6.3 C
United Kingdom
Sunday, April 20, 2025

More

    ਕਰੋਨਾ ਨਾਲੋਂ ਮਨੋਬਲ ਦਾ ਕਮਜ਼ੋਰ ਹੋਣਾ ਵਧੇਰੇ ਖ਼ਤਰਨਾਕ

    -ਡਰਨ ਨਾਲੋਂ ਸਾਵਧਾਨੀ ਵਧੇਰੇ ਜ਼ਰੂਰੀ

    ਉਜਾਗਰ ਸਿੰਘ
    ਸੰਸਾਰ ਵਿਚ ਨੋਵਲ ਕਰੋਨਾ ਵਾਇਰਸ-19 ਦੀ ਬਿਮਾਰੀ ਮਹਾਂਮਾਰੀ ਦਾ ਰੂਪ ਧਾਰਨ ਕਰ ਚੁੱਕੀ ਹੈ। ਹਾਲਾਤ ਬਹੁਤ ਹੀ ਖ਼ਤਰਨਾਕ ਸਥਿਤੀ ਵਿਚ ਪਹੁੰਚ ਗਏ ਹਨ ਪ੍ਰੰਤੂ ਜ਼ਿੰਦਗੀ ਜਿਓਣ ਦੀ ਉਮੀਦ ਨਹੀਂ ਛੱਡਣੀ ਚਾਹੀਦੀ। ਜੇ ਉਮੀਦ ਹੀ ਛੱਡ ਦਿੱਤੀ ਤੇ ਹਾਰ ਮਨ ਲਈ ਤਾਂ ਆਪ ਹੀ ਮੌਤ ਨੂੰ ਮਾਸੀ ਕਹਿ ਦਿੱਤਾ। ਜੇ ਚੰਗਾ ਸਮਾਂ ਸਥਾਈ ਨਹੀਂ ਹੁੰਦਾ ਤਾਂ ਮਾੜਾ ਵੀ ਹਮੇਸ਼ਾ ਨਹੀਂ ਰਹਿੰਦਾ। ਹਰ ਰਾਤ ਤੋਂ ਬਾਅਦ ਸਵੇਰ ਆਉਂਦੀ ਹੈ। ਇਸ ਲਈ ਨਵੀਂ ਸਵੇਰ ਦੀ ਆਸ ਬਰਕਰਾਰ ਰੱਖਣੀ ਚਾਹੀਦੀ ਹੈ। ਇਸ ਬਿਮਾਰੀ ਦੇ ਇਲਾਜ ਲਈ ਕੋਈ ਦਵਾਈ ਨਾ ਹੋਣ ਅਤੇ ਲਾਗ ਦੀ ਬਿਮਾਰੀ ਹੋਣ ਕਰਕੇ ਲੋਕਾਂ ਵਿਚ ਸਹਿਮ ਦੀ ਮਾਨਸਿਕ ਬਿਮਾਰੀ ਬਹੁਤ ਜ਼ਿਆਦਾ ਫੈਲ ਗਈ ਹੈ। ਲੋਕ ਅੰਤਾਂ ਦੇ ਡਰੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਐਨੀ ਘਾਤਕ ਪ੍ਰਚਾਰੀ ਜਾਣ ਵਾਲੀ ਇਹ ਪਹਿਲੀ ਬੀਮਾਰੀ ਸੁਣੀ ਹੈ। ਭਾਵੇਂ ਸੰਸਾਰ ਦੇ ਬਹੁਤੇ ਦੇਸਾਂ ਵਿਚ ਲਾਕ ਡਾਊਨ ਕੀਤਾ ਹੋਇਆ ਹੈ ਤਾਂ ਵੀ ਹਰ ਵਿਅਕਤੀ, ਭਾਵੇਂ ਉਹ ਘਰ ਬੈਠਾ ਹੈ ਜਾਂ ਮੀਡੀਆ ਦੇ ਕਿਸੇ ਵੀ ਸਾਧਨ ਅਖ਼ਬਾਰ, ਟੀ ਵੀ, ਸੋਸਲ  ਮੀਡੀਆ ਦੀ ਵਰਤੋਂ ਕਰ ਕਰ ਰਿਹਾ ਹੈ ਤਾਂ ਹਰ ਥਾਂ ਤੇ ਸਿਰਫ ਕਰੋਨਾ ਦੀ ਹੀ ਗੱਲ ਹੋ ਰਹੀ ਹੈ। ਇਥੋਂ ਤੱਕ ਕਿ ਪਰਿਵਾਰ ਵਿਚ ਬੈਠਿਆਂ ਵੀ ਇਹੋ ਗੱਲਾਂ ਹੋ ਰਹੀਆਂ ਹਨ ਕਿ ਕਰੋਨਾ ਦਾ ਪ੍ਰਕੋਪ ਕਦੋਂ ਖ਼ਤਮ ਹੋਵੇਗਾ। ਟੀ ਵੀ ਜਾਂ ਰੇਡੀਓ ਲਗਾਓ ਤਾਂ ਕਰੋਨਾ ਦੀ ਹੀ ਪ੍ਰਮੁੱਖ ਖ਼ਬਰ ਹੋਵੇਗੀ। ਅਖ਼ਬਾਰਾਂ ਦੇ ਮੁੱਖ ਅਤੇ ਸੰਪਾਦਕੀ ਪੰਨੇ ਵੀ ਕਰੋਨਾ ਦੀਆਂ ਖ਼ਬਰਾਂ ਅਤੇ ਲੇਖਾਂ ਨਾਲ ਭਰੇ ਪਏ ਹਨ। ਟੈਲੀਫੋਨਾ ਤੇ ਇਕ ਦੂਜੇ ਤੋਂ ਕਰੋਨਾ ਬਾਰੇ ਹੀ ਜਾਣਕਾਰੀ ਲਈ ਜਾ ਰਹੀ ਹੈ। ਜਿਹੜੇ ਕਰੋਨਾ ਦਾ ਪ੍ਰਕੋਪ ਵੱਧਣ ਦੇ ਅੰਦਾਜ਼ੇ ਮਾਹਿਰਾਂ ਵੱਲੋਂ ਦੱਸੇ ਜਾ ਰਹੇ ਹਨ, ਉਨ੍ਹਾਂ ਨੇ ਵੀ ਲੋਕਾਂ ਦੇ ਡਰ ਵਿਚ ਵਾਧਾ ਕੀਤਾ ਹੈ।

    ਇਸ ਤੋਂ ਸਾਫ ਜ਼ਾਹਰ ਹੈ ਕਿ ਲੋਕਾਂ ਵਿਚ ਡਰ ਤੇ ਸਹਿਮ ਦਾ ਪੈਦਾ ਹੋਣਾ ਕੁਦਰਤੀ ਹੈ। ਕਿਉਂਕਿ ਜੇਕਰ ਇਨਸਾਨ ਹਰ ਵਕਤ ਕਰੋਨਾ ਦੀ ਹੀ ਗੱਲ ਕਰੇਗਾ, ਉਸਦੇ ਬਾਰੇ ਸੋਚੇਗਾ ਤਾਂ ਉਸਦੇ ਦਿਮਾਗ ਵਿਚ ਇਸਦੇ ਖ਼ਤਰਨਾਕ ਹੋਣ ਦਾ ਪ੍ਰਭਾਵ ਪਏਗਾ, ਜਿਸ ਕਰਕੇ ਇਨਸਾਨ ਦੀ ਬਿਮਾਰੀ ਨਾਲ ਲੜਨ ਦੀ ਮਾਨਸਿਕ ਸਮਰੱਥਾ ਕਮਜ਼ੋਰ ਹੋ ਜਾਵੇਗੀ ਤੇ ਮਨੋਬਲ ਡਿਗ ਜਾਵੇਗਾ। ਮਨੋਬਲ ਹੀ ਇਨਸਾਨ ਦੀ ਜ਼ਿੰਦਗੀ ਨੂੰ ਖ਼ੁਸ਼ਗਵਾਰ ਅਤੇ ਦੁੱਖਦਾਈ ਬਣਾਉਂਦਾ ਹੈ। ਪੰਜਾਬੀ ਤਾਂ ਸੰਸਾਰ ਵਿਚ ਦਲੇਰ ਤੇ ਹੌਸਲੇ ਵਾਲੇ ਗਿਣੇ ਜਾਂਦੇ ਹਨ। ਇਸ ਲਈ ਉਨ੍ਹਾਂ ਨੂੰ ਤਾਂ ਬਹਾਦਰ ਬਣਕੇ ਆਈ ਮੁਸੀਬਤ ਦਾ ਮੁਕਾਬਲਾ ਕਰਨਾ ਚਾਹੀਦਾ। ਸੰਸਾਰ ਵਿਚ ਜਿਤਨੀਆਂ ਵੀ ਜ਼ੰਗਾਂ ਹੋਈਆਂ ਹਨ, ਇਤਿਹਾਸ ਗਵਾਹ ਹੈ ਕਿ ਉਨ੍ਹਾਂ ਵਿਚ ਆਧੁਨਿਕ ਹਥਿਆਰਾਂ ਦੀ ਮਹੱਤਤਾ ਤਾਂ ਹੁੰਦੀ ਹੀ ਹੈ ਪ੍ਰੰਤੂ ਜਿਸ ਦੇਸ ਦੀਆਂ ਫੌਜਾਂ ਦਾ ਮਨੋਬਲ ਉਚਾ ਹੁੰਦਾ ਹੈ, ਉਨ੍ਹਾਂ ਨੇ ਹੀ ਜਿੱਤ ਪ੍ਰਾਪਤ ਕੀਤੀ ਹੈ। ਇਹ ਵੀ ਇਕ ਕਿਸਮ ਦੀ ਜ਼ੰਗ ਹੀ ਹੈ। ਇਸ ਲਈ ਇਨਸਾਨ ਦਾ ਮਨੋਬਲ ਮਜ਼ਬੂਤ ਹੋਣਾ ਅਤਿਅੰਤ ਜ਼ਰੂਰੀ ਹੈ। ਕਰੋਨਾ ਦੇ ਡਰ ਦੇ ਹਊਏ ਕਾਰਨ ਮਰੀਜ ਦੇ ਦਿਮਾਗ ਵਿਚ ਇਹ ਗੱਲ ਘਰ ਕਰ ਜਾਂਦੀ ਹੈ ਕਿ ਇਸ ਬਿਮਾਰੀ ਤੋਂ ਬਚਣਾ ਮੁਸ਼ਕਲ ਹੈ। ਇੰਜ ਕਿਉਂ ਹੋਇਆ, ਇਸ ਬਾਰੇ ਗੰਭੀਰਤਾ ਨਾਲ ਸੋਚਣਾ ਬਣਦਾ ਹੈ। ਹਰ ਰੋਜ ਫੇਸ ਬੁੱਕ, ਵਟਸ ਅਪ, ਇੰਸਟਾਗਰਾਮ ਅਤੇ ਟਵੀਟ ਰਾਹੀਂ ਕੱਚਘਰੜ ਸੰਦੇਸਾਂ ਦਾ ਹੜ੍ਹ ਆਇਆ ਰਿਹਾ ਹੈ। ਹਰ ਵਿਅਕਤੀ ਵਿਹਲਾ ਬੈਠਾ ਆਪਣੇ ਆਪ ਨੂੰ ਨਾਢੂੰ ਖਾਂ ਸਮਝਦਾ ਹੋਇਆ, ਅਜਿਹੇ ਗੈਰਜ਼ਿੰਮੇਵਾਰਾਨਾ ਮੈਸਜ ਕਰੀ ਜਾ ਰਿਹਾ ਹੈ, ਜਿਨ੍ਹਾਂ ਦਾ ਲੋਕਾਂ ਦੀ ਮਾਨਸਿਕਤਾ ਉਪਰ ਬੁਰਾ ਪ੍ਰਭਾਵ ਪੈ ਰਿਹਾ ਹੈ। ਕਈ ਵਿਅਕਤੀ ਆਪਣੇ ਆਪਨੂੰ ਡਾਕਟਰ ਲਿਖਕੇ ਸੰਦੇਸ ਭੇਜੀ ਜਾ ਰਹੇ ਹਨ। ਕੋਈ ਚੀਨ, ਕੈਨੇਡਾ, ਅਮਰੀਕਾ, ਆਸਟਰੇਲੀਆ, ਇਟਲੀ ਆਦਿ ਦਾ ਡਾਕਟਰ ਕਹਿੰਦਾ ਹੈ। ਕਿਸੇ ਨੂੰ ਕੀ ਪਤਾ ਕਿ ਉਹ ਫਰਜ਼ੀ ਜਾਂ ਅਸਲੀ ਡਾਕਟਰ ਹਨ ਵੀ ਜਾਂ ਨਹੀਂ। ਕੋਈ ਦੇਸੀ ਨੁਕਤੇ ਦੱਸੀ ਜਾ ਰਿਹਾ ਹੈ। ਲੋਕਾਂ ਨੂੰ ਵਿਸ਼ਵਾਸ ਕਰਨ ਵਿਚ ਮੁਸ਼ਕਲ ਆ ਰਹੀ ਹੈ। ਕਈ ਲੋਕ ਆਪਣੇ ਆਪਨੂੰ ਚੀਨ ਦੇ ਵੁਹਾਨ ਸ਼ਹਿਰ, ਇਟਲੀ, ਅਮਰੀਕਾ ਦੇ ਨਿਊਯਾਰਕ ਸ਼ਹਿਰ ਆਦਿ ਤੋਂ ਕਰੋਨਾ ਦੀ ਬਿਮਾਰੀ ਤੋਂ ਤੰਦਰੁਸਤ ਹੋਏ ਦੱਸਕੇ  ਆਪਣੇ ਵੱਲੋਂ ਵਰਤੇ ਨੁਸਖੇ ਦਸਦੇ ਹਨ। ਲੋਕ ਭੰਬਲਭੂਸੇ ਵਿਚ ਪਏ ਹੋਏ ਹਨ।  ਕਿਹੜੇ ਸੰਦੇਸ ਨੂੰ ਸਹੀ ਸਮਝਿਆ ਜਾਵੇ। ਇਨ੍ਹਾਂ ਸੰਦੇਸਾਂ ਦੀ ਸਚਾਈ ਅਤੇ ਸਾਰਥਿਕਤਾ ਬਾਰੇ ਕੋਈ ਵੀ ਜਾਨਣਾ ਨਹੀਂ ਚਾਹੁੰਦਾ ਸਗੋਂ ਫਟਾਫਟ ਬਿਨਾ ਦੇਰੀ ਕੀਤਿਆਂ ਜਿਵੇਂ ਕੋਈ ਸੁੰਡ ਦੀ ਗੱਠੀ ਲੱਭ ਗਈ ਹੋਵੇ ਤੁਰੰਤ ਲੋਕ ਅਜਿਹੇ ਕੱਚੇ ਪਿਲੇ ਮਨਘੜਤ ਸੰਦੇਸਾਂ ਨੂੰ ਫਾਰਵਰਡ ਕਰੀ ਜਾ ਰਹੇ ਹਨ। ਲੋਕ ਆਪਣੇ ਸੰਬੰਧੀਆਂ ਅਤੇ ਨਜ਼ਦੀਕੀ ਦੋਸਤਾਂ ਮਿਤਰਾਂ ਨੂੰ ਵੀ ਅਜਿਹੇ ਸੰਦੇਸ ਭੇਜੀ ਜਾ ਰਹੇ ਹਨ। ਉਹ ਤਾਂ ਹਮਦਰਦੀ ਕਰਕੇ ਭੇਜਦੇ ਹਨ ਪ੍ਰੰਤੂ ਅਸਰ ਉਲਟਾ ਹੋ ਰਿਹਾ ਹੈ। ਉਹ ਅੱਗੇ ਇਕ ਵਟਸ ਅਪ ਗਰੁਪ ਤੋਂ ਦੂਜੇ ਅਤੇ ਤੀਜੇ ਅਗੇ ਧੱਕੀ ਜਾ ਰਹੇ ਹਨ। ਜਿਹੜੇ ਲੋਕ ਪੜ੍ਹਦੇ ਹਨ, ਉਨ੍ਹਾਂ ਲਈ ਕਿਹੜਾ ਠੀਕ ਤੇ ਕਿਹੜਾ ਗਲਤ ਜਾਂ ਝੂਠਾ ਹੈ, ਬਾਰੇ ਪੜਤਾਲ ਕਰਨ ਦਾ ਸਮਾ ਹੀ ਨਹੀਂ। ਅਜਿਹੇ ਸੰਦੇਸ਼ਾਂ ਦੇ ਨਾਲ ਲੋਕਾਂ ਵਿਚ ਡਰ ਪੈਦਾ ਹੋ ਗਿਆ ਹੈ। ਕਰੋਨਾ ਹਊਆ ਬਣ ਗਿਆ ਹੈ। ਹੁਣ ਸਰਕਾਰਾਂ ਨੇ ਝੂਠੇ ਤੇ ਬਿਨਾ ਤਸਦੀਕ ਤੇ ਸੰਦੇਸ ਭੇਜਣ ਵਾਲਿਆਂ ਵਿਰੁਧ ਕੇਸ ਰਜਿਸਟਰ ਕਰਨੇ ਸ਼ੁਰੂ ਕੀਤੇ ਹਨ। ਇਹ ਫੈਸਲਾ ਦੇਰੀ ਨਾਲ ਕੀਤਾ ਗਿਆ ਹੈ ਪ੍ਰੰਤੂ ਦਰੁਸਤ ਹੈ। ਏਥੇ ਹੀ ਬਸ ਨਹੀਂ ਲੋਕਾਂ ਨੇ ਕਿਰਾਏ ਤੇ ਰਹਿ ਰਹੇ ਸਿਹਤ ਵਿਭਾਗ ਦੇ ਅਮਲੇ ਨੂੰ ਆਪਣੇ ਘਰਾਂ ਵਿਚੋਂ ਬਾਹਰ ਕਿਤੇ ਹੋਰ ਮਕਾਨ ਲੈਣ ਦੇ ਫਤਬੇ ਸੁਣਾ ਦਿੱਤੇ ਹਨ, ਜਿਹੜੇ ਆਪਣੀਆਂ ਜ਼ਿੰਦਗੀਆਂ ਨੂੰ ਦਾਅ ਤੇ ਲਾ ਕੇ 24-24 ਘੰਟੇ ਡਿਊਟੀ ਦੇ ਕੇ ਕਰੋਨਾ ਤੋਂ ਪ੍ਰਭਾਵਤ ਮਰੀਜ਼ਾਂ ਦਾ ਇਲਾਜ਼ ਕਰ ਰਹੇ ਹਨ। ਹੁਣ ਤਾਂ ਲੋਕਾਂ ਦੇ ਮਨਾਂ ਵਿਚ ਅਜਿਹਾ ਡਰ ਪੈਦਾ ਹੋ ਗਿਆ ਹੈ, ਜਿਸਦਾ ਨਿਕਲਣਾ ਮੁਸ਼ਕਲ ਹੈ। ਏਥੇ ਹੀ ਬਸ ਨਹੀਂ ਲੋਕਾਂ ਵਿਚ ਡਰ ਇਤਨਾ ਪੈਦਾ ਹੋ ਗਿਆ ਹੈ ਕਿ ਭਾਈ ਨਿਰਮਲ ਸਿੰਘ ਦੇ ਸਸਕਾਰ ਲਈ ਸ਼ਮਸਾਨ ਘਾਟ ਦੇ ਦਰਵਾਜ਼ੇ ਹੀ ਬੰਦ ਕਰ ਦਿੱਤੇ ਸਨ। ਇਸਤੋਂ ਇਲਾਵਾ ਇਸ ਡਰ ਕਰਕੇ ਲੁਧਿਆਣਾ ਦੀ ਸੁਰਿੰਦਰ ਕੌਰ ਦੀ ਕਰੋਨਾ ਵਾਇਰਸ ਨਾਲ ਮੌਤ ਹੋਣ ਕਰਕੇ ਉਸਦੇ ਪਰਿਵਾਰ ਨੇ ਉਸਦਾ ਸਸਕਾਰ ਕਰਨ ਤੋਂ ਹੀ ਇਨਕਾਰ ਕਰ ਦਿੱਤਾ। ਏਸੇ ਤਰ੍ਹਾਂ ਅੰਮ੍ਰਿਤਸਰ ਦੇ ਇੰਜਿਨੀਅਰ ਜਸਵਿੰਦਰ ਸਿੰਘ ਦਾ ਵੀ ਉਸਦੀ ਲੜਕੀ ਨੇ ਸਸਕਾਰ ਕਰਨ ਤੋਂ ਇਨਕਾਰ ਕਰ ਦਿੱਤਾ। ਇਸ ਡਰ ਦੇ ਹਊਏ ਕਰਕੇ ਲੋਕ ਹਰ ਰੋਜ ਮਰ ਰਹੇ ਹਨ। ਮੌਤ ਤਾਂ ਇਕ ਵਾਰ ਆਉਣੀ ਹੈ ਪ੍ਰੰਤੂ ਲੋਕ ਡਰ ਨਾਲ ਹਰ ਰੋਜ ਮਰ ਰਹੇ ਹਨ। ਇਸ ਲਈ ਲੋਕਾਂ ਨੂੰ ਡਾਕਟਰਾਂ ਅਤੇ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਕਿਉਂਕਿ ਹਦਾਇਤਾਂ ਅਨੁਸਾਰ ਇਹ ਬਿਮਾਰੀ ਏਕਾਂਤਵਾਸ ਰਹਿਣ ਅਤੇ ਦੇਸੀ ਨੁਸਖੇ ਜਿਵੇਂ ਕਿ ਗਰਾਰੇ ਕਰਨ, ਗਰਮ ਪਾਣੀ ਪੀਣ ਅਤੇ ਭਾਫ ਲੈਣ ਆਦਿ ਨਾਲ ਆਪਣੇ ਆਪ ਖ਼ਤਮ ਹੋ ਜਾਂਦੀ ਹੈ। ਵੈਸੇ ਵੀ ਸਾਡੇ ਸਰੀਰ ਵਿਚ ਬਿਮਾਰੀਆਂ ਨਾਲ ਲੜਨ ਵਾਲੇ ਕਿਟਾਣੂ ਪਹਿਲਾਂ ਹੀ ਮੌਜੂਦ ਹੁੰਦੇ ਹਨ। ਇਸ ਲਈ ਇਨਸਾਨ ਨੂੰ ਆਪਣੀ ਇੱਛਾ ਸ਼ਕਤੀ ਮਜ਼ਬੂਤ ਰੱਖਣੀ ਚਾਹੀਦੀ ਹੈ। ਜੇਕਰ ਮਰੀਜ ਪਹਿਲਾਂ ਹੀ ਢੇਰੀ ਢਾਅ ਕੇ ਬੈਠ ਜਾਵੇਗਾ ਤਾਂ ਕੁਦਰਤੀ ਹੈ ਕਿ ਤੰਦਰੁਸਤ ਹੋਣ ਵਿਚ ਦੇਰੀ ਹੋਵੇਗੀ। ਇਸ ਬਿਮਾਰੀ ਵਿਚ ਸਾਰੇ ਮਰੀਜਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਨ ਦੀ ਲੋੜ ਨਹੀਂ ਹੁੰਦੀ। ਅੰਕੜਿਆਂ ਦੇ ਹਿਸਾਬ ਨਾਲ ਹੁਣ ਤੱਕ 93 ਫੀ ਸਦੀ ਮਰੀਜ ਹਸਪਤਾਲ ਵਿਚ ਦਾਖ਼ਲ ਨਹੀਂ ਕੀਤੇ ਗਏ। ਸਿਰਫ 7 ਫੀ ਸਦੀ ਅਜਿਹੇ ਮਰੀਜ ਦਾਖ਼ਲ ਕੀਤੇ ਗਏ ਹਨ, ਜਿਨ੍ਹਾਂ ਨੂੰ ਸਾਹ ਦੀ ਜ਼ਿਆਦਾ ਤਕਲੀਫ ਹੋਵੇ ਜਾਂ ਉਸ ਮਰੀਜ ਨੂੰ ਕੋਈ ਹੋਰ ਬਿਮਾਰੀ ਪਹਿਲਾਂ ਹੀ ਹੋਵੇ। ਹੁਣ ਤਾਂ ਤਾਜ਼ਾ ਸੂਚਨਾ ਆਈ ਹੈ ਕਿ ਕਰੋਨਾ ਨਾਲ ਮੌਤ ਦਰ ਸਿਰਫ ਇਕ ਹਜ਼ਾਰ ਵਿਚੋਂ ਇਕ ਵਿਅਕਤੀ ਦੀ ਹੁੰਦੀ ਹੈ। ਝੂਠੀਆਂ ਖ਼ਬਰਾਂ ਦਾ ਬੋਲਬਾਲਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਕਰੋਨਾ ਨਾਲ ਮੌਤਾਂ ਵਧੇਰੇ ਹੋਈਆਂ ਹਨ ਪ੍ਰੰਤੂ ਸਰਕਾਰਾਂ ਲੁਕਾ ਰਹੀਆਂ ਹਨ। ਇਹ ਬਿਲਕੁਲ ਗ਼ਲਤ ਹੈ ਕਿਉਂਕਿ ਅੱਜ ਮੀਡੀਆ ਦਾ ਜ਼ਮਾਨਾ ਹੈ। ਕੋਈ ਵੀ ਮੌਤ ਲਕੋਈ ਨਹੀਂ ਜਾ ਸਕਦੀ। ਜੇਕਰ ਮੀਡੀਆ ਨਹੀਂ ਦੇਵੇਗਾ ਤਾਂ ਸ਼ੋਸਲ ਮੀਡੀਏ ਤੇ ਆ ਜਾਵੇਗੀ। ਇਸ ਲਈ ਲੋਕਾਂ ਨੂੰ ਬਿਨਾ ਵਜਾਹ ਡਰਨਾ ਅਤੇ ਝੂਠੀਆਂ ਅਫਵਾਹਾਂ ਤੇ ਯਕੀਨ ਨਹੀਂ ਕਰਨਾ ਚਾਹੀਦਾ। ਮੌਤ ਦਾ ਦੂਜਾ ਨਾਮ ਡਰ ਹੈ। ਅਮਰੀਕਾ ਦੇ ਫਲੋਰੀਡਾ ਅਤੇ ਡੈਟਰਾਇਟ ਦੇ ਹਸਪਤਾਲਾਂ ਵਿਚ ਡਾਕਟਰਾਂ ਕੋਲ ਹਸਪਤਾਲਾਂ ਵਿਚ ਅਜਿਹੇ ਮਰੀਜ ਆਏ ਹਨ, ਜਿਨ੍ਹਾਂ ਦੀ ਕਰੋਨਾ ਦੀ ਬਿਮਾਰੀ ਦੇ ਡਰ ਕਰਕੇ ਯਾਦ ਸ਼ਕਤੀ ਅਤੇ ਰੋਗ ਨੂੰ ਬਰਦਾਸ਼ਤ ਕਰਨ ਦੀ ਤਾਕਤ ਘਟ ਗਈ, ਜਿਸ ਕਰਕੇ ਮਰੀਜਾਂ ਦੀ ਤੰਦਰੁਸਤੀ ਵਿਚ ਦੇਰੀ ਹੋਈ ਹੈ। ਇਸ ਬਿਮਾਰੀ ਨੂੰ ਮੈਡੀਕਲ ਵਿਚ ਇੰਸੇਫੈਲੋਪੈਥੀ ਕਿਹਾ ਜਾਂਦਾ ਹੈ। ਇਹ ਬਿਮਾਰੀ ਡਰ ਅਤੇ ਵਹਿਮ ਕਰਕੇ ਪੈਦਾ ਹੋ ਜਾਂਦੀ ਹੈ। ਨਿਊਯਾਰਕ ਦੇ ਕੋਲਲੰਬੀਆ ਯੂਨੀਵਰਸਿਟੀ ਵਿਚ ਨੌਕਰੀ ਕਰਦੇ ਡਾਕਟਰ ਪਤੀ ਪਤਨੀ ਪ੍ਰਕਾਸ਼ ਸਾਤਵਾਨੀ ਅਤੇ ਸੁਨੀਤਾ ਸਾਤਵਾਨੀ ਨੇ ਦੱਸਿਆ ਕਿ ਉਨ੍ਹਾਂ ਦੋਹਾਂ ਨੂੰ ਕਰੋਨਾ ਦੇ ਮਰੀਜ਼ਾਂ ਦਾ ਇਲਾਜ ਕਰਦਿਆਂ ਕਰੋਨਾ ਹੋ ਗਿਆ ਸੀ। ਉਨ੍ਹਾਂ ਇਹ ਵੀ ਕਿਹਾ ਹੈ ਕਿ ਉਨ੍ਹਾਂ ਨੇ ਲੂਣ ਦੇ ਗਰਾਰੇ ਕੀਤੇ, ਦਸ-ਦਸ ਮਿੰਟ ਬਾਅਦ ਗਰਮ ਪਾਣੀ ਅਦਰਕ ਮਿਲਾਕੇ ਪੀਤਾ ਅਤੇ ਭਾਫ ਲੈਂਦੇ ਰਹੇ ਸੀ, ਜਿਸ ਨਾਲ ਬਿਲਕੁਲ ਠੀਕ ਹੋ ਗਏ। ਉਨ੍ਹਾਂ ਇਹ ਵੀ ਕਿਹਾ ਕਿ  95 ਫੀ ਸਦੀ ਮਰੀਜ ਠੀਕ ਹੋ ਜਾਂਦੇ ਹਨ। ਮੌਤ ਸਿਰਫ ਉਨ੍ਹਾਂ ਮਰੀਜਾਂ ਦੀ ਹੁੰਦੀ ਹੈ ਜਿਨ੍ਹਾਂ ਨੂੰ ਹੋਰ ਬਿਮਾਰੀਆਂ ਹੁੰਦੀਆਂ ਹਨ। ਅੱਜ ਦਿਨ ਕਰੋਨਾ ਵਾਇਰਸ ਦਾ ਇਤਨਾ ਰਾਮ ਰੌਲਾ ਹੈ ਕਿ ਡਰ ਅਤੇ ਸਹਿਮ ਪੈਦਾ ਹੋਣਾ ਕੁਦਰਤੀ ਹੈ। ਜਿਸ ਕਰਕੇ ਕੁਝ ਲੋਕਾਂ ਨੇ ਆਤਮ ਹੱਤਿਆਵਾਂ ਵੀ ਕਰ ਲਈਆਂ ਹਨ। ਬਿਹਤਰ ਤਾਂ ਇਹ ਹੋਵੇਗਾ ਕਿ ਜੇ ਹੋ ਸਕੇ ਤਾਂ ਸ਼ੋਸਲ ਮੀਡੀਆ ਦੀ ਵਰਤੋਂ ਤੋਂ ਥੋੜ੍ਹੇ ਸਮੇਂ ਲਈ ਪ੍ਰਹੇਜ ਹੀ ਕੀਤਾ ਜਾਵੇ। ਸੰਸਾਰ ਵਿਚ ਪਹਿਲਾਂ ਵੀ ਪਲੇਗ ਵਰਗੀਆਂ ਬਿਮਾਰੀਆਂ ਆਈਆਂ ਹਨ। ਉਹ ਵੀ ਖ਼ਤਮ ਹੋਈਆਂ ਹਨ। ਇਸ ਲਈ ਇਹ ਬਿਮਾਰੀ ਵੀ ਖ਼ਤਮ ਹੋਵੇਗੀ ਡਰਨ ਦੀ ਲੋੜ ਨਹੀਂ ਸਗੋਂ ਇਸ ਬਿਮਾਰੀ ਨਾਲ ਲੜਨ ਦੀ ਮਾਨÎਸਕ ਸਮਰੱਥਾ ਬਣਾਉਣੀ ਚਾਹੀਦੀ ਹੈ। ਆਪਣੇ ਮਨ ਨੂੰ ਉਸਾਰੂ ਸੋਚ ਨਾਲ ਜੋੜਕੇ ਰੱਖਣਾ ਚਾਹੀਦਾ ਹੈ।
    ਸਾਬਕਾ ਜਿਲ੍ਹਾ ਲੋਕ ਸੰਪਰਕ ਅਧਿਕਾਰੀ
                                                              ਮੋਬਾਈਲ-94178 13072
                                                     
               ujagarsingh48@yahoo.com

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!