?ਮਾਂ ਬੋਲੀ ਨੂੰ ਚਰਨ ਬੰਦਨਾ ਹੈ ਇਹ ਗੀਤ- ਲੱਖੀ ਭਵਾਨੀਗੜ੍ਹੀਆ
?ਖੂਬਸੂਰਤ ਰਚਨਾ ਊੜਾ ਐੜਾ, ਈੜੀ ਨਾਲ ਪੇਸ਼ ਹੋਇਆ ਨਿਰਮਲ ਸਿੱਧੂ
ਡਾ. ਸੁਰਜੀਤ ਸਿੰਘ ਭਦੌੜ
ਨਿਰਮਲ ਸਿੱਧੂ ਪੰਜਾਬੀ ਗਾਇਕੀ ਦੇ ਅਹਿਮ ਮੁਕਾਮ ‘ਤੇ ਬੈਠਾ ਹੈ । ਪੰਜਾਬੀ ਸਾਹਿਤਕ ਅਤੇ ਸੱਭਿਆਚਾਰਕ ਗਾਣਿਆਂ ਦੀ ਪੇਸ਼ਕਾਰੀ ਉਹਦੀ ਰੂਹ ਦੀ ਖੁਰਾਕ ਹੈ । ਕਈ ਵਰੇਂ ਪਹਿਲਾਂ ਦੂਰਦਰਸ਼ਨ ਤੇ ਗਾਇਆ ਉਸਦਾ ਗਾਣਾ ਦਿਲ ਦਾ ਖਿਡੌਣਾ ਨਾਲ ਲੈ ਜਾ ਕਦੇ ਕਦੇ ਖੇਡ ਲਿਆ ਕਰੀਂ ਅੱਜ ਵੀ ਉਹਦੇ ਸਰੋਤਿਆਂ ਦੇ ਦਿਲਾਂ ਚ ਜਿੰਦਾ ਹੈ । ਸਕੂਲਾਂ ਕਾਲਜਾਂ ਦੀਆਂ ਸਟੇਜਾਂ ਤੋਂ ਬਾਅਦ ਨਿਰਮਲ ਪਿਛਲੇ ਦੋ ਦਹਾਕਿਆਂ ਤੋ ਸੱਭਿਆਚਾਰਕ ਗਾਇਕੀ ਵਿੱਚ ਨਿਰੰਤਰ ਮਕਬੂਲ ਹੈ । ਗੀਤਾਂ ਦੇ ਸਮੂਹ ਨੂੰ ਕੈਸਿਟਾਂ ਵਿੱਚ ਭਰਕੇ ਆਉਣ ਵਾਲੇ ਜਮਾਨੇ ਚ ਆਪਣੀ ਪਹਿਲੀ ਕੈਸਿਟ ਤੇਰੇ ਦਰਸ਼ਨ ਕਰਕੇ ਨਾਲ ਨਿਰਮਲ 6 ਕੈਸਿਟਾਂ ਸਰੋਤਿਆਂ ਦੀ ਝੋਲੀ ਪਾ ਚੁੱਕਿਆ ਹੈ । ਨਿਰਮਲ ਵੋਕਲ ਅਤੇ ਇੰਸਟਰੂਮੈਂਟਲ ਸੰਗੀਤ ਵਿੱਚ ਪੋਸਟ ਗ੍ਰੈਜੂਏਟ ਹੈ । ਇਸ ਲਈ ਸਮੇਂ ਸਮੇਂ ਤੇ ਉਹ ਚਲੰਤ ਵਿਸ਼ਿਆਂ ਦੇ ਗਾਣਿਆਂ ਦੀ ਪੇਸ਼ਕਾਰੀ ਕਰਦਾ ਪੰਜਾਬ ਦੇ ਅਨਮੋਲ ਵਿਰਸੇ ਨੂੰ ਸੰਭਾਲਣ ਦਾ ਹੋਕਾ ਦਿੰਦਾ ਰਹਿੰਦਾ ਹੈ,। ਇਸ ਲਈ ਉਹਦੇ ਗਾਏ ਗੀਤ ਸਾਭ ਲੋ ਪੰਜਾਬੀਓ ਜੇ ਸਾਂਭ ਸਕਦੇ, ਸਾਡਾ ਵਿਰਸਾ ਵਿਸਰ ਨਾ ਜਾਵੇ ਦੇ ਜਿਕਰ ਬਿਨਾਂ ਵੀ ਨਿਰਮਲ ਸਿੱਧੂ ਦੀ ਜਾਣ ਪਹਿਚਾਣ ਅਧੂਰੀ ਹੋ ਜਾਂਦੀ ਹੈ । ਅਨੇਕਾਂ ਸੱਭਿਆਚਾਰਕ ਗੀਤਾਂ ਦਾ ਰਚੇਤਾ ਅਤੇ ਗਾਇਕ ਨਿਰਮਲ ਸਿੱਧੂ ਹੁਣ ਬਹੁਤ ਖੂਬਸੂਰਤ ਰਚਨਾ ਊੜਾ ਐੜਾ, ਈੜੀ ਨਾਲ ਚਰਚਿਤ ਹੈ। ਇਸ ਗੀਤ ਨੂੰ ਕਲਮਬੱਧ ਕੀਤਾ ਹੈ ਨੌਜਵਾਨ ਗੀਤਕਾਰ “ਲੱਖੀ ਭਵਾਨੀਗੜ੍ਹੀਆ” ਨੇ। ਲੱਖੀ ਨੇ ਇਸ ਗੀਤ ਰਾਹੀਂ ਸਾਬਤ ਕਰ ਦਿੱਤਾ ਹੈ ਕਿ ਉਹ ਆਉਣ ਵਾਲੇ ਸਮੇਂ ਵਿੱਚ ਹੋਰ ਸ਼ਾਹਕਾਰ ਗੀਤ ਵੀ ਪੰਜਾਬੀ ਸੰਗੀਤ ਜਗਤ ਦੀ ਝੋਲੀ ਵਿਚ ਜ਼ਰੂਰ ਪਾਵੇਗਾ।
ਕੋਰੋਨਾਂ ਲਾਕਡਾਊਨ ਤੋਂ ਤੁਰੰਤ ਪਹਿਲਾਂ ਰਿਲੀਜ ਕੀਤੇ ਗਏ ਇਸ ਗਾਣੇ ਦੀ ਵੀਡੀਓ ਹੁਣੇ ਕੁਛ ਦਿਨ ਪਹਿਲਾਂ ਜਾਰੀ ਕੀਤੀ ਗਈ ਹੈ । ਸਮੁੱਚਾ ਗਾਣਾ ਨਿਰਮਲ ਦੀ ਵਰਿਆਂ ਤੋਂ ਗਾਈ ਜਾਂਦੀ ਸੱਭਿਆਚਾਰਕ ਗਾਇਕੀ ਦੀ ਪੁਖਤਾ ਗਵਾਹੀ ਭਰਦਾ ਹੈ । ਇਸ ਗੀਤ ਦੀ ਗੱਲ ਕਰਨੀ ਇਸ ਲਈ ਜਰੂਰੀ ਜਾਪਦੀ ਹੈ ਕਿਉਂਕਿ ਇਹ ਗਾਣਾ ਗੁਰਮੁਖੀ ਸ਼ਬਦਾਂ ਦੀ ਵਿਸਤਰਿਤ ਜਾਂਣ ਪਹਿਚਾਣ ਕਰਵਾਉਂਦਿਆਂ ਪੰਜਾਬੀ ਤੋਂ ਦੂਰ ਭੱਜਦੇ ਲੋਕਾਂ ਨੂੰ ਗੁਰਬਾਣੀ ਪੜਣ ਲਈ ਪ੍ਰੇਰਿਤ ਕਰਦਿਆਂ ਮਾਂ ਬੋਲੀ ਅਪਨਾਉਣ ਦਾ ਸੱਦਾ ਦਿੰਦਾ ਹੈ । ਜਿੰਨੀ ਸ਼ਿਦਤ ਨਾਲ ਲੱਖੀ ਭਵਾਨੀਗੜ ਨੇ ਗੀਤ ਦੀ ਰਚਨਾ ਕੀਤੀ ਹੈ, ਉਨੀਂ ਬਾਖੂਬੀ ਨਾਲ ਗਾ ਕੇ ਨਿਰਮਲ ਨੇ ਸਰੋਤਿਆਂ ਦਾ ਮਨ ਜਿੱਤ ਲਿਆ ਹੈ । ਊੜਾ ਐੜਾ ਈੜੀ ਸੱਸਾ ਹਾਹਾ ਪੜ ਲੈ,ਗੁਰੂਆਂ ਦੀ ਬਾਣੀ ਦਾ ਤੂੰ ਲੜ ਫੜ ਲੈ ਸ਼ਬਦਾਂ ਨਾਲ ਪਰੁੰਨਿਆਂ ਗਾਣਾ ਗੁਰਮੁਖੀ ਦੇ ਪੈਤੀਂ ਅੱਖਰਾਂ ਵਿੱਚ ਸਿੱਖ ਇਤਿਹਾਸ ਦੀਆਂ ਲਾਸਾਨੀ ਘਟਨਾਵਾਂ ਦੇ ਜਿਕਰ ਨਾਲ ਵਾਤਾਵਰਣ ਦੀ ਹੋ ਰਹੀ ਭਿਆਨਕ ਤੋੜ ਫੋੜ ਦਾ ਵਰਨਣ ਕਰਦਾ ਹੈ । ਗੁਰਬਾਣੀ ਦੇ ਕੁਦਰਤ ਦੇ ਸਿਧਾਂਤ ਨੂੰ ਤਿਲਾਂਜਲੀ ਦੇ ਰਹੀ ਅੱਜ ਦੀ ਮਨੁੱਖਤਾ ਵੱਲੋਂ ਵਾਤਾਵਰਣ ਦੀ ਬਰਬਾਦੀ ਦੇ ਕਾਰਣ ਸਮੁੱਚੀ ਲੋਕਾਈ ਦਾ ਵਰਨਣ ਗੀਤ ਰਾਹੀ ਕਰਦਿਆਂ ਗੀਤਕਾਰ ਅਤੇ ਗਾਇਕ ਜੋੜੀ ਨੇ ਬਹੁਤ ਹੀ ਭਾਵਪੂਰਤ ਤਰੀਕੇ ਨਾਲ ਉਸਾਰੂ ਸੰਦੇਸ ਦੇਣ ਦੀ ਕੋਸ਼ਿਸ ਕੀਤੀ ਹੈ ।
ਗੁਰਮੁਖੀ ਦੇ ਅਖਰਾਂ ਰਾਹੀਂ ਹਥਿਆਰਾਂ ਨੂੰ ਉਤਸਾਹਤ ਕਰਨ ਵਾਲੇ ਗੀਤਾਂ ਨੂੰ ਨਿਰਉਤਸਾਹਤ ਕਰਦਿਆਂ ਧਰਤੀ ਤੇ ਪਾਣੀ ਨੂੰ ਬਚਾਉਣ ਦਾ ਸੱਦਾ ਦਿੰਦਿਆਂ ਨਸ਼ਿਆਂ ਤੋਂ ਮੁਕਤ ਤੰਦਰੁਸਤ ਸਮਾਜ ਦੀ ਉਸਾਰੀ ਦਾ ਸੱਦਾ ਦਿਤਾ ਹੈ । ਇੱਕ ਸਥਾਪਤ ਗਾਇਕ ਵੱਲੋਂ ਕੀਤੀ ਗਈ ਇਸ ਸਮਾਜਿਕ ਕੋਸ਼ਿਸ ਲਈ ਗੀਤਕਾਰ ਅਤੇ ਗਾਇਕ ਨੂੰ ਧੰਨਵਾਦ ਦੇਣਾ ਬਣਦਾ ਹੈ ।