ਸ. ਬਲਬੀਰ ਸਿੰਘ ਸਿੱਧੂ ਅੱਜ ਅੰਮ੍ਰਿਤਸਰ ਵਿਚ ਕੋਵਿਡ-19 ਦੀ ਰੋਕਥਾਮ ਲਈ ਕੀਤੇ ਗਏ ਪ੍ਰਬੰਧਾਂ ਅਤੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਪੁੱਜੇ
ਚੰਡੀਗੜ੍ਹ, ਅੰਮ੍ਰਿਤਸਰ (ਰਾਜਿੰਦਰ ਭਦੌੜੀਆ, ਰਾਜਿੰਦਰ ਰਿਖੀ)

ਕੈਬਨਿਟ ਮੰਤਰੀ ਸ. ਬਲਵੀਰ ਸਿੰਘ ਸਿੱਧੂ ਨੇ ਦੱਸਿਆ ਕਿ ਕੋਵਿਡ-19 ਦੀ ਰੋਕਥਾਮ ਸਬੰਧੀ ਸਿਹਤ ਵਿਭਾਗ ਵੱਲੋਂ ਜਿਲੇ ਅੰਦਰ ਮੈਡੀਕਲ ਸਹੂਲਤਾਂ, ਹਸਪਤਾਲਾਂ ਵਿਚ ਮਰੀਜਾਂ ਲਈ ਲੋੜੀਦੇ ਪ੍ਰਬੰਧਾਂ ਅਤੇ ਪੀੜਤ ਮਰੀਜ਼ਾਂ ਦੇ ਇਲਾਜ ਅਤੇ ਸ਼ੱਕੀ ਮਰੀਜਾਂ ਦੀ ਸੈਂਪਲਿੰਗ ਕਰਨ ਸਬੰਧੀ ਕੀਤੇ ਉਪਰਾਲਿਆਂ ਦੀ ਸਮੀਖਿਆ ਕੀਤੀ ਗਈ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਇਸ ਸੰਕਟ ਦੀ ਘੜੀ ਵਿਚ ਲੋਕਾਂ ਦੀ ਸਿਹਤ ਸੰਭਾਲ ਨੂੰ ਲੈ ਕੇ ਕੋਈ ਮੁਸ਼ਕਿਲ ਨਾ ਆਉਣ ਦੇਣ ਲਈ ਦ੍ਰਿੜ ਹੈ ਅਤੇ ਹਸਪਤਾਲਾਂ ਵਿਚ ਜਿਸ ਵੀ ਮੈਡੀਕਲ ਸਹੂਲਤਾਂ ਦੀ ਜਰੂਰਤ ਹੋਵੇਗੀ ਉਹ ਤੁਰੰਤ ਪੂਰੀ ਕੀਤੀ ਜਾਵੇਗੀ। ਉਨਾਂ ਕਿ ਹਸਪਤਾਲਾਂ ਵਿਚ ਲੋੜੀਦੀਆਂ ਦਵਾਈਆਂ, ਪੀ.ਪੀ.ਈ ਕਿੱਟਾਂ, ਐਨ-95 ਮਾਸਕ, ਮਾਸਕ (ਟ੍ਰਿਪਲ ਲੇਅਰ), ਸੈਂਨੀਟਾਈਜ਼ਰ, ਦਸਤਾਨੇ ਆਦਿ ਦੀ ਕੋਈ ਘਾਟ ਨਹੀਂ ਹੈ ਅਤੇ ਮਰੀਜਾਂ ਦੇ ਇਲਾਜ ਤੇ ਸਿਹਤ ਵਿਭਾਗ ਦੇ ਸਟਾਫ ਵਿਚ ਕਿਸੇ ਕਿਸਮ ਦੀ ਕੋਈ ਘਾਟ ਨਾ ਆਉਣ ਨੂੰ ਯਕੀਨੀ ਬਣਾਇਆ ਜਾਵੇਗਾ। ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਦੀ ਅਗਵਾਈ ਵਿਚ ਸਮੁੱਚੀ ਟੀਮ ਕੋਵਿਡ –19 ਦੀ ਰੋਕਥਾਮ ਲਈ ਸ਼ਲਾਘਾਯੋਗ ਕੰਮ ਕਰ ਰਹੀ ਹੈ।
ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਵਲੋਂ ਪੰਜਾਬ ਵਿਚ ਰਹਿੰਦੇ ਪ੍ਰਵਾਸੀ ਮਜ਼ਦੂਰਾਂ ਦੀ ਘਰ ਵਾਪਸੀ ਲਈ ਵਿਸ਼ੇਸ ਯਤਨ ਕੀਤੇ ਗਏ ਹਨ ਅਤੇ ਪੰਜਾਬ ਸਰਕਾਰ ਵਲੋਂ ਪਹਿਲੇ ਗੇੜ ਵਿਚ ਪ੍ਰਵਾਸੀ ਮਜ਼ਦੂਰਾਂ ਨੂੰ ਉਨ•ਾਂ ਦੇ ਸੂਬਿਆਂ ‘ਚ ਭੇਜਣ ਲਈ ਭਾਰਤੀ ਰੇਲਵੇ ਦੁਆਰਾ ਤੈਅ ਰੇਲ ਆਵਾਜਾਈ ਦੀ ਲਾਗਤ ਦੇ ਆਪਣੇ ਹਿੱਸੇ ਵਜੋਂ 35 ਕਰੋੜ ਰੁਪਏ ਦੀ ਪ੍ਰਵਾਨਗੀ ਦਿੱਤੀ ਗਈ ਹੈ ਤੇ ਜਲਦ ਉਨਾਂ ਦੀ ਘਰ ਵਾਪਸੀ ਹੋ ਰਹੀ ਹੈ।
ਇਕ ਸਵਾਲ ਦੇ ਜਵਾਬ ਵਿਚ ਸ. ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਬਾਹਰਲੇ ਰਾਜਾਂ ਤੋਂ ਆਏ ਸਾਰੇ ਲੋਕਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਠਹਿਰਾਉਣ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਜਿਨਾਂ ਦੀ ਰਿਪੋਰਟ ਕੋਰੋਨਾ ਪੋਜ਼ਟਿਵ ਆਈ ਹੈ, ਉਨਾਂ ਨੂੰ ਹਸਪਤਾਲਾਂ ਦੇ ਆਈਸ਼ੋਲੇਸ਼ਨ ਵਾਰਡਾਂ ਵਿਚ ਰੱਖਿਆ ਗਿਆ ਤੇ ਸਿਹਤ ਵਿਭਾਗ ਵਲੋਂ ਇਲਾਜ ਕੀਤਾ ਜਾ ਰਿਹਾ ਹੈ, ਜਦਕਿ ਬਾਕੀ ਲੋਕਾਂ ਨੂੰ ਏਕਾਂਤਵਾਸ ਕੇਂਦਰਾਂ ਵਿਚ ਠਹਿਰਾਇਆ ਜਾ ਰਿਹਾ ਹੈ। ਕੈਬਨਿਟ ਮੰਤਰੀ ਸ. ਸਿੱਧੂ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕਿਹਾ ਕਿ ਹਸਪਤਾਲਾਂ ਅੰਦਰ ਮਰੀਜਾਂ ਦੇ ਇਲਾਜ ਵਿਚ ਕਿਸੇ ਕਿਸਮ ਦੀ ਕੋਈ ਘਾਟ ਨਾ ਆਉਣ ਦਿੱਤੀ ਜਾਵੇ। ਉਨਾਂ ਸਿਹਤ ਅਧਿਕਾਰੀਆਂ ਨੂੰ ਕੋਵਿਡ-19 ਤੋਂ ਇਲਾਵਾ ਹਸਪਤਾਲਾਂ ਵਿਚ ਦੂਸਰੀਆਂ ਬਿਮਾਰੀਆਂ ਨਾਲ ਪੀੜਤ ਮਰੀਜਾਂ ਦੀ ਵੀ ਦੇਖਭਾਲ ਵਿਚ ਕੋਈ ਢਿੱਲਮੱਠ ਨਾ ਵਰਤਣ ਲਈ ਕਿਹਾ।