ਬਰਮਿੰਘਮ (ਬਲਵਿੰਦਰ ਸਿੰਘ ਚਾਹਲ)
ਇੰਗਲੈਂਡ ਦੇ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਵੱਲੋਂ ਪਹਿਲੀ ਜੂਨ ਤੋਂ ਸਕੂਲ ਖੋਲਣ ਦੇ ਮਿਥੇ ਗਏ ਨਿਸ਼ਾਨੇ ਨੂੰ ਲੈ ਕੇ ਬੀ ਬੀ ਸੀ ਵੱਲੋਂ ਕਰਵਾਏ ਇੱਕ ਸਰਵੇਖਣ ਵਿੱਚ 99 ਕੌਂਸਲਾਂ ਵਿੱਚੋਂ ਸਿਰਫ਼ 20 ਕੌਂਸਲਾਂ ਨੇ ਸਕੂਲ ਖੋਲਣ ਬਾਰੇ ਸਹਿਮਤੀ ਪ੍ਰਗਟਾਈ ਹੈ। ਜਦੋਂ ਕਿ 68 ਕੌਂਸਲਾਂ ਅਜੇ ਤੱਕ ਅਨਿਸਚਿਤ ਹਨ ਕਿ ਜੂਨ ਦੇ ਸ਼ੁਰੂ ਵਿੱਚ ਪਹਿਲੀ ਤੋਂ ਛੇਵੀਂ ਜਮਾਤ ਤੱਕ ਦੇ ਸਕੂਲ ਖੋਲੇ ਜਾਣਗੇ ਜਾਂ ਫਿਰ ਅਜੇ ਬੰਦ ਹੀ ਰਹਿਣਗੇ। ਇਸ ਸਰਵੇਖਣ ਵਿੱਚ 14 ਲੋਕਲ ਅਥਾਰਿਟੀਆਂ ਨੇ ਸਕੂਲ ਬੰਦ ਰੱਖਣ ਬਾਰੇ ਆਪਣੀ ਰਾਏ ਦਿੱਤੀ ਹੈ। ਜਦੋਂ ਕਿ 11 ਇਸ ਵਿਸ਼ੇ ਨੂੰ ਲੈ ਕੇ ਵਿਚਾਰ ਕਰ ਰਹੀਆਂ ਹਨ ਅਤੇ 54 ਅਥਾਰਿਟੀਆਂ ਨੇ ਸਕੂਲਾਂ ਉੱਪਰ ਆਪਣਾ ਫੈਸਲਾ ਛੱਡ ਦਿੱਤਾ ਹੈ। ਇਸਦੇ ਨਾਲ ਨਾਲ ਇਹ ਵੀ ਕਿਹਾ ਗਿਆ ਹੈ ਕਿ ਸਕੂਲਾਂ ਦੇ ਹੈਡ ਟੀਚਰਾਂ ਅਤੇ ਗਵਰਨਿੰਗ ਬਾਡੀਸ ਨੂੰ ਬੱਚਿਆਂ ਦੇ ਛੋਟੇ ਛੋਟੇ ਗਰੁੱਪ ਬਣਾ ਕੇ ਸੋਸ਼ਲ ਡਿਸਟੈਂਸਿੰਗ ਦਾ ਪਾਲਣ ਕਰਨਾ ਚਾਹੀਦਾ ਹੈ ਤਾਂ ਕਿ ਹਰ ਤਰ੍ਹਾਂ ਬੀਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।