ਰਾਜਿੰਦਰ ਪਰਦੇਸੀ
ਬੀਮਾਰੀਆਂ ਦੇ ਮੌਸਮ, ਲਾਚਾਰੀਆਂ ਦੇ ਮੌਸਮ।
ਜਨਮਾਂ ਤੋਂ ਨਾਲ ਸਾਡੇ, ਦੁਸ਼ਵਾਰੀਆਂ ਦੇ ਮੌਸਮ।
ਬੇ-ਦੋਸ਼ਿਆਂ ਨੂੰ ਜ਼ੋਰੀਂ ਦੋਸ਼ੀ ਬਣਾ ਰਹੇ ਨੇ,
ਹਨ ਨਿਰਬਲਾਂ ਤੇ ਭਾਰੂ ਬਲਕਾਰੀਆਂ ਦੇ ਮੌਸਮ।
ਜ਼ੱਰਾ ਪਹਾੜ ਬਣਿਆ ਸੀ ਜ਼ੱਰਿਆਂ ਦੇ ਜ਼ਰੀਏ,
ਪਰ ਇਸ ਪਹਾੜ ਤੇ ਹੁਣ ਜ਼ਰਦਾਰੀਆਂ ਦੇ ਮੌਸਮ।
ਪਿਪਲਾ ਧਰਾਸ ਧਰ ਲੈ ਐਵੇਂ ਨਾ ਹੁਣ ਉਡੀਕੀਂ,
ਰਾਜੇ ਦੇ ਰਾਜ ਅੰਦਰ ਫੁਲਕਾਰੀਆਂ ਦੇ ਮੌਸਮ।
ਖ਼ੁਦ ਮੁਸਕਰਾਹਟਾਂ ਨੂੰ ਲਟਕਾ ਕੇ ਸੂਲੀਆਂ ਤੇ,
ਮਾਣੇਂਗਾ ਕਿਸ ਤਰ੍ਹਾਂ ਹੁਣ ਕਿਲਕਾਰੀਆਂ ਦੇ ਮੌਸਮ।
ਜੋ ਰਿਸ਼ਤਿਆਂ ਨੂੰ ਨਾਪਣ ਧਨ ਦੀ ਜ਼ਰੀਬ ਲੈ ਕੇ,
ਹਰ ਰੁਤ ‘ਚ ਉਹਨਾਂ ਵਾਸਤੇ ਪਟਵਾਰੀਆਂ ਦੇ ਮੌਸਮ।
ਪੁੱਤਾਂ ਦੇ ਕਫ਼ਨ ਵੇਚੇ, ਖ਼ੁਦ ਮਾਪਿਆਂ, ਖ਼ੁਦਾਯਾ,
ਸਿਵਿਆਂ ‘ਚ ਲਹਿਲਹਾਏ ਜੂਆਰੀਆਂ ਦੇ ਮੌਸਮ।
ਰੰਗਾ ਦੀ ਸਾਜ਼ਿਸ਼ਾਂ ਨੇ ਬੇਰੰਗ ਕਰਕੇ ਛੱਡਿਆ,
ਚੁੰਨੀਆਂ ਸਫ਼ੈਦ ਹੋਈਆਂ ਲੱਲਾਰੀਆਂ ਦੇ ਮੌਸਮ।
ਬੇ-ਖ਼ਾਬ ਨੀਂਦਰਾਂ ਤੇ ਖ਼ਾਮੋਸ਼ ਹਸਰਤਾਂ ਅੱਜ,
ਹੁੰਦੇ ਸੀ ਜਿਸ ਨਗਰ ਵਿਚ ਦਿਲਦਾਰੀਆਂ ਦੇ ਮੌਸਮ।
ਹਲਦੀ ਦੇ ਵਾਂਗ ਰੰਗਤ ਅਖੀਆਂ ਜਿਉਂ ਲਾਲ ਮਿਰਚਾਂ,
ਹਨ ਕੌੜਤੁੰਮੇ ਸਾਹੀਂ ਪਨਸਾਰੀਆਂ ਦੇ ਮੌਸਮ।
ਤਕ ਰੰਗ ਸਿਆਸਤਾਂ ਦੇ ਵਰਿ੍ਹਆਂ ਦੀ ਦੁਸ਼ਮਣੀ ਤੇ,
ਮਹਿਕਾਂ ਲੁਟਾਉਂਦੇ ਵੇਖੇ ਹੁਣ ਯਾਰੀਆਂ ਦੇ ਮੌਸਮ।
ਸੂੰਗੜ ਕੇ ਰਹਿ ਗਏ ਫਿਰ ਅਪਣੇ ਹੀ ਜਿਸਮ ਅੰਦਰ,
ਕੋਲੋਂ ਦੀ ਲੰਘ ਗਏ ਜਦ ਵਿਸਥਾਰੀਆਂ ਦੇ ਮੌਸਮ।
ਕਿਸ ਦੀ ਮਜ਼ਾਲ ਹੈ ਇਹ ਹਕ ਆਪਣੇ ਜਤਾਵੇ,
ਹਰ ਮੋੜ ਹਰ ਗਲੀ ਤੇ ਲਠਮਾਰੀਆਂ ਦੇ ਮੌਸਮ।
ਆ ਜਾ ਤੂੰ ਵੇਖ ਆ ਕੇ ਸਮਤੋਲ ਜ਼ਿੰਦਗੀ ਦਾ,
ਕਾਰਾਂ ਦੇ ਦੇਸ਼ ਅੰਦਰ ਬੇ-ਕਾਰੀਆਂ ਦੇ ਮੌਸਮ।
ਰੂਹਾਂ ਪਿਆਸੀਆਂ ਨੇ ਹਨ ਪਰਬਤੀਂ ਕੰਧਾਰੀ,
“ਨਾਨਕ ਜੀ”,ਚਸ਼ਮਿਆਂ ਤੇ ਹੰਕਾਰੀਆਂ ਦੇ ਮੌਸਮ।
ਧੜ ਤੋਂ ਉਡਾ ਕੇ ਸਿਰ ਨੂੰ “ਪਰਦੇਸੀ” ਉਮਰ ਭਰ ਹੀ,
ਐਵੇਂ ਗਏ ਉਡੀਕੀ ਸਰਦਾਰੀਆਂ ਦੇ ਮੌਸਮ।

35ਭ / 168 ਦਸ਼ਮੇਸ਼ ਨਗਰ, ਡਾਕ : ਦਕੋਹਾ, ਜਲੰਧਰ
ਈ ਮੇਲ – rajinder.pardesi7@gmail.com
ਮੋਬਾਇਲ +91 9780213351