ਅੰਮ੍ਰਿਤਸਰ,(ਰਾਜਿੰਦਰ ਰਿਖੀ)
ਵਿਸ਼ਵ ਪ੍ਰਸਿੱਧ ਸ਼੍ਰੀ ਰਾਮ ਤੀਰਥ ‘ਚ ਦੋ ਔਰਤਾਂ ਨੂੰ ਬੰਧਕ ਬਣਾ ਕੇ ਉਨ੍ਹਾਂ ਨਾਲ ਸਮੂਹਿਕ ਜਬਰ ਜਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਔਰਤਾਂ ਪਿਛਲੇ ਕੁਝ ਸਮੇਂ ਤੋਂ ਪਰਿਵਾਰ ਸਮੇਤ ਇਥੇ ਮੰਨਤ ਮੰਗਣ ਆ ਰਹੀਆਂ ਸਨ, ਪਰ ਐਤਵਾਰ ਦੁਪਹਿਰ ਮੁਲਜ਼ਮਾਂ ਨੇ ਔਰਤਾਂ ਨੂੰ ਮੰਦਰ ‘ਚ ਬੰਧਕ ਬਣਾ ਲਿਆ ਤੇ ਪਰਿਵਾਰਕ ਮੈਂਬਰਾਂ ਨੂੰ ਧੱਕੇ ਮਾਰ ਕੇ ਦੌੜਾ ਦਿੱਤਾ। ਲੋਪੋਕੇ ਥਾਣੇ ਦੀ ਪੁਲਿਸ ਨੇ ਧੂਣਾ ਸਾਹਿਬ ਟਰੱਸਟ ਦੇ ਮਹੰਤ ਨਛੱਤਰ ਦਾਸ, ਸੂਰਜ ਨਾਥ, ਗਿਰਧਾਰੀ ਲਾਲ ਤੇ ਵਰਿੰਦਰ ਨਾਖ ਖ਼ਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ ਕਰ ਲਿਆ ਹੈ। ਐੱਸਪੀ ਅਮਨਦੀਪ ਕੌਰ ਨੇ ਦੱਸਿਆ ਕਿ ਛਾਪੇਮਾਰੀ ਕਰਦੇ ਹੋਏ ਮਹੰਤ ਗਿਰਧਾਰੀ ਲਾਲ ਤੇ ਵਰਿੰਦਰ ਨਾਥ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਪੀੜਤਾਂ ਨੇ ਘਟਨਾ ਤੋਂ ਬਾਅਦ ਚੰਡੀਗੜ੍ਹ ਸਥਿਤ ਐੱਸਸੀ ਕਮਿਸ਼ਨ ਨੂੰ ਸ਼ਿਕਾਇਤ ਦਿੱਤੀ ਸੀ। ਸ਼ਿਕਾਇਤ ਮਿਲਦੇ ਹੀ ਕਮਿਸ਼ਨ ਦੇ ਮੈਂਬਰ ਤਰਸੇਮ ਸਿੰਘ ਦੀ ਅਗਵਾਈ ‘ਚ ਟੀਮ ਨੇ ਐੱਸਐੱਸਪੀ ਵਿਕਰਮ ਦੁੱਗਲ ਨੂੰ ਸ਼ਿਕਾਇਤ ਦਿੱਤੀ। ਐੱਸਪੀ ਅਮਨਦੀਪ ਕੌਰ ਦੀ ਅਗਵਾਈ ‘ਚ ਦੋਵਾਂ ਔਰਤਾਂ ਨੂੰ ਮੁਲਜ਼ਮਾਂ ਦੇ ਚੁੰਗਲ ‘ਚੋਂ ਛੁਡਵਾਇਆ ਗਿਆ ਤੇ ਹਸਪਤਾਲ ਦਾਖਲ ਕਰਵਾਇਆ ਗਿਆ ਤੇ ਮੁੱਢਲੀ ਇਲਾਜ ਤੋਂ ਬਾਅਦ ਔਰਤਾਂ ਦਾ ਮੈਡੀਕਲ ਕਰਵਾਇਆ ਗਿਆ ਹੈ, ਜਿਸ ‘ਚ ਜਬਰ ਜਨਾਹ ਦੀ ਪੁਸ਼ਟੀ ਹੋਈ ਹੈ। ਐੱਸਪੀ ਨੇ ਦੱਸਿਆ ਕਿ ਦੋਵਾਂ ਪੀੜਤ ਔਰਤਾਂ ਦੀ ਕੋਰਟ ‘ਚ ਸਟੇਟਮੈਂਟ ਕਰਵਾਈ ਜਾ ਰਹੀ ਹੈ। ਪੁਲਿਸ ਅਨੁਸਾਰ ਇਕ ਔਰਤ ਸੰਤਾਨ ਨਾ ਹੋਣ ਕਾਰਨ ਪਿਛਲੇ ਕੁਝ ਸਮੇਂ ਤੋਂ ਆਪਣੇ ਪਰਿਵਾਰ ਨਾਲ ਸ਼੍ਰੀ ਰਾਮ ਤੀਰਥ ਆ ਰਹੀ ਸੀ। ਬੀਤੇ ਦਿਨੀਂ ਦੋਵੇਂ ਔਰਤਾਂ ਆਪਣੇ-ਆਪਣੇ ਪਰਿਵਾਰਾਂ ਨਾਲ ਮੰਦਰ ਪੁੱਜੀਆਂ ਸਨ। ਜਿਥੇ ਉਕਤ ਦੋਵਾਂ ਨੂੰ ਬੰਧਕ ਬਣਾ ਲਿਆ ਗਿਆ ਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਉਥੋਂ ਭਜਾ ਦਿੱਤਾ ਗਿਆ।
ਮੰਦਰ ਦੇ ਮੁਖੀ ਨੇ ਕੀਤਾ ਸ਼ਰਮਨਾਕ ਕਾਰਾ : ਸੰਤ ਸਮਾਜ
ਵਾਲਮੀਕਿ ਮੰਦਰ ਗੁਰੂ ਗਿਆਨ ਨਾਥ ਦੇ ਮੁਖੀ ਵੱਲੋਂ ਦੋ ਔਰਤਾਂ ਨਾਲ ਕੀਤੀ ਗਈ ਮੰਦਭਾਗੀ ਹਰਕਤ ਦੀ ਸੰਤ ਸਮਾਜ ਸਖ਼ਤ ਨਿੰਦਾ ਕਰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸੰਤ ਸਮਾਜ ਵੱਲੋਂ ਸੰਤ ਮੇਘ ਨਾਥ, ਚੇਅਰਮੈਨ ਜਗਦੀਸ਼ ਜੱਗੂ, ਪ੍ਰਦੀਪ ਗੱਬਰ, ਤੀਰਥ ਸਿੰਘ ਕੋਹਾਲੀ, ਜੋਗਾ ਸਿੰਘ ਵਡਾਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਆਪਣੇ-ਆਪ ਨੂੰ ਮੰਦਰ ਦਾ ਗੱਦੀਨਸ਼ੀਨ ਦੱਸਣ ਵਾਲੇ ਗਿਰਧਾਰੀ ਲਾਲ, ਕੌਮੀ ਚੇਅਰਮੈਨ ਨੱਛਤਰ ਨਾਥ ਤੇ ਦੋ ਹੋਰ ਵਿਅਕਤੀਆਂ ਨੇ ਇਹ ਘਟੀਆ ਹਰਕਤ ਕਰ ਕੇ ਸੰਤ ਸਮਾਜ ਨੂੰ ਢਾਹ ਲਗਾਉਣ ਦੀ ਕੋਸ਼ਿਸ਼ ਕੀਤੀ ਜੋਕਿ ਬਹੁਤ ਮੰਦਭਾਗੀ ਘਟਨਾ ਹੈ। ਇਨ੍ਹਾਂ ਨੂੰ ਧਰਮ ‘ਚੋਂ ਛੇਕਿਆ ਜਾਂਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਸੀਬੀਆਈ ਪਾਸੋਂ ਜਾਂਚ ਕਰਵਾ ਕੇ ਮੰਦਰ ਦੀ ਵੇਚੀ ਗਈ ਜਾਇਦਾਦ ਤੇ ਮੰਦਰ ਅੰਦਰ ਕਿਸੇ ਯੋਗ ਸਾਧੂ ਨੂੰ ਇਸ ਗੱਦੀ ‘ਤੇ ਬਿਰਾਜਮਾਨ ਕੀਤਾ ਜਾਵੇ।