3.4 C
United Kingdom
Sunday, March 8, 2026

More

    ਕੋਰੋਨਾ ਲਾਕਡਾਊਨ ਦੌਰਾਨ ਅਰਦਾਸ ਅਤੇ ਹੌਸਲੇ ਦੇ ਹੋਕੇ ਨਾਲ ਪੇਸ਼ ਨੇ ਪੰਜਾਬੀ ਕਲਾਕਾਰ

    ਡਾ. ਸੁਰਜੀਤ ਸਿੰਘ ਭਦੌੜ

    ਕਲਾਕਾਰ ਚਾਹੇ ਕਿਸੇ ਵੀ ਵੰਨਗੀ ਚ ਹੋਣ ਅਦਾਕਾਰ, ਗਾਇਕ ਜਾਂ ਫਿਰ ਸਾਹਿਤਕਾਰ ਤੇ ਗੀਤਕਾਰ, ਆਮ ਲੋਕਾਂ ਦੀ ਜੀਵਨਸ਼ੈਲੀ ਨੂੰ ਪ੍ਰਭਾਵਤ ਕਰਦੇ ਹਨ । ਇਸੇ ਲਈ ਗਾਇਕਾਂ ਅਤੇ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਅਕਸਰ ਸਮਾਜਿਕ ਕਟਹਿਰੇ ਚ ਚਰਚਿਤ ਰਹਿੰਦੀਆਂ ਹਨ । ਮਨੁੱਖਤਾ ਤੇ ਆਉਂਦੀ ਕਿਸੇ ਵੀ ਭੀੜ ਵਿੱਚ ਲੀਡਰਾਂ ਦੇ ਨਾਲ ਨਾਲ ਆਮ ਲੋਕ ਕਲਾਕਾਰਾਂ ਤੋਂ ਵੀ ਬਣਦੀ ਜਿੰਮੇਵਾਰੀ ਨਿਭਾਉਣ ਦੀ ਉਮੀਦ ਰੱਖਦੇ ਹਨ । ਕੋਰੋਨਾਂ ਬਿਮਾਰੀ ਦੀ ਚਲਦੀ ਮਹਾਂਮਾਰੀ ਦੇ ਲਪੇਟੇ ਚ ਸਮੁੱਚੀ ਮਨੁੱਖਤਾ ਹੈ । ਇਸ ਬਿਮਾਰੀ ਦੀ ਵੱਡੀ ਮੁਸ਼ਕਲ ਵਿਅਕਤੀਗਤ ਦੂਰੀ ਵੀ ਹੈ, ਜਿਸ ਕਾਰਨ ਘਰਾਂ ਵਿੱਚ ਕੈਦ ਮਨੁੱਖਾਂ ਨੂੰ ਰੂਹ ਦੀ ਖੁਰਾਕ ਸੰਗੀਤ ਨਾਲ ਮਹਾਂਮਾਰੀ ਦੇ ਮੁਕਾਬਲੇ ਲਈ ਹੌਸਲਾ ਪਰੋਸਣਾ ਵੀ ਸੌਖਾਲਾ ਰਾਹ ਨਹੀਂ ਹੈ । ਇਸ ਮਹਾਂਮਾਰੀ ਦੇ ਦੌਰ ਵਿੱਚ ਪੰਜਾਬ ਦੇ ਅਦਾਕਾਰਾਂ, ਗਾਇਕਾਂ, ਗੀਤਾਕਾਰਾਂ ਅਤੇ ਕਲਾਕਾਰਾਂ ਨੇ ਆਪਣੀ ਸਮਾਜਿਕ ਜਿੰਮੇਵਾਰੀ ਨੂੰ ਕਬੂਲਦਿਆਂ ਸੰਗੀਤਕ ਖੁਰਾਕ ਸ਼ੋਸਲ ਮੀਡੀਆ ਦੇ ਮਾਧਿਅਮ ਤੋਂ ਸਰੋਤਿਆਂ ਅਤੇ ਦਰਸ਼ਕਾਂ ਦੇ ਦਰ ਤੇ ਪਹੁੰਚਾਉਣ ਦਾ ਬੀੜਾ ਚੁੱਕਿਆ ਹੈ । ਲਾਕਡਾਊਨ ਵਿੱਚ ਸਮੇਂ ਦੀ ਵਰਤੋਂ ਦਾ ਵਧੀਆਂ ਸਾਧਨ ਮੰਨੇ ਜਾਂਦੇ ਸ਼ੋਸਲ ਮੀਡੀਆ ਤੇ ਕਰਮਜੀਤ ਅਨਮੋਲ ਅਤੇ ਸੂਫੀ ਬਲਬੀਰ ਦਾ ਗਾਇਆ ਗਾਣਾ “ ਇੱਕ ਅਰਦਾਸ ” ਤੋਂ ਇਲਾਵਾ ਅਸ਼ੋਕ ਮਸਤੀ ਦੀ ਆਵਾਜ ਵਿੱਚ “ ਹੌਸਲਾ ਨਾਂ ਛੱਡੀ ” ਅਤੇ ਅਫਸਾਨਾ ਖਾਨ ਅਤੇ ਰਜਾ ਹੀਰ ਦੀ ਆਵਾਜ ਵਿੱਚ ਗਾਇਆ “ ਗੀਤ ਜਿਤਾਂਗੇ ਹੌਸਲੇ ਨਾਲ ” ਬਹੁਤ ਪ੍ਰਸਿੱਧੀ ਖੱਟ ਰਹੇ ਹਨ । ਇਸ ਵਿੱਚ ਕੋਈ ਅਤਿਕਥਨੀ ਨਹੀਂ ਕਿ ਕਿਸੇ ਵੀ ਤਰਾਂ ਮੁਸ਼ਕਲ ਦੀ ਘੜੀ ਵਿੱਚ ਅਰਦਾਸ ਅਤੇ ਉਤਸ਼ਾਹਜਨਕ ਸੱਭਿਆਚਾਰਕ ਪੇਸ਼ਕਾਰੀਆਂ ਮਨੁੱਖ ਨੂੰ ਮਾਨਸਿਕ ਹੁਲਾਰਾ ਦਿੰਦੀਆਂ ਹਨ । ਸੂਫੀ ਬਲਬੀਰ ਦੇ ਲਿਖੇ “ ਵਾਸਤਾ ਏ ਤੈਨੂੰ ਰੱਬਾ ਤੇਰੇ ਸਾਰੇ ਨਾਵਾਂ ਦਾ, ਤਰਲਾ ਜਹਾਨ ਦੀਆਂ ਸਾਰੀਆਂ ਮਾਵਾਂ ਦਾ ” ਦੇ ਬੋਲਾਂ ਨੂੰ ਬਲਬੀਰ ਦੇ ਨਾਲ ਕਰਮਜੀਤ ਅਨਮੋਲ ਦੀ ਆਵਾਜ ਵਿੱਚ ਪੀਟੀਸੀ ਰਿਕਾਰਡ ਨੇ ਜਾਰੀ ਕੀਤਾ ਹੈ । ਚੜਦੀ ਕਲਾ ਦਾ ਸੰਦੇਸ਼ ਦਿੰਦੇ ਡਾ. ਕੇਵਲ ਅਰੋੜਾ ਦੇ ਲਿਖੇ ਗੀਤ “ ਰੁੱਤਾਂ ਇਹ ਉਦਾਸ ਯਾਰਾ ਸਦਾ ਨਹੀਓ ਰਹਿੰਣੀਆਂ,ਹੌਸਲਾ ਨਾਂ ਛੱਡੀ ਦਿਨ ਫੇਰ ਮੁੜ ਆਉਂਣਗੇ ” ਨੂੰ ਅਸ਼ੋਕ ਮਸਤੀ ਦੀ ਆਵਾਜ ਵਿੱਚ ਪੇਸ਼ ਕੀਤਾ ਗਿਆ ਹੈ। ਪ੍ਰਸਿੱਧ ਨਾਟ ਕਰਮੀ ਪਾਲ਼ੀ ਭੁਪਿੰਦਰ ਦੀ ਨਿਰਦਸ਼ਨਾ ਵਿੱਚ ਤਿਆਰ ਕੀਤੇ ਇਸ ਵਿਡੀਓ ਗੀਤ ਵਿੱਚ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ, ਜਸਵਿੰਦਰ ਭੱਲਾ, ਰੋਸ਼ਨ ਪ੍ਰਿੰਸ, ਦੇਵ ਖਰੌੜ, ਸਮੀਪ ਕੰਗ, ਸਰਦਾਰ ਸੋਹੀ, ਨਛੱਤਰ ਗਿੱਲ, ਅਕਾਂਸ਼ਾਂ ਸਰੀਨ, ਜਸਬੀਰ ਜੱਸੀ, ਹਰੀਸ਼ ਵਰਮਾ ਸਮੇਤ 31 ਪੰਜਾਬੀ ਕਲਾਕਾਰਾਂ ਨੂੰ ਸ਼ਾਮਿਲ ਕੀਤਾ ਗਿਆ ਹੈ । ਇਸੇ ਤਰਾਂ ਨੀਰੂ ਬਾਜਵਾ ਦੀ ਪ੍ਰੋਡਕਸ਼ਨ ਕੰਪਨੀ ਐਨ ਬੀ ਦੁਆਰਾ ਇੱਕ ਹੋਰ ਉਤਸ਼ਾਹ ਵਧਾਊ ਵੀਡੀਓ ਗੀਤ “ ਘੜੀ ਮੁਸੀਬਤ ਵਾਲੀ, ਕਟ ਨਹੀਂ ਹੋਣੀ ਇੰਝ ਤੌਖਲੇ ਨਾਲ ਇਹ ਜੰਗ ਨਹੀਂ ਹਥਿਆਰਾਂ ਦੀ, ਜਿਤਾਂਗੇ ਹੌਸਲੇ ਨਾਲ ” ਸਪੀਡ ਰਿਕਾਰਡਜ ਦੁਆਰਾ ਜਾਰੀ ਕੀਤਾ ਗਿਆ ਹੈ । ਇਸ ਗੀਤ ਦੇ ਬੋਲ ਵੀਤ ਬਲਜੀਤ ਨੇ ਲਿਖੇ ਹਨ । ਨੀਰੂ ਬਾਜਵਾ ਦੀ ਪੇਸ਼ਕਾਰੀ ਦੀ ਇਹ ਵੀ ਵਿਸ਼ੇਸਤਾ ਹੈ ਕਿ ਇਹ ਨਾਰੀ ਸ਼ਕਤੀ ਨਾਲ ਭਰਪੂਰ ਵੀਡੀਓ ਹੈ, ਜਿਸ ਵਿੱਚ ਪੰਜਾਬੀ ਫਿਲਮ ਉਦਯੋਗ ਦੀਆਂ ਪ੍ਰਸਿੱਧ ਅਦਾਕਾਰਾਵਾਂ ਨਿਰਮਲ ਰਿਸ਼ੀ, ਸਰਗੁਨ ਮਹਿਤਾ, ਪ੍ਰੀਤੀ ਸਪਰੂ, ਸਿੰਮੀ ਚਾਹਲ, ਅਦਿਤੀ ਸ਼ਰਮਾ, ਰੁਬੀਨਾ ਬਾਜਵਾ ਅਤੇ ਜਪੁਜੀ ਖਹਿਰਾ ਆਦਿ ਨੂੰ ਸ਼ਾਮਲ ਕੀਤਾ ਗਿਆ ਹੈ। ਇਸ ਉਪਰਾਲੇ ਲਈ ਸਥਾਪਿਤ ਅਦਾਕਾਰ ਕਰਮਜੀਤ ਅਨਮੋਲ, ਨੀਰੂ ਬਾਜਵਾ ਅਤੇ ਪ੍ਰਸਿੱਧ ਰੰਗ ਕਰਮੀ ਪਾਲੀ ਭੁਪਿੰਦਰ ਹੋਰਾਂ ਦੀ ਸਾਰਥਿਕ ਕੋਸ਼ਿਸ ਨੂੰ ਵਧਾਈ ਦੇਣੀ ਬਣਦੀ ਹੈ ।
    *98884-88060

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!