱਟੀ ਨੇ ਤਾਂ ਮਿੱਟੀ ਹੀ ਰਹਿਣਾ ਇਥੇ,
ਚਾਹੇ ਹੋਵੇ ਭਾਰਤ ਜਾਂ ਪਾਕਿਸਤਾਨ ਦੀ ਮਿੱਟੀ |
ਆਪਣੇ ਅਸਲ ਮੂਲ ਨੂੰ ਤੂੰ ਪਛਾਣਦਾ ਕਿਉਂ ਨਹੀਂ?
ਕੀ ਹੈ ਇਹ ਕਿਸੇ ਸ਼ੈਤਾਨ ਜਾਂ ਹੈਵਾਨ ਦੀ ਮਿੱਟੀ?
ਅਣਗਿਣਤ ਮਿੱਟੀ ਦੀਆਂ ਮੂਰਤਾਂ ਬੁੱਤਘਾੜੇ ਘੜੀਆਂ,
ਕੋਈ ਹੁੰਦੀ ਲਾਭ ਦੀ, ਕੋਈ ਹਾਨ ਦੀ ਮਿੱਟੀ |
ਮਿੱਟੀ ਪਈ ਰੋਵੇ, ਜਦ ਮਿੱਟੀ ਤੁਰ ਜਾਵੇ,
ਕਿਉਂ ਸੋਚੇ ਨਾ ਇਹ ਹੈ,ਇੱਕ ਮਹਿਮਾਨ ਦੀ ਮਿੱਟੀ?
ਜੋ ਜਿੰਨੀ ਹੀ ਪਿਸਦੀ, ਓਨੀ ਹੀ ਹੈ ਹੰਢਦੀ,
ਤੱਪ ਕੇ ਹੀ ਬਣਦੀ, ਕਿਸੇ ਮਹਾਨ ਦੀ ਮਿੱਟੀ |
ਜਦ ‘ਜਲੰਧਰੀ ‘ ਮਿੱਟੀ ਦਾ ਤੂੰ ਭੇਦ ਸਮਝ ਲਿਆ,
ਨੇਕੀਆਂ ਕਰ ਖੱਟ ਲਵੇਂਗੀ, ਸਨਮਾਨ ਦੀ ਮਿੱਟੀ |