-ਸੱਤਾ ਵੈਰੋਵਾਲੀਆ
ਘਰਾਂ ਤੋਂ ਨਿਕਲਣੈ ਆਪਾਂ, ਕਾਫ਼ਲੇ ਫੇਰ ਨੇ ਜੁੜਨੇ,
ਉਮੀਦਾਂ ਰਾਹ ਵੀ ਨੇ ਰੱਖਦੇ , ਰਾਹੀ ਫੇਰ ਨੇ ਮੁੜਨੇ,
ਘਰਾਂ ਤੋਂ ਨਿਕਲਣੈ ਆਪਾਂ, ਕਾਫ਼ਲੇ ਫੇਰ ਨੇ ਜੁੜਨੇ…।

ਲਿਖੀ ਨਿਰਵੈਰ ਗੁਰੂ ਨਾਨਕ, ਕੁਦਰਤ ਵੈਰ ਨੀਂ ਲਿਖ ਸਕਦੀ,
ਅਸਾਂ ਵਿੱਚ ਹੋਂਦ ਹੈ ਉਸਦੀ , ਅਸਾਂ ਨੂੰ ਗ਼ੈਰ ਨੀਂ ਲਿਖ ਸਕਦੀ,
ਅਸਾਂ ਲਈ ਜ਼ਹਿਰ ਨੀਂ ਲਿਖ ਸਕਦੀ,
ਆਪਣੇ ਕਰਮ ਦੇ ਦਾਣੇ, ਸੱਤਾ ਸਿਹਾਂ ਮਿਲਦੇ ਹੀ ਜਾਣੇ,
ਨਾ ਉਸਦੇ ਢੇਰ ਨੇ ਥੁੜਨੇ,
ਉਮੀਦਾਂ ਰਾਹ ਵੀ ਨੇ ਰੱਖਦੇ , ਰਾਹੀ ਫੇਰ ਨੇ ਮੁੜਨੇ,
ਘਰਾਂ ਤੋਂ ਨਿਕਲਣੈ ਆਪਾਂ, ਕਾਫ਼ਲੇ ਫੇਰ ਨੇ ਜੁੜਨੇ…..।
ਚਲੋ ਹੁਣ ਲੋੜਵੰਦਾਂ ਲਈ , ਦਿਲਾਂ ਵਿੱਚ ਹੇਜ਼ ਭਰ ਲਈਏ,
ਦਵਾਈਆਂ ਲੱਭਦੀਆਂ ਤੀਕਰ, ਅਸੀਂ ਪਰਹੇਜ਼ ਕਰ ਲਈਏ,
ਹਵਾ ਜ਼ਰਖੇਜ਼ ਕਰ ਲਈਏ,
ਜ਼ਰਾ ਖੜੋਣ ਤੋਂ ਮਗਰੋਂ, ਸਫਾਈਆਂ ਹੋਣ ਤੋਂ ਮਗਰੋਂ ,
ਵਹਿਣ ਤੇ ਤਾਂ ਫੇਰ ਨੇ ਰੁੜਨੇ,
ਉਮੀਦਾਂ ਰਾਹ ਵੀ ਨੇ ਰੱਖਦੇ , ਰਾਹੀ ਫੇਰ ਨੇ ਮੁੜਨੇ,
ਘਰਾਂ ਤੋਂ ਨਿਕਲਣੈ ਆਪਾਂ, ਕਾਫ਼ਲੇ ਫੇਰ ਨੇ ਜੁੜਨੇ…..।