
ਗ੍ਰੰਥੀ ਸਿੰਘ, ਕੀਰਤਨੀਏ, ਪਾਠੀ ਤੇ ਪ੍ਰਚਾਰਕ ਕੌਮ ਦਾ ਅਹਿਮ ਅੰਗ – ਸੰਤ ਬਾਬਾ ਅਮੀਰ ਸਿੰਘ
ਲੁਧਿਆਣਾ 27 ਮਈ ( ਖਾਲਸਾ ) ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਵਿੱਚ ਆਪਣਾ ਅਹਿਮ ਯੋਗਦਾਨ ਪਾਉਂਣ ਵਾਲੇ ਗ੍ਰੰਥੀ ਸਿੰਘਾਂ, ਕੀਰਤਨੀਆਂ, ਕਥਾਵਾਚਕਾਂ, ਪਾਠੀਆਂ ਤੇ ਪ੍ਰਚਾਰਕਾਂ ਦਾ ਇਸ ਬਿਪਤਾ ਭਰੇ ਸਮੇਂ ਅੰਦਰ ਵੱਧ ਤੋਂ ਵੱਧ ਸਨਮਾਨ ਕਰਨਾ ਸਮੇਂ ਦੀ ਮੱੁਖ ਲੋੜ ਹੈ ਤਾਂ ਕਿ ਗੁਰੁਘਰ ਦੇ ਵਜ਼ੀਰਾਂ ਦੀ ਉੱਪਜੀਵਕਾ ਦਾ ਠੋਸ ਪ੍ਰਬੰਧ ਹੋ ਸਕੇ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਨੇ ਗੁਰਦੁਆਰਾ ਗੁਰ ਗਿਆਨ ਪ੍ਰਕਾਸ਼ ਵਿਖੇ ਜ਼ਿਲ੍ਹਾ ਲੁਧਿਆਣਾ ਨਾਲ ਸਬੰਧਿਤ ਲਗਭਗ 50 ਦੇ ਕਰੀਬ ਗੰ੍ਰਥੀ ਸਿੰਘਾਂ, ਪਾਠੀਆਂ, ਕੀਰਤਨੀ ਸਿੰਘਾਂ ਤੇ ਪ੍ਰਚਾਰਕਾਂ ਨੂੰ ਵਿਸ਼ੇਸ਼ ਤੌਰ ਤੇ ਰਸਦਾਂ-ਬਸਤਾਂ ਨਾਲ ਸਨਮਾਨਿਤ ਕਰਨ ਉਪਰੰਤ ਗੱਲਬਾਤ ਕਰਦਿਆਂ ਹੋਇਆਂ ਕੀਤਾ। ਉਨ੍ਹਾਂ ਨੇ ਆਪਣੀ ਗੱਲਬਾਤ ਦੌਰਾਨ ਕਿਹਾ ਕਿ ਗੁਰੂ ਸਾਹਿਬਾਨ ਨੇ ਇਹਨਾਂ ਸਮੂਹ ਸੇਵਕਾਂ ਨੂੰ ਗੁਰੂ ਘਰ ਦੇ ਵਜ਼ੀਰ ਹੋਣ ਦਾ ਜੋ ਸਤਿਕਾਰਤ ਰੁਤਬਾ ਬਖ਼ਸਿਆ ਹੈ। ਸੋ ਸਾਡੇ ਸਾਰਿਆਂ ਦਾ ਮੁੱਢਲਾ ਫਰਜ ਬਣਦਾ ਹੈ ਕਿ ਅਧਿਆਤਮਕ ਤੇ ਰੂਹਾਨੀਅਤ ਗਿਆਨ ਦਾ ਪ੍ਰਚਾਰ ਕਰਨ ਵਾਲੇ ਗੁਰੂ ਘਰ ਦੇ ਵਜ਼ੀਰਾਂ ਦਾ ਵੱਧ ਤੋਂ ਵੱਧ ਬਣਦਾ ਮਾਣ ਸਤਿਕਾਰ ਕੀਤਾ ਜਾਵੇ। ਸੰਤ ਬਾਬਾ ਅਮੀਰ ਸਿੰਘ ਜੀ ਨੇ ਜਾਣਕਾਰੀ ਦਿੰਦਿਆਂ ਹੋਇਆਂ ਕਿਹਾ ਕਿ ਮੌਜੂਦਾ ਸਮੇਂ ਅੰਦਰ ਸਮੁੱਚੇ ਵਿਸ਼ਵ ਭਰ ਵਿੱਚ ਫੈਲੀ ਭਿਆਨਕ ਮਹਾਮਾਰੀ ਕਰੋਨਾ ਦੇ ਬਿਪਤਾ ਭਰੇ ਸਮੇਂ ਅੰਦਰ ਜਵੱਦੀ ਟਕਸਾਲ ਗੁਰੂਘਰ ਦੇ ਵਜੀਰਾਂ ਦੀ ਉੱਪਜੀਵਕਾ ਨੂੰ ਮੁੱਖ ਰੱਖਦਿਆਂ ਹੋਇਆਂ ਜੋ ਇਨ੍ਹਾਂ ਨੂੰ ਸਨਮਾਨਿਤ ਕਰਨ ਦੀ ਮੁਹਿੰਮ ਸੰਗਤਾਂ ਦੇ ਸਹਿਯੋਗ ਨਾਲ ਆਰੰਭੀ ਗਈ ਹੈ। ਉਸ ਦੇ ਅੰਤਰਗਤ ਹੁਣ ਤੱਕ ਲਗਭਗ 350 ਦੇ ਕਰੀਬ ਗੁਰੂਘਰ ਦੇ ਸੇਵਕਾਂ ਨੂੰ ਰਸਦਾਂ-ਬਸਤਾਂ ਭੇਂਟ ਕਰਕੇ ਸਨਮਾਨਿਤ ਕੀਤਾ ਜਾ ਚੁੱਕਾ ਹੈ ਅਤੇ ਸਮੇਂ ਦੇ ਅਨੁਸਾਰ ਇਹ ਸੇਵਾ ਮੁਹਿੰਮ ਨਿਰੰਤਰ ਜਾਰੀ ਰਹੇਗੀ। ਉਨ੍ਹਾਂ ਨੇ ਸਪੱਸ਼ਟ ਰੂਪ ਵਿੱਚ ਕਿਹਾ ਕਿ ਅਸੀ ਗੁਰੂ ਦੇ ਵਜ਼ੀਰਾਂ ਨੂੰ ਕੁੱਝ ਵੀ ਭੇਂਟ ਨਹੀਂ ਕਰ ਰਹੇ ਬਲਕਿ ਗੁਰੂ ਸਾਹਿਬਾ ਦੀ ਕਿਰਪਾ ਨਾਲ ਗੁਰੂ ਦੇ ਵਜ਼ੀਰਾਂ ਦਾ ਸਨਮਾਨ ਕਰਨ ਵਿੱਚ ਅਸੀਸ ਪ੍ਰਾਪਤ ਕਰ ਰਹੇ ਹਾਂ। ਇਸ ਤੋਂ ਪਹਿਲਾਂ ਆਯੋਜਿਤ ਕੀਤੇ ਗਏ ਸਨਮਾਨ ਸਮਾਗਮ ਵਿੱਚ ਇਕੱਤਰ ਹੋਏ ਸਮੂਹ ਗ੍ਰੰਥੀ ਸਿੰਘਾਂ, ਕੀਰਤਨੀ ਸਿੰਘਾਂ, ਪਾਠੀਆਂ ਤੇ ਪ੍ਰਚਾਰਕਾਂ ਨੂੰ ਸੰਬੋਧਨ ਕਰਦਿਆਂ ਹੋਇਆਂ ਉੱਘੇ ਸਮਾਜ ਸੇਵਕ ਡਾ. ਬਲਵਿੰਦਰ ਸਿੰਘ ਵਾਲੀਆ ਨੇ ਆਪਣੇ ਸ਼ਬਦਾਂ ਦੀ ਸਾਂਝ ਕਰਦਿਆਂ ਹੋਇਆਂ ਕਿਹਾ ਕਿ ਜਵੱਦੀ ਟਕਸਾਲ ਦੇ ਮੁਖੀ ਸੰਤ ਬਾਬਾ ਅਮੀਰ ਸਿੰਘ ਜੀ ਦੀ ਸੁਹਿਰਦ ਅਗਵਾਈ ਵਿੱਚ ਪਿਛਲੇ ਲੰਮੇ ਸਮੇਂ ਤੋਂ ਜੋ ਗੁਰੂਘਰ ਦੇ ਲਈ ਉੱਚਕੋਟੀ ਦੇ ਕੀਰਤਨੀਏ, ਕਥਾਵਾਚਕ ਤੇ ਪ੍ਰਚਾਰਕ ਤਿਆਰ ਕੀਤੇ ਜਾ ਰਹੇ ਹਨ। ਉਹ ਆਪਣੇ ਆਪ ਵਿੱਚ ਇੱਕ ਮਿਸਾਲੀ ਕਾਰਜ ਹੈ। ਇਸ ਦੇ ਨਾਲ ਹੀ ਉਨ੍ਹਾਂ ਦੇ ਵੱਲੋਂ ਗੁਰੁਘਰ ਦੇ ਸੇਵਕਾਂ ਨੂੰ ਸਨਮਾਨਿਤ ਕਰਨ ਹਿੱਤ ਜੋ ਸੇਵਾ ਕਾਰਜ ਆਰੰਭੇ ਗਏ ਹਨ। ਉਹ ਸਮੁੱਚੀਆਂ ਸੰਗਤਾਂ ਦੇ ਲਈ ਪ੍ਰੇਰਨਾ ਦੇ ਸ੍ਰੋਤ ਹਨ। ਇਸ ਸਮੇਂ ਉਨਾਂ ਦੇ ਨਾਲ ਸ. ਪਰਮਿੰਦਰ ਸਿੰਘ, ਡਾ. ਜੋਗਿੰਦਰ ਸਿੰਘ, ਸੁਰਿੰਦਰ ਸਿੰਘ, ਬੀਬੀ ਬਲਦੇਵ ਕੌਰ ਸਮੇਤ ਕਈ ਪ੍ਰਮੁੱਖ ਸ਼ਖਸ਼ੀਅਤਾਂ ਹਾਜਰ ਸਨ।