
ਕੋਰੋਨਾ ਵਾਇਰਸ ਫੇਫੜਿਆਂ ’ਤੇ ਵਾਰ ਕਰਦਾ ਹੈ। ਜੇਕਰ ਤੁਹਾਡੇ ਫੇਫੜੇ ਮਜ਼ਬੂਤ ਨਹੀਂ ਹਨ ਤਾਂ ਤੁਸੀਂ ਵਾਇਰਸ ਦਾ ਮੁਕਾਬਲਾ ਨਹੀਂ ਕਰ ਸਕੋਗੇ । ਇਹ ਖਤਰਾ ਓਦੋਂ ਹੋਰ ਵੀ ਵਧ ਜਾਂਦਾ ਹੈ ਜੇ ਤੁਸੀਂ ਤੰਬਾਕੂ ਦਾ ਸੇਵਨ ਕਰਦੇ ਹੋ। ਅਜਿਹੇ ’ਚ ਇਸ ਦਾ ਨਤੀਜਾ ਇਹ ਹੁੰਦਾ ਹੈ ਕਿ ਤੁਹਾਨੂੰ ਕੋਰੋਨਾ ਇਨਫੈਕਸ਼ਨ ਬਹੁਤ ਛੇਤੀ ਹੋਣ ਦੇ ਨਾਲ ਤੁਹਾਡੇ ਠੀਕ ਹੋਣ ਦੇ ਮੌਕੇ ਵੀ ਬਹੁਤ ਘੱਟ ਹੁੰਦੇ ਹਨ। ਤੰਬਾਕੂਨੋਸ਼ੀ ਲੋਕਾਂ ਨੂੰ ਅਤਿ ਸੰਵੇਦਨਸ਼ੀਲ ਬਣਾ ਦਿੰਦੀ ਹੈ, ਜਿਸ ਨਾਲ ਉਨ੍ਹਾਂ ਨੂੰ ਗੰਭੀਰ ਰੂਪ ਨਾਲ ਕੋਰੋਨਾ ਆਪਣੀ ਲਪੇਟ ’ਚ ਲੈ ਸਕਦਾ ਹੈ। ਇਹ ਤੱਥ ਯੂਰਪੀਅਨ ਯੂਨੀਅਨ ਹੈਲਥ ਏਜੰਸੀ ਦੇ ਇਕ ਅਧਿਐਨ ’ਚ ਸਾਹਮਣੇ ਆਇਆ ਹੈ। ਵੂਮੈਨਸ ਹੈਲਥ ਅਤੇ ਵੈੱਲਨੈੱਸ ਵੈੱਬਸਾਈਟ ‘ਹੈਲਥਸ਼ਾਟਸ’ ਵਿੱਚ ਛਪੇ ਇਕ ਲੇਖ ਮੁਤਾਬਕ ਤੰਬਾਕੂਨੋਸ਼ੀ ਅਤੇ ਕੋਰੋਨਾਵਾਇਰਸ ਨਾਲ ਜੁੜੇ ਕਈ ਪਹਿਲੂਆਂ ਨੂੰ ਸਾਹਮਣੇ ਲਿਆਂਦਾ ਗਿਆ ਹੈ।
ਵਾਇਰਸ ਤੋਂ ਸਭ ਤੋਂ ਜ਼ਿਆਦਾ ਖਤਰਾ
ਯੂਰਪੀਅਨ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਦੇ ਡਾਟਾ ਮੁਤਾਬਕਤੰਬਾਕੂਨੋਸ਼ੀ ਕਰਨ ਵਾਲੇ ਲੋਕਾਂ ਨੂੰ ਕੋਵਿਡ-19 ਵਾਇਰਸ ਦੀ ਲਪੇਟ ’ਚ ਆਉਣ ਦਾ ਸਭ ਤੋਂ ਜ਼ਿਆਦਾ ਖਤਰਾ ਰਹਿੰਦਾ ਹੈ। ਅੰਕੜਿਆਂ ਮੁਤਾਬਕ ਚੀਨ ’ਚ 80 ਫੀਸਦੀ ਲੋਕ ਜੋ ਇਸ ਬੀਮਾਰੀ ਦੀ ਲਪੇਟ ’ਚ ਸਨ, ਉਨ੍ਹਾਂ ’ਚ ਵਾਇਰਸ ਦੇ ਬਹੁਤ ਘੱਟ ਲੱਛਣ ਦਿਖਾਈ ਦਿੱਤੇ ਸਨ ਜਦੋਂ ਕਿ ਯੂਰਪ ’ਚ ਇਹ ਅੰਕੜਾ 70 ਫੀਸਦੀ ਸੀ ਪਰ 10 ’ਚੋਂ 3 ਮਾਮਲਿਆਂ ਨੂੰ ਦੇਖਭਾਲ ਦੀ ਸਖਤ ਲੋੜ ਸੀ। ਉਥੇ ਹੀ 70 ਸਾਲ ਤੋਂ ਉਪਰ ਉਮਰ ਵਾਲੇ ਮਰੀਜ਼ ਜਿਨ੍ਹਾਂ ਨੂੰ ਹਾਈਪਰ, ਡਾਇਬਟੀਜ਼, ਕਾਰਡੀਓਵਾਸਕੁਲਰ ਦੀ ਸ਼ਿਕਾਇਤ ਸੀ, ਉਹ ਕੋਵਿਡ-19 ਤੋਂ ਸਭ ਤੋਂ ਜ਼ਿਆਦਾ ਪੀੜਤ ਸਨ। ਇਨ੍ਹਾਂ ਮਰੀਜ਼ਾਂ ’ਚ ਮਰਦਾਂ ਦੀ ਗਿਣਤੀ ਵੱਧ ਸੀ। ਰਿਪੋਰਟ ’ਚ ਇਹ ਤੱਥ ਵੀ ਸਾਹਮਣੇ ਆਏ ਕਿ ਤੰਬਾਕੂਨੋਸ਼ੀ ਕਰਨ ਵਾਲੇ ਜ਼ਿਆਦਾਤਰ ਲੋਕਾਂ ਨੂੰ ਇਸ ਬੀਮਾਰੀ ਦੇ ਲੱਛਣ ਦੇ ਰੂਪ ’ਚ ਸਾਹ ਲੈਣ ’ਚ ਤਕਲੀਫ ਦੀ ਸ਼ਿਕਾਇਤ ਦੇਖੀ ਗਈ। ਬਜ਼ੁਰਗਾਂ ਦੀ ਤੁਲਨਾ ’ਚ ਤੰਬਾਕੂ ਦਾ ਸੇਵਨ ਕਰਨ ਵਾਲੇ ਲੋਕਾਂ ਦੀਆਂ ਮੌਤਾਂ ’ਚ ਤੇਜ਼ੀ ਨਾਲ ਵਾਧਾ ਹੋਇਆ। ਉਥੇ ਹੀ ਚੀਨ ਦੇ ਡਾਕਟਰਾਂ ਨੇ ਕੋਰੋਨਾ ਵਾਇਰਸ ਦੇ 99 ਮਰੀਜ਼ਾਂ ਦੇ ਸੈਂਪਲ ਜਾਂਚ ਲਈ ਲਏ ਸਨ। ਇਸ ਜਾਂਚ ’ਚ ਉਨ੍ਹਾਂ ਨੇ ਦੇਖਿਆ ਕਿ ਸਿਗਰਟਨੋਸ਼ੀ ਕਰਨ ਵਾਲੇੇ ਲੋਕਾਂ ਦੀ ਮੌਤ ਦਾ ਅੰਕੜਾ ਬਜ਼ੁਰਗਾਂ ਦੀ ਤੁਲਨਾ ’ਚ ਕਾਫੀ ਜ਼ਿਆਦਾ ਸੀ। ਇਸ ਬਾਰੇ ਯੂਨੀਵਰਸਿਟੀ ਆਫ ਸਾਊਥ ਕੈਰੋਲੀਨਾ ਦੇ ਇਕ ਅਧਿਐਨ ’ਚ ਕਿਹਾ ਗਿਆ ਹੈ ਕਿ ਤੰਬਾਕੂਨੋਸ਼ੀ ਨਾਲ ਫੇਫੜਿਆਂ ’ਚ ਐਂਜ਼ਾਈਮ ਦੀ ਕਿਰਿਆਸ਼ੀਲਤਾ ਵਧ ਜਾਂਦੀ ਹੈ, ਜਿਸ ਨਾਲ ਏ. ਸੀ. ਈ.-2 ਕੋਵਿਡ-19 ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੈ। ਉਥੇ ਹੀ ਏ. ਸੀ. ਈ.-2 (ਐਨਜਿਓਟੈਨਸਿਨ ਕਨਵਰਟਿੰਗ ਐਂਜ਼ਾਈਮ 2) ਉਮਰ ਅਤੇ ਕੁਝ ਹੋਰ ਕਾਰਕਾਂ ਜਿਵੇਂ ਹਾਈਪਰਟੈਨਸ਼ਨ ਦੇ ਇਲਾਜ ਨਾਲ ਵੀ ਵਧਦਾ ਹੈ। ਇਹ ਦੋਵੇਂ ਬੇਹੱਦ ਖਤਰਨਾਕ ਤੱਥ ਹਨ। ਵੈਸੇ ਵੀ ਜੇ ਸੋਚੀਏ ਤਾਂ ਜੇ ਤੰਦਰੁਸਤ ਰਹਿਣਾ ਹੈ ਤਾਂ ਅਜਿਹੀਆਂ ਅਲਾਮਤਾਂ ਕੋਲੋਂ ਖਹਿੜਾ ਛੁਡਾਇਆ ਹੀ ਚੰਗਾ ਹੈ।