ਗੁਹਾਟੀ (ਪੰਜ ਦਰਿਆ ਬਿਊਰੋ)
ਆਸਾਮ ‘ਚ ਦਰਦਨਾਕ ਹਾਦਸਾ ਹੋਇਆ ਹੈ। ਲਗਾਤਾਰ ਬਾਰਸ਼ ਹੋਣ ਕਾਰਨ ਆਸਾਮ ਦੇ ਤਿੰਨ ਇਲਾਕਿਆਂ ‘ਚ ਜ਼ਮੀਨ ਖਿੱਸਕਣ ਨਾਲ 20 ਲੋਕਾਂ ਦੀ ਮੌਤ ਹੋ ਗਈ ਹੈ। ਮਰਨ ਵਾਲਿਆਂ ‘ਚ ਔਰਤਾਂ, ਬੱਚੇ ਅਤੇ ਬਜ਼ੁਰਗ ਵੀ ਸ਼ਾਮਲ ਹਨ। ਇਹ ਹਾਦਸੇ ਦੱਖਣੀ ਆਸਾਮ ਦੇ ਤਿੰਨ ਜ਼ਿਲ੍ਹਿਆਂ ਕਛਾਰ, ਹੈਲਾਕਾਂਡੀ ਅਤੇ ਕਰੀਮਗੰਜ ‘ਚ ਹੋਏ। ਇਨ੍ਹਾਂ ਹਾਦਸਿਆਂ ‘ਚ ਗੰਭੀਰ ਰੂਪ ਨਾਲ ਜ਼ਖਮੀ ਹੋਏ 9 ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਸ ਦਰਦਨਾਕ ਹਾਦਸੇ ‘ਚ ਕਈ ਲੋਕ ਅਜਿਹੇ ਹਨ, ਜੋ ਇਕ ਹੀ ਪਰਿਵਾਰ ਦੇ ਹਨ। ਮੰਗਲਵਾਰ ਤੜਕੇ ਜਦੋਂ ਆਪਣੇ ਘਰਾਂ ‘ਚ ਸੌਂ ਰਹੇ ਸਨ, ਉਸੇ ਸਮੇਂ ਇਸ ਕੁਦਰਤੀ ਆਫਤ ਨੇ ਝੰਜੋੜ ਕੇ ਉਨ੍ਹਾਂ ਨੂੰ ਰੱਖ ਦਿੱਤਾ। ਜ਼ਮੀਨ ਖਿੱਸਕਣ ਕਾਰਨ ਉਹ ਦੌੜ ਵੀ ਨਹੀਂ ਸਕੇ। ਲੋਕਾਂ ਦੇ ਪੂਰੇ ਘਰ ਤਬਾਹ ਹੋ ਗਏ ਅਤੇ ਪੂਰਾ ਪਰਿਵਾਰ ਮੌਕੇ ‘ਤੇ ਹੀ ਖਤਮ ਹੋ ਗਿਆ।