ਚਿੱਟੀ ਚਾਦਰ ਕਾਲਪਨਿਕ ਭਰਮ ਹੈ, ਵੱਖਰੀ ਗੱਲ ਹੈ ਕੁਝ ਦਾਗ ਨਜ਼ਰ ਆਉਂਦੇ ਤੇ ਕੁਝ ਛੁਪੇ ਹੋਏ, ਕਈ ਵਾਰ ਤਹਿ ਮਾਰਨ ਵਾਲਾ ਲੁਕਾਉਣ ਦੀ ਮੁਹਾਰਤ ਰੱਖਦਾ ਹੈ, ਤੇ ਕਈ ਵਾਰ ਡਾਂਗ ਦੇ ਜੋਰ ਕੁਝ ਨਜਰ ਨਹੀਂ ਆਉਣ ਦਿੰਦੇ, ਕਹਿੰਦੇ ਚੰਨ ਵੀ ਸੋਲਾਂ ਕਲਾ ਸੰਪੂਰਨ ਨਹੀਂ, ਜੇ ਪੂਰਾ ਸੱਚ ਲੱਭਣ ਤੁਰ ਪਵੋਗੇ ਤਾਂ ਕਾਸਾ ਖਾਲੀ ਹੀ ਰਹੇਗਾ, ਖੋਟ ਤੋਂ ਬਿਨਾ ਗਹਿਣਾ ਲਚਕੀਲਾ ਬਣਦਾ, ਕਮਰੋੜ ਸਿੱਧੀ ਰੱਖਣ ਲਈ ਸਮਝੌਤੇ ਕਰਨੇ ਪੈਂਦੇ ਆ। ਦੁਨੀਆ ਬਦਲਣ ਦੀ ਸਕੀਮ ਸਿਰੇ ਨੀ ਚੜਦੀ, ਅੱਖ ਦੇ ਸ਼ੀਸ਼ੇ ਬਦਲੋ, ਨਜਰ ਦਾ ਨਜ਼ਰੀਆ ਬਦਲੋ। ਹਰ ਸਕੀ ਇੱਜਤ ਆਬਰੂ ਵਾਲੀ ਤੇ ਬੇਗਾਨੀ ਸੇਜ ਦੀ ਰੰਗੀਨੀ, ਸਫੇਦੀ ਜੋਖਮ ਹੈ, ਦੂਰੋਂ ਕਿਤੋਂ ਲਿਸ਼ਕਾਰਾ ਵੀ ਪਵੇ ਤਾਂ ਪਿਲੱਤਣ ਛਾ ਜਾਣ ਦਾ ਡਰ ਬਣਿਆ ਰਹਿੰਦਾ। ਭੋਰਾ ਛਿੱਟਾ ਵੀ ਪਵੇ, ਤਾਂ ਮੁੜ ਅਸਲੇ ਵਿੱਚ ਵਾਪਸੀ ਔਖੀ, ਕਾਲਾ ਰੰਗ ਸਭ ਸਮੋ ਲੈਂਦਾ, ਔਖਿਆਈ ਜਰ ਲੈਂਦਾ, ਇਹ ਦੁਨੀਆ ਕਾਲੀ ਜਾਂ ਚਿੱਟੀ ਨਹੀਂ, ਮਿਸ਼ਰਣ ਹੈ, ਸਲੇਟੀ ਦੋਵੇ ਪਾਸੇ ਚੱਲ ਜਾਂਦਾ, ਚੁਨਣ ਦੀ ਕੋਸ਼ਿਸ਼ ਨਾ ਕਰੋ, ਜੋ ਮਿਲਿਆ ਉਸਦੇ ਵਿੱਚ ਜਜ਼ਬ ਹੋਣ ਦੀ, ਸਮੋਣ ਦੀ ਜਾਂ ਸਮਾ ਜਾਣ ਦੀ ਕਰੋ। ਨੀਲੇ ਅਸਮਾਨ ਦੀ ਭਾਲ ਵਿੱਚ ਪਤਾ ਨਹੀ ਕਿੰਨਾ ਕੁ ਇੰਤਜਾਰ ਕਰਨਾ ਪਵੇਗਾ, ਜੇ ਲੱਭ ਵੀ ਗਿਆ ਤਾਂ ਉਝਲ ਹੋ ਜਾਣ ਦਾ ਡਰ, ਸਭ ਕੁਝ ਹੜਾ ਜਾਣ ਦੀ ਸਮਰੱਥਾ ਰੱਖਣ ਵਾਲੀਆਂ ਬੱਦਲੀਆਂ, ਧੂੜਾਂ ਅਤੇ ਕਾਲਖਾਂ ਭਰੀਆ ਡਰਾਉਣੀਆਂ ਹਨੇਰੀਆ ਭਰੇ ਅੰਬਰ ਨਾਲ ਰਿਸ਼ਤਾ ਜੋੜ ਲਵੋ, ਚਿਰੰਜੀਵੀ ਰਹੇਗਾ, ਤੁਹਾਡੀ ਸ਼ਖਸ਼ੀਅਤ ਨੂੰ ਵੀ ਤਰਾਸ਼ੇਗਾ, ਸੰਪੂਰਨਤਾ ਇੱਕ ਕਵਚ ਹੈ, ਉਸਦੇ ਪਿੱਛੇ ਛੁਪੇ ਅੱਧੇ ਸੱਚ ਨਾਲ ਪਾਈ ਯਾਰੀ ਤੋੜ ਨਿਭੇਗੀ, ਜੋ ਸੱਚਾ ਸੁੱਚਾ ਹੋਣ ਦਾ ਦਿਖਾਵਾ ਕਰਦਾ, ਉਸ ਨਾਲੋ ਝੂਠ ਢਿੰਡੋਰਾ ਪਿੱਟਣ ਵਾਲਾ, ਸ਼ਾਂਤ ਮੀਸਣੀ ਚੁੱਪ ਨਾਲੋ, ਗੁੱਸੇ ਵਿੱਚ ਆਪਾ ਖੋਕੇ ਬੁਰਾ ਭਲਾ ਕਹਿਣ ਵਾਲਾ ਬੜਬੋਲਾ ਲੱਖ ਦਰਜੇ ਚੰਗਾ, ਭੌਂਕਣ ਵਾਲਾ ਕੱਟਦਾ ਨਹੀਂ, ਸਭ ਰੰਗਾਂ ਨੂੰ ਅਪਣਾਉ, ਭਿੰਨਤਾ ਹੀ ਸ਼ਿੰਗਾਰ ਹੈ, ਭਗਵਾਂ, ਹਰਾ, ਕੇਸਰੀ, ਚਿੱਟਾ, ਪੀਲਾ, ਕੱਠੇ ਹੋਕੇ ਗੁਲਦਸਤਾ ਬਣਦਾ, ਸਭ ਨੂੰ ਪੁੰਘਰਨ ਦਿਉ, ਕੋਈ ਵੀ ਰੰਗ ਕਮਜੋਰ ਨਹੀਂ ਹੁੰਦਾ, ਬਹਾਰ ਹਮੇਸ਼ਾ ਨਹੀ ਰਹਿੰਦੀ, ਪੱਤਝੜ ਵਿੱਚ, ਉੱਚੇ, ਨੀਵੇ, ਮਹਿਕਾਂ ਵਾਲੇ, ਟਹਿਕਾਂ ਵਾਲੇ, ਪੱਤਰ ਜ਼ਮੀਨ ਤੇ ਇੱਕਸਾਰ ਡਿੱਗਦੇ ਨੇ ਤੇ ਖਾਕ ਹੋ ਜਾਂਦੇ ਨੇ, ਇੰਨਾ ਕੁ ਹੀ ਵਜੂਦ ਹੈ, ਡਿੱਗ ਕੇ ਇੱਕੋ ਹੋਣੀ ਨੂੰ ਮਿਲਣ ਤੋਂ ਪਹਿਲਾ ਹੀ ਸਭ ਦੇ ਗਲੇ ਲੱਗਕੇ ਸਮਾਨਤਾ ਦੀ ਦੁਨੀਆਂ ਸਿਰਜ ਲਵੋ।
ਬਿੱਟੂ ਖੰਗੂੜਾ +447877792555