ਅਮਰੀਕਾ (ਨੀਟਾ ਮਾਛੀਕੇ / ਕੁਲਵੰਤ ਧਾਲੀਆਂ)
ਓਹਾਇਓ ਸਟੇਟ ਦੇ ਨਰਸਿੰਗ ਹੋਮ ਵਿਚ ਕੋਰੋਨਾਵਾਇਰਸ ਮਹਾਮਾਰੀ ਨਾਲ ਮੌਤਾਂ ਦਾ ਵੱਧਦਾ ਅੰਕੜਾ ਸਥਾਨਕ ਪ੍ਰਸ਼ਾਸਨ ਲਈ ਵੱਡੀ ਚਿੰਤਾ ਬਣਦਾ ਜਾ ਰਿਹਾ ਹੈ। ਸੂਬੇ ਵੱਲੋਂ ਇਸ ਹਫਤੇ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ, ਬੀਤੇ 3 ਹਫਤਿਆਂ ਵਿਚ ਇਥੇ ਦੇਖਭਾਲ ਕੇਂਦਰਾਂ ਵਿਚ ਕਰੀਬ 500 ਤੋਂ ਜ਼ਿਆਦਾ ਲੋਕਾਂ ਦੀ ਮੌਤ ਕੋਵਿਡ-19 ਇਨਫੈਕਸ਼ਨ ਕਾਰਨ ਹੋ ਚੁੱਕੀ ਹੈ। ਇਹ ਅੰਕੜਾ ਇਸ ਤੋਂ ਪਹਿਲਾਂ 2 ਹਫਤਿਆਂ ਵਿਚ ਆਏ ਕੁਲ ਮਾਮਲਿਆਂ ਦਾ ਦੁਗਣਾ ਹੈ। ਸੂਬਾਈ ਸਿਹਤ ਵਿਭਾਗ ਦੀ ਬੁਲਾਰੀ ਮਿਲੇਨੀ ਅਮਾਤੋ ਨੇ ਆਖਿਆ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਿਚ ਇਹ ਵਾਧਾ ਪਹਿਲਾਂ ਦੇ ਮਾਮਲਿਆਂ ਨੂੰ ਪਿਛਲੇ ਹਫਤੇ ਜੋੜੇ ਜਾਣ ਕਾਰਨ ਦਿੱਖ ਰਿਹਾ ਹੈ। ਮੱਧ ਅਪ੍ਰੈਲ ਤੋਂ ਨਰਸਿੰਗ ਹੋਮ ਵਿਚ ਰਹਿਣ ਵਾਲੇ ਅਤੇ ਕਰਮਚਾਰੀਆਂ ਦੇ ਵਾਇਰਸ ਤੋਂ ਪ੍ਰਭਾਵਿਤ ਹੋਣ ਵਾਲੇ 4300 ਮਾਮਲੇ ਸਾਹਮਣੇ ਆ ਚੁੱਕੇ ਹਨ। ਹਾਲਾਂਕਿ ਇਹ ਅੰਕੜੇ ਵਾਇਰਸ ਕਾਰਨ ਇਥੇ ਨਰਸਿੰਗ ਹੋਮ ਦੀ ਬਰਬਾਦੀ ਦੀ ਪੂਰੀ ਕਹਾਣੀ ਬਿਆਨ ਨਹੀਂ ਕਰਦੇ ਕਿਉਂਕਿ ਓਹੀਓ ਸਿਹਤ ਵਿਭਾਗ ਨੇ ਸਿਰਫ ਬੀਤੇ 3 ਹਫਤਿਆਂ ਦੇ ਹੀ ਕੁਲ ਅੰਕੜੇ ਜਾਰੀ ਕੀਤੇ ਹਨ। ਉਥੇ ਹੀ ਪੂਰੇ ਅਮਰੀਕਾ ਵਿਚ 1,333,230 ਮਾਮਲੇ ਸਾਹਮਣੇ ਆ ਚੁੱਕੇ ਹਨ, ਜਿਨ੍ਹਾਂ ਵਿਚੋਂ 79,244 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 223,876 ਲੋਕਾਂ ਨੂੰ ਰੀ-ਕਵਰ ਕੀਤਾ ਜਾ ਚੁੱਕਿਆ ਹੈ। ਦੱਸ ਦਈਏ ਕਿ ਅਮਰੀਕਾ ਹੁਣ ਤੱਕ 8,646,578 ਕੋਰੋਨਾ ਟੈਸਟ ਕਰ ਚੁੱਕਿਆ ਹੈ।