ਨਵਗੀਤ ਕੌਰ
ਹਰ ਪਾਸੇ ਸੁੰਨਸਾਨ ਹੋ ਗਿਆ
ਪਿੰਡ ਤੇ ਸ਼ਹਿਰ ਵੀਰਾਨ ਹੋ ਗਿਆ
ਹਵਾ ਵੀ ਹੁਣ ਚੁੱਪ ਵਾਂਗੂੰ ਵਗਦੀ
ਮਿਹਰ ਕਰੋ ਦਾਤਾ ਜੀ!!
ਮੈਨੂੰ ਖ਼ੈਰ ਨਹੀਂ ਲੱਗਦੀ!!!
ਹੁਣ ਕੋਈ ਨਹੀਂ ਛੇੜਦਾ ਸਾਜ਼ਾਂ ਨੂੰ
ਨਾ ਕੋਈ ਗਾਓੰਦਾ ਰਾਗਾਂ ਨੂੰ
ਦਿਓ ਕੋਈ ਸੁਨੇਹੇ ਕਾਗਾਂ ਨੂੰ
ਸੁੰਨੇ ਪਏ ਬਨੇਰੇ ਨੇ
ਸਭ ਆਉਣਾ ਜਾਣਾ ਮੁੱਕ ਚੱਲਿਆ
ਦਿਲ ਚ ਪੀੜ ਰਹੇ ਮਘਦੀ
ਮਿਹਰ ਕਰ ਮੇਰੇ ਦਾਤਿਆ
ਮੈਨੂੰ ਖ਼ੈਰ ਨਹੀਂ ਲੱਗਦੀ।
ਸੁੰਨੇ ਬਾਗ ਨੇ ਬਿਨਾ ਮਾਲੀਆਂ
ਵਾਜਾਂ ਮਾਰਨ ਫੁੱਲ ਤੇ ਡਾਲੀਆਂ
ਫਿਰ ਮਾਣੀਏ ਖ਼ੁਸ਼ਬੂ ਫੁੱਲਾਂ ਦੀ
ਸਾਨੂੰ ਦੇ ਦਿਓ ਮਾਫ਼ੀ ਭੁੱਲਾਂ ਦੀ
ਕੁਦਰਤ ਦੀ ਬੁੱਕਲ਼ ਤੋ ਬਿਨਾਂ
ਰੂਹ ਨਹੀਂ ਰੱਜਦੀ
ਮਿਹਰ ਕਰੋ ਹੁਣ ਦਾਤਾ ਜੀ!!
ਮੈਨੂੰ ਖ਼ੈਰ ਨਹੀਂ ਲੱਗਦੀ
ਪਏ ਖੇਤ ਤਰਸਣ ਕਿਸਾਨਾਂ ਨੂੰ
ਤਾਲ਼ੇ ਲਮਕਣ ਵੇਖ ਦੁਕਾਨਾਂ ਨੂੰ
ਕਣਕਾਂ ਸੁਨੇਹੇ ਘੱਲਦੀਆਂ ਨੇ
ਅਸੀਂ ਝੂੰਮੀਏ ਕਿਹੜੇ ਚਾਵਾਂ ਨੂੰ
ਇਕੋ ਅਰਦਾਸ ਹੈ ਦਿਲ ਦੀ
ਸਾਡੇ ਪਰਦੇ ਕੱਜ ਦੇਈਂ
ਮਿਹਰ ਕਰੀਂ ਮੇਰੇ ਦਾਤਿਆ
ਮੈਨੂੰ ਖ਼ੈਰ ਨਹੀਂ ਲੱਗਦੀ

ਨਵਗੀਤ ਕੌਰ
ਲੁਧਿਆਣਾ