ਬਲਵਿੰਦਰ ਸਿੰਘ ਚਾਹਲ ਯੂ ਕੇ
ਕੋਰੋਨਾ ਵਾਇਰਸ ਦੇ ਫੈਲਾਅ ਨੇ ਸਾਰੀ ਦੁਨੀਆ ਨੂੰ ਵਖਤ ਪਾਇਆ ਹੋਇਆ ਹੈ। ਇਸ ਦੌਰਾਨ ਹਰ ਵਰਗ ਪ੍ਰਭਾਵਿਤ ਹੋਣ ਕਾਰਨ ਆਰਥਿਕਤਾ ਨੂੰ ਵੀ ਭਾਰੀ ਧੱਕਾ ਲੱਗਾ ਹੈ। ਚੀਨ ਤੋਂ ਤੁਰਿਆ ਕੋਰੋਨਾ ਦੁਨੀਆ ਭਰ ਵਿੱਚ ਆਪਣੇ ਪੈਰ ਪਸਾਰ ਕੇ ਇੱਕ ਮਹਾਮਾਰੀ ਦਾ ਰੂਪ ਧਾਰਨ ਕਰ ਗਿਆ ਹੈ। ਲੱਖਾਂ ਲੋਕ ਬੀਮਾਰ ਹੋ ਰਹੇ ਹਨ ਅਤੇ ਹਰ ਰੋਜ ਹਜਾਰਾਂ ਦੀ ਗਿਣਤੀ ਵਿੱਚ ਮਰ ਵੀ ਰਹੇ ਹਨ। ਡਾਕਟਰ, ਨਰਸਾਂ ਅਤੇ ਹੋਰ ਬਹੁਤ ਸਾਰੇ ਅਮਲੇ ਆਪੋ ਆਪਣੇ ਖੇਤਰਾਂ ਵਿੱਚ ਵੱਡੀ ਭੂਮਿਕਾ ਨਿਭਾਉਂਦੇ ਹੋਏ ਮਾਨਵੀ ਕਦਰਾਂ ਕੀਮਤਾਂ ਦੀ ਰਾਖੀ ਕਰਦਿਆਂ ਆਪਣੀਆ ਜਾਨਾਂ ਦੀ ਬਾਜ਼ੀ ਲਾ ਰਹੇ ਹਨ। ਪਰ ਇਸ ਦੌਰਾਨ ਕੁਝ ਹੋਰ ਮੁੱਦੇ ਵੀ ਉੱਛਲੇ ਜਿਹਨਾਂ ਨਾਲ ਇੱਕ ਵਰਗ ਨੇ ਦੂਸਰੇ ਵਰਗ ਨੂੰ ਨੀਵਾਂ ਦਿਖਾਉਣ ਦੀ ਕੋਸ਼ਿਸ਼ ਵਿੱਚ ਬਹੁਤ ਸਾਰੀਆਂ ਕਦਰਾਂ ਕੀਮਤਾਂ ਦਾ ਘਾਣ ਹੀ ਨਹੀਂ ਕੀਤਾ ਸਗੋਂ ਬਹੁਤ ਘਟੀਆ ਪੱਧਰ ਦੀ ਸਿਆਸਤ ਦਾ ਸਹਾਰਾ ਲੈ ਕੇ ਆਪਣੇ ਬੌਧਿਕ ਕੰਗਾਲ ਦਾ ਸਬੂਤ ਵੀ ਦਿੱਤਾ ਹੈ।
ਸਾਰੀ ਦੁਨੀਆ ਇਸ ਮਹਾਮਾਰੀ ਨਾਲ ਲੜਨ ਅਤੇ ਇਸ ਤੋਂ ਬਚਾਅ ਕਿਵੇਂ ਕੀਤਾ ਜਾਵੇ। ਅਜਿਹੇ ਮੁੱਦਿਆਂ ਨੂੰ ਲੈ ਕੇ ਗੰਭੀਰਤਾ ਨਾਲ ਵਿਚਾਰ ਕਰ ਰਹੀ ਹੈ। ਅੰਤਰਰਾਸ਼ਟਰੀ ਪੱਧਰ ਤੇ ਸਿਰਫ਼ ਅਮਰੀਕਾ ਨੇ ਚੀਨ ਨੂੰ ਦੋਸ਼ੀ ਦੱਸਦਿਆਂ ਉਸਦਾ ਪ੍ਰਾਪੇਗੰਡਾ ਕੀਤਾ ਹੈ। ਜਿਸ ਗੱਲ ਦਾ ਚੀਨ ਨੇ ਕੋਈ ਬਹੁਤੀ ਗੰਭੀਰਤਾ ਨਾਲ ਨੋਟਿਸ ਨਾ ਲੈ ਕੇ ਅਮਰੀਕਾ ਨੂੰ ਗੂਠਾ ਦਿਖਾ ਦਿੱਤਾ ਹੈ। ਪਰ ਸਾਡੇ ਦੇਸ ਵਿੱਚ ਹਰ ਰੋਜ ਬੜੀ ਘਟੀਆ ਪੱਧਰ ਦੀ ਸਿਆਸਤ ਹੋ ਰਹੀ ਹੈ।
ਜੇ ਕਰ ਗੱਲ ਪੰਜਾਬ ਦੀ ਹੀ ਕਰੀਏ ਤਾਂ ਕੋਰੋਨਾ ਦੇ ਸ਼ੁਰੂਆਤੀ ਦੌਰ ਵਿੱਚ ਹੀ ਪੰਜਾਬ ਦੇ ਕੁਝ ਸ਼ਰਾਰਤੀ ਅਨਸਰਾਂ ਤੇ ਤੰਤਰਾਂ ਨੇ ਆਪੋ ਆਪਣੀ ਪੱਧਰ ‘ਤੇ ਕਮਰਕੱਸੇ ਕੱਸ ਲਏ ਸਨ। ਉਹਨਾਂ ਨੇ ਸਮਝ ਲਿਆ ਸੀ ਕਿ ਹੁਣ ਮੌਕਾ ਹੈ ਕਿ ਗਿਰਗਟ ਬਣ ਕੇ ਕਿਸ ਤਰ੍ਹਾਂ ਇੱਕ ਖਾਸ ਵਰਗ ਨੂੰ ਬਦਨਾਮ ਕਰਨਾ ਹੈ। ਜਿਸ ਦੀ ਸ਼ੁਰੂਆਤ ਵਿਦੇਸ਼ਾਂ ਤੋਂ ਛੁੱਟੀ ਕੱਟਣ ਗਏ ਪ੍ਰਵਾਸੀ ਪੰਜਾਬੀਆਂ ਤੋਂ ਕੀਤੀ ਗਈ। ਇਹ ਗੱਲ ਬੜੀ ਸਫਾਈ ਨਾਲ ਸਾਹਮਣੇ ਆਉਂਦੀ ਹੈ ਕਿ ਕੋਰੋਨਾ ਦੌਰ ਵਿੱਚ ਜਿੱਡਾ ਵੱਡਾ ਨਿਸ਼ਾਨਾ ਪ੍ਰਵਾਸੀ ਪੰਜਾਬੀਆਂ ਨੂੰ ਬਣਾਇਆ ਗਿਆ ਹੈ। ਇਤਿਹਾਸ ਵਿੱਚ ਪਹਿਲਾਂ ਕਦੀ ਵੀ ਉਹਨਾਂ ਨਾਲ ਅਜਿਹੀ ਘਿਨੌਣੀ ਤੇ ਘਟੀਆ ਬਿਆਨਬਾਜੀ ਤੇ ਸਿਆਸਤ ਨਹੀਂ ਕੀਤੀ ਗਈ। ਬੇਸ਼ੱਕ ਸਮੇਂ ਸਮੇਂ ਤੇ ਸਰਕਾਰਾਂ ਵੱਲੋਂ ਪ੍ਰਵਾਸੀ ਪੰਜਾਬੀਆਂ ਦੇ ਵੱਖ ਵੱਖ ਸੰਗਠਨਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਰਿਹਾ ਹੈ। ਪਰ ਪੰਜਾਬ ਵਾਸੀਆਂ ਨੇ ਕਦੇ ਵੀ ਪ੍ਰਵਾਸੀ ਪੰਜਾਬੀਆਂ ਪ੍ਰਤੀ ਕੋਈ ਅਜਿਹਾ ਨਾਂਹ ਪੱਖੀ ਪ੍ਰਤੀਕਰਮ ਨਹੀਂ ਦਿੱਤਾ ਸੀ। ਜਿਸ ਨਾਲ ਉਹਨਾਂ ਦੇ ਹਿਰਦਿਆਂ ਨੂੰ ਠੇਸ ਪਹੁੰਚਦੀ ਹੋਵੇ ਜਾਂ ਉਹਨਾਂ ਦੀ ਪੰਜਾਬ ਪ੍ਰਤੀ ਭਾਵਨਾਵਾਂ ਨੂੰ ਕਿਸੇ ਤਰ੍ਹਾਂ ਦੀ ਢਾਹ ਲੱਗਦੀ ਹੋਵੇ।
ਕੋਰੋਨਾ ਦੇ ਸ਼ੁਰੂ ਹੁੰਦਿਆਂ ਹੀ ਪਹਿਲਾ ਹੱਲਾ ਉਦੋਂ ਹੋਇਆ ਜਦੋਂ ਜ਼ਿਲਾ ਨਵਾਂ ਸ਼ਹਿਰ ਦੇ ਪਠਲਾਵਾ ਵਾਸੀ ਬਲਦੇਵ ਸਿੰਘ ਨੂੰ ਕੋਰੋਨਾ ਗ੍ਰਸਤ ਹੋਣ ਦਾ ਕਹਿ ਕੇ ਇਸ ਤਰ੍ਹਾਂ ਭੰਡਿਆ ਗਿਆ ਜਿਵੇਂ ਉਹ ਕਿਸੇ ਖਾਸ ਵਜਹ ਕਰਕੇ ਹੀ ਕੋਰੋਨਾ ਨੂੰ ਇਟਲੀ ਤੋਂ ਪੰਜਾਬ ਵਿੱਚ ਲੈ ਕੇ ਆਇਆ ਹੋਵੇ। ਉਸਨੂੰ ਲੈ ਕੇ ਅਖਬਾਰੀ ਮੀਡੀਆ, ਟੀਵੀ ਮੀਡੀਆ ਤੇ ਸੋਸ਼ਲ ਮੀਡੀਆ ਨੇ ਬਹੁਤ ਭੰਡੀ ਪ੍ਰਚਾਰ ਕੀਤਾ। ਜਿਸ ਨਾਲ ਬਲਦੇਵ ਸਿੰਘ ਨੂੰ ਪੰਜਾਬ ਦਾ ਬੱਚਾ ਜਾਨਣ ਤੇ ਕੋਸਣ ਲੱਗਾ। ਪ੍ਰਵਾਸੀ ਪੰਜਾਬੀਆਂ ਨੂੰ ਬਦਨਾਮ ਕਰਨ ਦਾ ਇਹ ਪਹਿਲਾ ਪੜਾਅ ਸੀ। ਜਿਸ ਵਿੱਚ ਬਲਦੇਵ ਸਿੰਘ ਦੇ ਨਾਂ ਨੂੰ ਇੱਕ ਮੋਹਰਾ ਬਣਾ ਕੇ ਬੜੀ ਸੋਚੀ ਸਮਝੀ ਚਾਲ ਤਹਿਤ ਵਰਤਿਆ ਗਿਆ। ਜਦੋਂ ਕਿ ਉਹ ਵਿਚਾਰਾ ਕੁਝ ਦਿਨ ਜਰਮਨ ਤੇ ਇਟਲੀ ਰਹਿ ਕੇ ਵਾਪਸ ਆਪਣੇ ਘਰ ਚਲਾ ਗਿਆ। ਜਿੱਥੋਂ ਉਹ ਉਹਨੀ ਦਿਨੀ ਹੋਲਾ ਮਹੱਲਾ ਵਿੱਚ ਸ਼ਾਮਲ ਹੋਣ ਲਈ ਆਨੰਦਪੁਰ ਸਾਹਿਬ ਦਰਸ਼ਨਾਂ ਲਈ ਵੀ ਗਿਆ ਸੀ। ਜਿਸ ਕਰਕੇ ਉੱਥੇ ਪਹੁੰਚੀਆਂ ਹੋਰ ਸੰਗਤਾਂ ਵਿੱਚ ਵੀ ਡਰ ਦੀ ਲਹਿਰ ਪੈਦਾ ਕਰਨ ਦਾ ਕੋਝਾ ਯਤਨ ਕੀਤਾ ਗਿਆ ਅਤੇ ਇਹ ਪ੍ਰਚਾਰ ਕੀਤਾ ਗਿਆ ਕਿ ਬਲਦੇਵ ਸਿੰਘ ਨੇ ਕੋਰੋਨਾ ਬੀਮਾਰੀ ਫੈਲਾਉਣ ਵਿੱਚ ਵੱਡੀ ਭੂਮਿਕਾ ਨਿਭਾਈ ਹੈ। ਹਰ ਪਾਸੇ ਮੀਡੀਏ ਵਿੱਚ ਇਸ ਗੱਲ ਨੂੰ ਵੱਡੀ ਪੱਧਰ ਤੇ ਪ੍ਰਚਾਰਿਆ ਗਿਆ। ਜਿਸ ਬਾਰੇ ਕਿਸੇ ਵੀ ਧਿਰ ਨੇ ਕੋਈ ਅਜਿਹਾ ਪ੍ਰਤੀਕਰਮ ਨਾ ਦਿੱਤਾ ਜਿਸ ਨਾਲ ਮੀਡੀਆ ਨੂੰ ਕਿਸੇ ਤਰ੍ਹਾਂ ਜਵਾਬਦੇਹ ਹੋਣਾ ਪੈਂਦਾ।
ਇੱਥੇ ਹੀ ਬੱਸ ਨਹੀਂ ਆਪਣੇ ਨੂੰ ਗਾਇਕ ਕਹਾਉਣ ਵਾਲੇ ਸਿੱਧੂ ਮੂਸੇਵਾਲਾ ਨੇ ਬਲਦੇਵ ਸਿੰਘ ਉੱਪਰ ਵਿਅੰਗ ਕੱਸਦਾ ਗੀਤ ਰਿਲੀਜ਼ ਕਰਕੇ ਇਹ ਸਿੱਧ ਕਰ ਦਿੱਤਾ ਕਿ ਅਸੀਂ ਗੀਤਾਂ ਦੁਆਰਾ ਕੋਈ ਸਾਰਥਿਕ ਸੁਨੇਹਾ ਦੇਣ ਦੀ ਬਜਾਏ ਫਿਰਕੂ ਅੱਗ ਨੂੰ ਤੇਜ ਕਰਨ ਲਈ ਬਲਦੀ ਉੱਪਰ ਤੇਲ ਪਾ ਕੇ ਆਪ ਕੰਧ ‘ਤੇ ਚੜ੍ਹ ਬੈਠਣ ਜੋਗੇ ਹੀ ਹਾਂ। ਸਿੱਧੂ ਮੂਸੇਵਾਲਾ ਨੂੰ ਕਿਸ ਨੇ ਇਹ ਅਧਿਕਾਰ ਦਿੱਤਾ ਹੈ ਕਿ ਉਹ ਇੱਕ ਬਜੁæਰਗ ਨੂੰ ਆਪਣੇ ਗੀਤ ਦੁਆਰਾ ਨਿਸ਼ਾਨਾ ਬਣਾਵੇ। ਉਹਨਾਂ ਦਿਨਾਂ ਵਿੱਚ ਬਹੁਤ ਸਾਰੇ ਮੰਤਰੀ, ਸਰਕਾਰੀ ਅਫ਼ਸਰ ਤੇ ਕਈ ਜਾਣੇ ਪਹਿਚਾਣੇ ਚਿਹਰੇ ਯੂਰਪ ਦੇ ਦੌਰੇ ਕਰਕੇ ਗਏ ਹੋਣਗੇ। ਪਰ ਉਹਨਾਂ ਉੱਪਰ ਕਿਸੇ ਮੀਡੀਏ ਦੀ ਅੱਖ ਨਹੀਂ ਗਈ ਅਤੇ ਨਾ ਕਿਸੇ ਅਖੌਤੀ ਗਾਇਕ ਜਾਂ ਸਰਕਾਰੀ ਨੁਮਾਇੰਦੇ ਨੂੰ ਦਿਖਾਈ ਦਿੱਤਾ। ਕਿਉਂਕਿ ‘ਜਿਸਦੀ ਲਾਠੀ ਉਸਦੀ ਭੈਂਸ’ ਜਾਂ ‘ਰੱਬ ਨੇੜੇ ਕਿ ਘਸੁੰਨ ਨੇੜੇ’ ਵਾਲੀ ਕਹਾਵਤ ਬਾਰੇ ਜਾਣੂ ਹਨ। ਵੈਸੇ ਵੀ ਚਿੱਕੜ ਉਸ ਉੱਪਰ ਸੁੱਟਿਆ ਜਾਂਦਾ ਹੈ ਜਿਸ ਵੱਲੋਂ ਠੋਸ ਤੇ ਜੋਰਦਾਰ ਜਵਾਬ ਦੀ ਆਸ ਨਾ ਹੋਵੇ।
ਬਲਦੇਵ ਸਿੰਘ ਬਾਰੇ ਤਾਂ ਅਖੀਰ ਵਿੱਚ ਇਹ ਵੀ ਸਿੱਧ ਹੋ ਗਿਆ ਸੀ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਨਹੀਂ ਸੀ ਅਤੇ ਉਸਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ ਸੀ। ਇਸ ਸਭ ਨਾਲ ਸਾਡੇ ਸਰਕਾਰੀ ਤੰਤਰ, ਮੀਡੀਆ ਤੰਤਰ ਅਤੇ ਸਮਾਜ ਦੇ ਹੋਰ ਜਿੰæਮੇਵਾਰ ਵਰਗਾਂ ਲਈ ਇੱਕ ਵੱਡਾ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਸਮੇਂ ਦੇ ਹਾਣੀ ਬਣਨ ਲਈ ਅਜੇ ਕਿੰਨਾ ਹੋਰ ਪੈਂਡਾ ਤੈਅ ਕਰਾਂਗੇ। ਕਦੋਂ ਅਸੀਂ ਧਰਮ, ਫਿਰਕਾਪ੍ਰਸਤੀ ਤੇ ਘਟੀਆ ਪੱਧਰ ਦੀ ਦੂਸ਼ਣਬਾਜੀ ਤੋਂ ਉੱਪਰ ਉੱਠ ਕੇ ਭਾਈਚਾਰਕ ਸਾਂਝ ਪੈਦਾ ਕਰਨ ਵੱਲ ਕਦਮ ਵਧਾਵਾਂਗੇ। ਇਸ ਸਮੇਂ ਵਿੱਚ ਸਰਕਾਰ ਨੇ ਵੀ ਆਪਣੀ ਭੂਮਿਕਾ ਬੜੀ ਗੈਰਜ਼ਿੰਮੇਵਾਰਾਨਾ ਤਰੀਕੇ ਨਾਲ ਪੇਸ਼ ਕਰਕੇ ਇਹ ਦਰਸਾ ਦਿੱਤਾ ਹੈ ਕਿ ਮੌਜੂਦਾ ਪੰਜਾਬ ਸਰਕਾਰ ਪ੍ਰਵਾਸੀ ਪੰਜਾਬੀਆਂ ਪ੍ਰਤੀ ਕਿਸੇ ਤਰ੍ਹਾਂ ਦੀ ਹਮਦਰਦੀ ਰੱਖਣ ਦੀ ਬਜਾਏ ਉਹਨਾਂ ਨੂੰ ਗੁੱਠੇ ਲਾਉਣ ਵਾਲੇ ਢੰਗ ਨਾਲ ਹੀ ਦੇਖਦੀ ਨਜ਼ਰ ਆਉਂਦੀ ਹੈ। ਪੰਜਾਬ ਦੇ ਇੱਕ ਮੰਤਰੀ ਵੱਲੋਂ ਕਿਹਾ ਜਾਣਾ ਕਿ “ਮੈਂ ਘੁਰਨਿਆਂ ਵਿੱਚੋ ਕੱਢ ਕੱਢ ਕੇ ਇਹਨਾਂ ਦੇ ਪਾਸਪੋਰਟ ਕੈਂਸਲ ਕਰਵਾਵਾਂਗਾ” ਜਿੱਥੇ ਹਾਸੋਹੀਣਾ ਬਿਆਨ ਸੀ। ਉੱਥੇ ਪੰਜਾਬ ਦੇ ਇਸ ਮੰਤਰੀ ਅਤੇ ਉਸ ਵਰਗੀ ਸੋਚ ਰੱਖਣ ਵਾਲੇ ਹੋਰ ਲੋਕਾਂ ਦੇ ਨਾਲ ਨਾਲ ਮੁੱਖ ਮੰਤਰੀ ਪੰਜਾਬ ਨੂੰ ਵੀ ਅਸੀਂ ਸਵਾਲ ਕਰਦੇ ਹਾਂ ਕਿ ਕੀ ਪ੍ਰਵਾਸੀ ਪੰਜਾਬੀ ਕੋਰੋਨਾ ਨੂੰ ਆਪਣੀਆ ਜੇਬਾਂ ਵਿੱਚ ਪਾਈ ਫਿਰਦੇ ਸਨ? ਹੁਣ ਤੱਕ ਕਿੰਨੇ ਪ੍ਰਵਾਸੀ ਕੋਰੋਨਾ ਗ੍ਰਸਤ ਪਾਏ ਗਏ ਹਨ? ਜਿਹਨਾਂ ਕਰਕੇ ਇਹਨਾਂ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਪ੍ਰਵਾਸੀਆਂ ਨੇ ਅਜਿਹਾ ਕਿਹੜਾ ਗੁਨਾਹ ਕੀਤਾ ਜਿਸ ਦੀ ਕਿੜ ਕੱਢਣ ਲਈ ਉਹਨਾਂ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ?
ਇਹ ਵੀ ਜ਼ਿਕਰ ਕਰਦਾ ਜਾਵਾਂ ਕਿ ਪ੍ਰਵਾਸੀ ਪੰਜਾਬੀਆਂ ਨੇ ਸਦਾ ਹੀ ਪੰਜਾਬ ਪ੍ਰਤੀ, ਭਾਰਤ ਪ੍ਰਤੀ ਯੋਗਦਾਨ ਵਾਲੀ ਨੀਤੀ ਅਪਣਾ ਕੇ ਵੱਧ ਚੜ੍ਹ ਕੇ ਹਿੱਸਾ ਪਾਇਆ ਹੈ। ਪ੍ਰਵਾਸੀਆਂ ਨੇ ਪੰਜਾਬ ਦੇ ਵਿਕਾਸ ਲਈ ਸਦਾ ਮੂਹਰੇ ਹੋ ਕੇ ਹਰ ਪੱਖੋਂ ਖੁੱਲਦਿਲੀ ਨਾਲ ਕੰਮ ਕੀਤਾ ਹੈ। ਪ੍ਰਵਾਸੀ ਪੰਜਾਬੀਆਂ ਨੇ ਆਪਣਾ ਢਿੱਡ ਵੱਢ ਵੱਢ ਕੇ ਕਈ ਕਈ ਘੰਟੇ ਵਾਧੂ ਕੰਮ ਕਰਕੇ ਆਪਣੇ ਪਿਛਲਿਆਂ ਦੀ ਆਰਥਿਕ ਹਾਲਤ ਨੂੰ ਸਾਂਵਾਂ ਹੀ ਨਹੀਂ ਕੀਤਾ ਸਗੋਂ ਉਹਨਾਂ ਦੀ ਜ਼ਿੰਦਗੀ ਨੂੰ ਹਰ ਸੁੱਖ ਸਹੂਲਤ ਦੇਣ ਬਦਲੇ ਆਪਣੀਆਂ ਪਰਿਵਾਰਕ ਖੁਸ਼ੀਆਂ ਵੀ ਦਾਅ ਉੱਪਰ ਲਾ ਦਿੱਤੀਆਂ। ਪਰ ਸਰਕਾਰੀ ਅਮਲੇ ਵੱਲੋਂ ਦਿਖਾਈ ਗਈ ਨਾਂਹ ਪੱਖੀ ਸੋਚ ਅਤੇ ਮੀਡੀਆ ਦੇ ਰੋਲ ਨੇ ਆਮ ਲੋਕਾਂ ਦੇ ਦਿਲਾਂ ਵਿੱਚ ਪ੍ਰਵਾਸੀ ਪੰਜਾਬੀਆਂ ਪ੍ਰਤੀ ਦਿਖਾਈ ਬੇਰੁਖੀ ਇਹ ਸਿੱਧ ਕਰਦੀ ਹੈ ਕਿ ਅਸੀਂ ਅੱਜ ਵੀ ਲਕੀਰ ਦੇ ਫਕੀਰ ਹੀ ਹਾਂ। ਬੜੀ ਕਾਹਲੀ ਵਿੱਚ ਕੀਤੇ ਲਾਕਡਾਉਨ ਫਿਰ ਸਖਤ ਕਰਫਿਊ ਸਦਕਾ ਪ੍ਰਵਾਸੀ ਪੰਜਾਬੀ ਤਾਂ ਪਹਿਲਾਂ ਹੀ ਕਸੂਤੀ ਸਥਿਤੀ ਵਿੱਚ ਫਸ ਚੁੱਕੇ ਸਨ। ਇਸ ਦੇ ਨਾਲ ਨਾਲ ਸਰਕਾਰ, ਪੁਲਿਸ ਅਤੇ ਲੋਕਾਂ ਦੇ ਗੈਰ ਜ਼ਿੰਮੇਵਾਰ ਤੇ ਮਤਰੇਇਆਂ ਵਾਲੇ ਵਤੀਰੇ ਕਾਰਨ ਜਿੱਥੇ ਉਹ ਮਾਨਸਿਕ ਤੌਰ ‘ਤੇ ਦੁੱਖੀ ਹੋਏ ਉੱਥੇ ਉਹਨਾਂ ਵਿੱਚੋਂ ਬਹੁਤਿਆਂ ਨੂੰ ਸਰੀਰਕ ਦੁੱਖਾਂ ਦਾ ਸਾਹਮਣਾ ਵੀ ਕਰਨਾ ਪਿਆ। ਬਹੁਤੇ ਲੋਕ ਮਹਿੰਗੀਆਂ ਟਿਕਟਾਂ ਲੈ ਕੇ ਦੌੜਨ ਵਾਲੀ ਸਥਿਤੀ ਵਿੱਚ ਪੰਜਾਬ ਤੋਂ ਆਪਣੇ ਘਰਾਂ ਨੂੰ ਵਾਪਸ ਮੁੜਦਿਆਂ ਕੰਨਾਂ ਨੂੰ ਹੱਥ ਲਾਉਂਦੇ ਜਹਾਜਾਂ ਵਿੱਚ ਬੈਠ ਰਹੇ ਸਨ।
ਅੱਜ ਲੋੜ ਹੈ ਇਹ ਗੱਲ ਵਿਚਾਰਨ ਦੀ ਕਿ ਪੰਜਾਬ ਵਿੱਚ ਕਿੰਨੇ ਵਿੱਦਿਅਕ ਅਦਾਰੇ, ਹਸਪਤਾਲ, ਬਿਰਧ ਆਸ਼ਰਮ ਜਾਂ ਲੋਕ ਸੰਸਥਾਵਾਂ ਪ੍ਰਵਾਸੀਆਂ ਦੇ ਸਹਿਯੋਗ ਦੁਆਰਾ ਚੱਲਦੀਆਂ ਹਨ। ਪੰਜਾਬ ਦੇ ਕਿੰਨੇ ਸੰਤ ਬਾਬੇ, ਪ੍ਰਚਾਰਕ, ਗਾਇਕ ਪ੍ਰਵਾਸੀਆਂ ਦੇ ਸਿਰ ਤੇ ਆਪਣੀਆਂ ਰੋਟੀਆਂ ਸੇਕਦੇ ਹਨ। ਆਏ ਸਾਲ ਪ੍ਰਦੇਸਾਂ ਵਿੱਚ ਪਹੁੰਚ ਕੇ ਵੱਖ ਵੱਖ ਸਮਾਜਿਕ ਤੇ ਧਾਰਮਿਕ ਕੰਮਾਂ ਨੂੰ ਲੈ ਕੇ ਨੋਟਾਂ ਨੂੰ ਇਕੱਠਾ ਕਰਕੇ ਵਾਪਸ ਪੰਜਾਬ ਮੁੜਦੇ ਹਨ। ਪਰ ਹੁਣ ਸਾਰਿਆਂ ਦੇ ਮੂੰਹ ਕਿਉਂ ਸੀਤੇ ਪਏ ਸਨ। ਕਿਉਂ ਨਹੀਂ ਉਹਨਾਂ ਨੇ ਆਵਾਜ਼ ਬੁਲੰਦ ਕਰਕੇ ਹਾਅ ਦਾ ਨਾਹਰਾ ਮਾਰਿਆ ਕਿ ਇਹ ਵੀ ਸਾਡੇ ਹੀ ਭੈਣ ਭਰਾ ਹਨ। ਇਹੀ ਸਾਡੇ ਦੁੱਖ ਸੁੱਖ ਵਿੱਚ ਭਾਈਵਾਲ ਬਣਦੇ ਆਏ ਹਨ ਅਤੇ ਅੱਗੇ ਵੀ ਬਣਦੇ ਰਹਿਣਗੇ।
ਇੱਥੇ ਇਹ ਵੀ ਦੇਖਣਾ ਪਵੇਗਾ ਕਿ ਟੈਕਸੀ, ਕੱਪੜਾ, ਹੋਟਲ ਜਾਂ ਢਾਬਾ ਵਪਾਰ, ਗਾਇਕੀ ਅਤੇ ਹੋਰ ਬਹੁਤ ਕੁਝ ਵਿੱਚ ਪ੍ਰਵਾਸੀਆਂ ਦਾ ਵੱਡਾ ਯੋਗਦਾਨ ਹੋਣ ਕਰਕੇ ਇਹ ਸਭ ਲੋਕ ਕਿਸੇ ਨਾ ਕਿਸੇ ਤਰ੍ਹਾਂ ਜਰੂਰ ਪ੍ਰਭਾਵਿਤ ਹੋਣਗੇ ਜਾਂ ਘੱਟੋ ਘੱਟ ਇਹਨਾਂ ਨੇ ਪ੍ਰਵਾਸੀ ਪੰਜਾਬੀਆਂ ਨਾਲ ਹੋਏ ਇਸ ਵਿਤਕਰੇ ਨੂੰ ਲੈ ਕੇ ਮਹਿਸੂਸ ਜਰੂਰ ਕੀਤਾ ਹੋਵੇਗਾ। ਪੰਜਾਬੀ ਗਾਇਕ ਬੱਬੂ ਮਾਨ ਨੇ ਖੁੱਲ ਕੇ ਪ੍ਰਵਾਸੀ ਪੰਜਾਬੀਆਂ ਦੇ ਹੱਕ ਵਿੱਚ ਆਪਣਾ ਪੱਖ ਪੇਸ਼ ਕਰਕੇ ਇੱਕ ਸਾਰਥਿਕ ਸੁਨੇਹਾ ਦਿੱਤਾ ਹੈ। ਹੋਰ ਵੀ ਕਈ ਬੁੱਧੀਜੀਵੀ ਲੋਕਾਂ ਨੇ ਪ੍ਰਵਾਸੀ ਪੰਜਾਬੀਆਂ ਲਈ ਹਾਅ ਦਾ ਨਾਹਰਾ ਮਾਰਿਆ ਅਤੇ ਦੱਸਿਆ ਕੇ ਪ੍ਰਦੇਸ ਰਹਿੰਦੇ ਪੰਜਾਬੀ ਸਦਾ ਪੰਜਾਬ ਪ੍ਰਤੀ ਚਿੰਤਤ ਰਹੇ ਹਨ। ਅੱਜ ਪੰਜਾਬ ਦੀ ਆਰਥਿਕਾ ਦਾ ਇੱਕ ਵੱਡਾ ਹਿੱਸਾ ਪ੍ਰਦੇਸਾਂ ਵਿੱਚ ਕਮਾਈਆਂ ਕਰਨ ਵਾਲੇ ਉਹਨਾਂ ਲੋਕਾਂ ਦਾ ਹੈ ਜੋ ਸੱਤ ਸਮੁੰਦਰੋਂ ਪਾਰ ਜਾ ਕੇ ਵਿਦੇਸ਼ਾਂ ਦੀ ਚਕਾਚੌਂਧ ਵਿੱਚ ਫਸਣ ਦੀ ਬਜਾਏ ਪੰਜਾਬ ਨੂੰ ਖੁਸ਼ਹਾਲ ਦੇਖਣ ਦੇ ਚਾਹਵਾਨ ਹਨ। ਪੰਜਾਬ ਸਰਕਾਰ ਤੇ ਹੋਰ ਰਾਜਨੀਤਕ, ਧਾਰਮਿਕ, ਸਮਾਜਿਕ, ਵਿਦਿਅਕ ਤੇ ਸਭਿਆਚਾਰਕ ਸੰਗਠਨਾਂ ਨੂੰ ਅਜਿਹੇ ਮੁੱਦੇ ਗੰਭੀਰਤਾ ਨਾਲ ਵਿਚਾਰਨੇ ਚਾਹੀਦੇ ਹਨ ਅਤੇ ਮੀਡੀਆ ਉੱਪਰ ਅਜਿਹੇ ਮਸਲਿਆਂ ਨੂੰ ਵਿਚਾਰ ਚਰਚਾ ਜਰੀਏ ਨਜਿੱਠਣ ਲਈ ਠੋਸ ਤੇ ਜਾਣਕਾਰੀ ਭਰਪੂਰ ਗੱਲਬਾਤ ਹੋਣੀ ਚਾਹੀਦੀ ਹੈ। ਲੋਕਾਂ ਵਿੱਚ ਹਰ ਗੱਲ ਸਹੀ ਢੰਗ ਨਾਲ ਪ੍ਰਚਾਰੀ ਜਾਣੀ ਚਾਹੀਦੀ ਹੈ ਤਾਂ ਆਮ ਲੋਕ ਕਿਸੇ ਤਰ੍ਹਾਂ ਦੇ ਭਰਮ ਭੁਲੇਖੇ ਦਾ ਸ਼ਿਕਾਰ ਹੋਣ ਤੋਂ ਬਚ ਸਕਣ ਅਤੇ ਆਪਸੀ ਭਾਈਚਾਰਕ ਸਾਂਝ ਵਿੱਚ ਬੱਝੇ ਰਹਿਣ।