ਗੁਰਮੇਲ ਕੌਰ ਸੰਘਾ (ਥਿੰਦ),ਲੰਡਨ

ਚੁੱਕਿਆ ਘੁੰਡ ਰਾਤ ਰਾਣੀ ਨੇ,
ਚਮਕੀ ਲਾਲੀ ਬੁੱਲ੍ਹਾਂ ਉੱਤੇ।
ਮੋਤੀਆਂ ਵਾਂਗੂੰ ਚਮਕਾਂ ਮਾਰੇ,
ਪਈ ਤੇ੍ਲ ਜੋ ਫੁੱਲਾਂ ਉੱਤੇ।
ਚਿੱਟੇ, ਪੀਲ਼ੇ, ਲਾਲ, ਗੁਲਾਬੀ,
ਕਈ ਰੰਗਾਂ ਦੇ ਗੁਲਨਾਰ ਨੇ।
ਨਰਗਸ, ਗੇਂਦਾ ਤੇ ਡੇਜ਼ੀਫ਼ਰ,
ਗੁਲਦਾਉਦੀ ਤੇ ਗੁਲਬਹਾਰ ਨੇ।
ਲਾਲ,ਪੀਲੇ, ਗੁਲਾਬੀ ਤੇ ਚਿੱਟੇ,
ਗੁਲਾਬ ਜੁ ਫੁੱਲਾਂ ਦੇ ਸਰਦਾਰ।
ਚਿੱਟੇ ਦਿਨ ਜਿਹੀ ਚਿੱਟੀ ਚਾਂਦਨੀ,
ਰੂਹ ਨੂੰ ਟੁੰਬ ਜਾਂਦੇ ਕਚਨਾਰ।
ਸੂਰਜਮੁਖ਼ੀ, ਸੂਰਜ ਦਾ ਆੜੀ,
ਘੁੰਮਦਾ ਸੂਰਜ ਦੇ ਨਾਲ਼ ਨਾਲ਼।
ਗੁਲਚਾਂਦਨੀ ਤੇ ਰਾਤ ਦੀ ਰਾਣੀ,
ਰਾਤੀਂ ਖਿੜਦੀ ਕਰੇ ਕਮਾਲ।
ਚਿੱਟੀਆਂ ਦੁੱਧ ਚੰਬੇ ਦੀਆਂ ਕਲੀਆਂ,
ਮਹਿਕਾਂ ਵੰਡਣ ਆਲ਼ੇ-ਦੁਆਲ਼ੇ।
ਟੈਂਸੀ, ਕਸੁੰਭ, ਕੇਸੂ ਤੇ ਲਵੈਂਡਰ,
ਤੇ ਸਤਵਰਗ ਨੇ ਖ਼ੁਸ਼ਬੂ ਵਾਲ਼ੇ।
ਫੁੱਲ ਚਟ੍ਹਾਲੇ, ਮੇਥੀ ਤੇ ਸਰ੍ਹੋਂ ਦੇ,
ਖ਼ੁਸ਼ਬੋਆਂ ਦੇ ਹੜ੍ਹ ਨਿਰੇ ਨੇ।
ਲਾਲ ਸੂਹੇ ਖ਼ਸਖ਼ਸ ਡੋਡਿਆਂ ਦੇ
ਫੁੱਲ ਹਵਾ ਦੇ ਨਾਲ ਕਿਰੇ ਨੇ।
ਮਧੂ ਮੱਖੀਆਂ ਤੇ ਪੰਛੀ ਪੰਖੇਰੂ,
ਫੁੱਲ ਪੱਤੀਆਂ ਨੂੰ ਫਿਰਦੇ ਡੁੰਗਦੇ।
ਤੱਕ ਖਿੜ ਜਾਂਦੀ ਰੂਹ ਫੁੱਲਾਂ ਦੀ,
ਰੰਗਲੀਆਂ ਤਿੱਤਲੀਆਂ,ਭੌਰੇ ਘੁੰਮਦੇ।
ਐ ਕਾਦਰ! ਇਹ ਕੁਦਰਤ ਤੇਰੀ,
ਵੇਖ਼ ਵੇਖ਼ ਕੇ ਆਵੇ ਨਜ਼ਾਰਾ।
ਫੁੱਲਾਂ ਸੰਗ ਫੁੱਲ ਬਣਜਾ ‘ਸੰਘਾ’,
ਗ਼ਮ,ਦਰਦ ਭੁੱਲ ਜਾਊਗਾ ਸਾਰਾ।