ਮਾਸਕ ਤੋਂ ਬਿਨਾਂ ਕਿਸੇ ਨੂੰ ਕੰਮ ਕਰਨ ਦੀ ਆਗਿਆ ਨਹੀਂ ਹੋਵੇਗੀ-ਡਿਪਟੀ ਕਮਿਸ਼ਨਰ
ਅੰਮ੍ਰਿਤਸਰ,(ਰਾਜਿੰਦਰ ਰਿਖੀ)
ਅੱਜ ਓਮ ਪ੍ਰਕਾਸ਼ ਸੋਨੀ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਪੰਜਾਬ ਦੇ ਨਿਵਾਸ ਸਥਾਨ ਵਿਖੇ ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲੋਂ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ ਅਤੇ ਵਪਾਰ ਮੰਡਲ ਦੇ ਪ੍ਰਤੀਨਿਧੀਆਂ ਨਾਲ ਇਕ ਅਹਿਮ ਮੀਟਿੰਗ ਹੋਈ।
ਮੀਟਿੰਗ ਨੂੰ ਸੰਬੋਧਨ ਕਰਦਿਆਂ ਸੋਨੀ ਨੇ ਦੱਸਿਆ ਕਿ ਵਪਾਰੀਆਂ ਦੀ ਮੰਗ ਅਨੁਸਾਰ ਹੋਲ ਸੇਲ ਬਾਜਾਰ ਪਹਿਲਾਂ ਹੀ ਸਵੇਰੇ 6 ਵਜੇ ਤੋਂ 10 ਵਜੇ ਤੱਕ ਖੋਲ ਦਿੱਤੇ ਗਏ ਸਨ ਅਤੇ ਹੁਣ ਵਪਾਰੀਆਂ ਦੀ ਮੰਗ ਅਨੁਸਾਰ ਹੀ ਪ੍ਰਚੂਨ ਵਿਕਰੇਤਾ ਸਵੇਰੇ 10:30 ਵਜੇ ਤੋਂ ਲੈ ਕੇ ਬਾਅਦ ਦੁਪਹਿਰ 3 ਵਜੇ ਤੱਕ ਆਪਣੀਆਂ ਦੁਕਾਨਾਂ ਖੋਲ ਸਕਣਗੇ। ਸੋਨੀ ਨੇ ਦੱਸਿਆ ਕਿ ਚੌੜੀਆਂ ਸੜਕਾਂ ‘ਤੇ ਇਕ ਦਿਨ ਸੱਜਾ ਪਾਸਾ ਅਤੇ ਇਕ ਦਿਨ ਖੱਬੇ ਪਾਸੇ ਦੀਆਂ ਦੁਕਾਨਾਂ ਖੁਲਣਗੀਆਂ। ਉਨਾਂ ਦੱਸਿਆ ਕਿ ਭੀੜੇ ਬਾਜਾਰਾਂ ਨੂੰ ਤਿੰਨ ਜੋਨਾਂ ਵਿੱਚ ਵੰਡਿਆ ਗਿਆ ਹੈ ਅਤੇ ਇਨਾਂ ਜੋਨਾਂ ਵਿਚ ਇਕ ਦਿਨ ਏ ਜੋਨਾਂ ਦੀਆਂ ਦੁਕਾਨਾਂ, ਦੂਜੇ ਦਿਨ ਬੀ ਜੋਨਾਂ ਦੀਆਂ ਦੁਕਾਨਾਂ ਅਤੇ ਤੀਜੇ ਦਿਨ ਸੀ ਜੋਨਾਂ ਦੀਆਂ ਦੁਕਾਨਾਂ ਖੁਲਣਗੀਆਂ।
ਸ੍ਰੀ ਸੋਨੀ ਨੇ ਵਪਾਰੀਆਂ ਨੂੰ ਕਿਹਾ ਕਿ ਸਰਕਾਰ ਤੁਹਾਡੀ ਸੁਰੱਖਿਆ ਲਈ ਪੂਰੀ ਤਰਾਂ ਵਚਨਬੱਧ ਹੈ। ਉਹਨਾਂ ਕਿਹਾ ਕਿ ਪਹਿਲਾਂ ਸੁਰੱਖਿਆ, ਖੁਸ਼ਹਾਲੀ ਅਤੇ ਫਿਰ ਵਪਾਰ ਹੈ। ਉਨਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਤਰਾਂ ਦੀ ਭੀੜ ਇਕੱਠੀ ਨਾ ਹੋਣ ਦੇਣ।
ਡਿਪਟੀ ਕਮਿਸ਼ਨਰ ਨੇ ਵਪਾਰੀਆਂ ਨੂੰ ਕਿਹਾ ਕਿ ਉਹ ਸ਼ੋਸ਼ਲ ਡੀਸਟੈਂਸ ਦਾ ਪੂਰਾ ਖਿਆਲ ਰੱਖਣ ਅਤੇ ਦੁਕਾਨ ਉਤੇ ਕੰਮ ਕਰ ਰਹੇ ਸਾਰੇ ਵਰਕਰ, ਮਾਲਕ ਮਾਸਕ ਜ਼ਰੂਰ ਲਗਾਉਣ ਅਤੇ ਉਨਾਂ ਗ੍ਰਾਹਕਾਂ ਨੂੰ ਹੀ ਦੁਕਾਨ ਦੇ ਅੰਦਰ ਆਉਣ ਦੇਣ ਜਿਨਾਂ ਵਲੋਂ ਮਾਸਕ ਲਗਾਏ ਹੋਣ। ਉਨਾਂ ਕਿਹਾ ਕਿ ਹਰੇਕ ਦੁਕਾਨਦਾਰ ਨੂੰ ਸੈਨੀਟਾਈਜ਼ਰ ਦਾ ਇਸਤੇਮਾਲ ਵੀ ਜ਼ਰੂਰ ਕਰਨ।
ਡਾ. ਸੁਖਚੈਨ ਸਿੰਘ ਗਿੱਲ ਪੁਲਿਸ ਕਮਿਸ਼ਨਰ ਅੰਮ੍ਰਿਤਸਰ ਨੇ ਵਪਾਰੀਆਂ ਨੂੰ ਦੱਸਿਆ ਕਿ ਸੈਲੂਨ, ਜਿਮ, ਮਾਲ, ਸਪਾ, ਬਿਊਟੀ ਪਾਰਲਰ, ਵਰਗੀਆਂ ਦੁਕਾਨਾਂ ਬਿਲਕੁਲ ਨਹੀਂ ਖੁਲਣਗੀਆਂ ਅਤੇ ਨਾ ਹੀ ਦੁਕਾਨਦਾਰਾਂ ਨੂੰ ਕਿਸੇ ਤਰਾਂ ਦਾ ਇਕੱਠ ਕਰਨ ਦੀ ਇਜਾਜਤ ਹੋਵੇਗੀ। ਉਹਨਾਂ ਵਪਾਰੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰਸਾਸਨ ਨੂੰ ਪੂਰਾ ਸਹਿਯੋਗ ਦੇਣ । ਉਨਾਂ ਕਿਹਾ ਕਿ ਕਿਸੇ ਤਰਾਂ ਦੀ ਉਲੰਘਣਾ ਹੋਣ ਤੇ ਇਹ ਛੋਟ ਵਾਪਸ ਵੀ ਲਈ ਜਾ ਸਕਦੀ ਹੈ।
ਇਸ ਮੌਕੇ ਪੰਜਾਬ ਵਪਾਰ ਮੰਡਲ ਵਲੋਂ ਸ੍ਰੀ ਸੋਨੀ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਸਨਮਾਨਤ ਵੀ ਕੀਤਾ। ਇਸ ਮੌਕੇ ਪੰਜਾਬ ਵਪਾਰ ਮੰਡਲ ਦੇ ਪ੍ਰਧਾਨ ਪਿਆਰਾ ਲਾਲ ਸੇਠ, ਸਮੀਰ ਜੈਨ, ਧਰਮਵੀਰ ਸਰੀਨ, ਰਵੀ ਕਾਂਤ, ਚਰਨਜੀਤ ਅਰੋੜਾ, ਵਜ਼ੀਰ ਚੰਦ, ਸੁਰਿੰਦਰ ਦੁੱਗਲ, ਪੰਕਜ ਕੁਮਾਰ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਪਾਰ ਮੰਡਲ ਦੇ ਮੈਂਬਰ ਹਾਜਰ ਸਨ।