
-ਵੱਖ ਵੱਖ ਸ਼ਹਿਰਾਂ ‘ਚ ਆਰਜ਼ੀ ਹਸਪਤਾਲਾਂ ਦਾ ਵੀ ਹੋ ਰਿਹਾ ਨਿਰਮਾਣ
ਗਲਸਾਗੋ/ਲੰਡਨ (ਪੰਜ ਦਰਿਆ ਬਿਊਰੋ) ਕੋਰਾਨਾਵਾਇਰਸ ਨਾਲ ਨੇੜ ਭਵਿੱਖ ਵਿੱਚ ਜੇਕਰ ਹਾਲਾਤ ਗੰਭੀਰ ਹੁੰਦੇ ਹਨ ਤਾਂ ਉਹਨਾਂ ਨਾਲ ਨਜਿੱਠਣ ਲਈ ਬਰਤਾਨਵੀ ਸਰਕਾਰ ਵੱਲੋਂ ਪੁਖਤਾ ਇੰਤਜ਼ਾਮ ਕੀਤੇ ਜਾ ਰਹੇ ਹਨ। ਇਸੇ ਤਹਿਤ ਹੀ ਬਰਮਿੰਘਮ ਹਵਾਈ ਅੱਡੇ ਦੇ ਐਲਮਡਨ ਖੇਤਰ ‘ਚ 12000 ਮ੍ਰਿਤਕ ਦੇਹਾਂ ਰੱਖਣ ਦੀ ਸਮਰੱਥਾ ਵਾਲਾ ਆਰਜ਼ੀ ਮੁਰਦਾਘਰ ਵੀ ਤਿਆਰ ਕੀਤਾ ਜਾ ਰਿਹਾ ਹੈ। ਹਵਾਈ ਅੱਡੇ ਦੇ ਬੁਲਾਰੇ ਵੱਲੋਂ ਦੱਸਿਆ ਗਿਆ ਹੈ ਕਿ ਸੰਬੰਧਤ ਅਥਾਰਟੀਆਂ ਦਾ ਸਾਥ ਦੇਣ ਲਈ ਹਵਾਈ ਅੱਡਾ ਪ੍ਰਬੰਧਕਾਂ ਵੱਲੋਂ ਜ਼ਮੀਨ ਮੁਹੱਈਆ ਕਰਵਾਈ ਗਈ ਹੈ। ਸ਼ੁਰੂਆਤੀ ਦੌਰ ਵਿੱਚ ਇਹ ਮੁਰਦਾਘਰ 1500 ਦੇਹਾਂ ਦੀ ਸਮਰੱਥਾ ਵਾਲਾ ਹੋਵੇਗਾ ਪਰ ਨਾਲ ਦੀ ਨਾਲ ਇਸ ਦੀ ਸਮਰੱਥਾ ਵਧਾਉਣ ਲਈ ਕੰਮ ਚੱਲਦਾ ਰਹੇਗਾ। ਗੰਭੀਰ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਤਿਆਰ ਕੀਤੇ ਜਾ ਰਹੇ ਇਸ ਸਥਾਨ Ḕਤੇ ਪੱਛਮੀ ਮਿਡਲੈਂਡ ‘ਚ ਹੋਣ ਵਾਲੀਆਂ ਮੌਤਾਂ ਦੌਰਾਨ ਮ੍ਰਿਤਕ ਦੇਹਾਂ ਨੂੰ ਸਤਿਕਾਰ ਸਹਿਤ ਸੰਭਾਲਿਆ ਜਾਵੇਗਾ ਤੇ ਖਾਸ ਕਰਕੇ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਦਾ ਵੀ ਖਿਆਲ ਰੱਖਿਆ ਜਾਵੇਗਾ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਬੁਰੇ ਦੌਰ ਵਿੱਚ ਮ੍ਰਿਤਕ ਦੇਹ ਨੂੰ ਲੋਕਾਂ ਦੇ ਇਕੱਠ ਵਿੱਚ ਲਿਜਾਣਾ ਵੀ ਘੱਟ ਖਤਰਨਾਕ ਨਹੀਂ ਹੈ ਤੇ ਅਜਿਹੇ ਦੌਰ ਵਿੱਚ ਮਰੇ ਲੋਕਾਂ ਦੇ ਪਰਿਵਾਰਾਂ ਦਾ ਦਿਲ ਪੁੱਛਿਆ ਜਾਣਦਾ ਹੈ, ਜਿਹੜੇ ਆਪਣੇ ਪਿਆਰਿਆਂ ਦਾ ਆਖਰੀ ਵਾਰ ਮੂੰਹ ਵੀ ਨਹੀਂ ਦੇਖ ਸਕੇ। ਉਹਨਾਂ ਦਾ ਕਹਿਣਾ ਹੈ ਕਿ ਜ਼ਰੂਰੀ ਨਹੀਂ ਕਿ ਇਸ ਮੁਰਦਾਘਰ ਵਿੱਚ ਸਿਰਫ ਵਾਰਿਸ ਕਾਰਨ ਮਰੇ ਲੋਕਾਂ ਦੀਆਂ ਦੇਹਾਂ ਹੀ ਸਾਂਭੀਆਂ ਜਾਣਗੀਆਂ, ਸਗੋਂ ਆਮ ਮ੍ਰਿਤਕ ਲੋਕਾਂ ਨੂੰ ਵੀ ਇਸ ਮੁਰਦਾਘਰ ਵਿੱਚ ਰੱਖਿਆ ਜਾ ਸਕੇਗਾ। ਇਸ ਤੋਂ ਇਲਾਵਾ ਲੋਕਾਂ ਨੂੰ ਸਿਹਤ ਸਹੂਲਤਾਂ ਦੇ ਪੱਖ ਤੋਂ ਲੰਡਨ ਐਕਸਲ ਸੈਂਟਰ ਵਿਖੇ ਬਣਾਏ ਆਰਜ਼ੀ ਹਸਪਤਾਲ ਤੋਂ ਬਾਅਦ ਬਰਮਿੰਘਮ, ਮਾਨਚੈਸਟਰ, ਨਿਊਕਾਸਲ ਅਤੇ ਗਲਾਸਗੋ ਵਿੱਚ ਵੀ ਹਸਪਤਾਲ ਬਣਾਏ ਜਾਣ ਦੀ ਉਮੀਦ ਹੈ।