ਅਸ਼ੋਕ ਵਰਮਾ
ਬਠਿੰਡਾ- ਅੱਖਾਂ ’ਚ ਅੱਥਰੂ ਅਤੇ ਚਿਹਰਿਆਂ ਤੇ ਮਾਣ ਉਸ ਕੁਰਬਾਨੀ ਦਾ ਜੋ ਪੰਜਾਬ ਪੁਲਿਸ ’ਚ ਸ਼ਾਮਲ ਆਪਣਿਆਂ ਪਿਆਰਿਆਂ ਨੇ ਪੰਜਾਬ ਨੂੰ ਕਾਲੇ ਦਿਨਾਂ ਚੋਂ ਕੱਢਣ ਲਈ ਦਿੱਤੀ ਸੀ। ਭਾਵੇਂ ਦੁਨੀਆਂ ਰੰਗ ਤਮਾਸ਼ਿਆਂ ’ਚ ਮਸਤ ਹੈ ਪਰ ਸ਼ਹੀਦਾਂ ਦੇ ਪ੍ਹੀਵਾਰਾਂ ਨੂੰ 21 ਅਕਤੂਬਰ ਦਾ ਦਿਨ ਹਰ ਸਾਲ ਗਮਗੀਨ ਕਰ ਦਿੰਦਾ ਹੈ ਅਤੇ ਅੱਲੇ ਫੱਟ ਇੱਕ ਵਾਰ ਫਿਰ ਹਰੇ ਹੋ ਜਾਂਦੇ ਹਨ। ਸ਼ਹੀਦਾਂ ਦੇ ਪ੍ਰੀਵਾਰਾਂ ਦੀ ਕਹਾਣੀ ਹੈ ਜਿਸ ਨੂੰ ਹਰ ਸਾਲ ‘ਸਲਾਮੀ ਦੇ ਬੈਂਡ ਤੇ ਵਜਦੀਆਂ ਸੋਗਮਈ ਧੁੰਨਾਂ ਹਰ ਸ਼ਹੀਦ ਦੇ ਮਾਪਿਆਂ, ਪਤਨੀ ਬੱਚਿਆਂ ਅਤੇ ਭੈਣਾਂ ਭਰਾਵਾਂ ਨੂੰ ਇਹ ਸਭ ਯਾਦ ਕਰਵਾ ਦਿੰਦੀਆਂ ਹਨ। ਜਦੋਂ ਉਨ੍ਹਾਂ ਨੂੰ ਬਾਹਰੋਂ ਸੁਨੇਹਾ ਮਿਲਿਆ ਕਿ ਉਨ੍ਹਾਂ ਦੇ ਆਪਣੇ ਪੰਜਾਬ ਵਾਸੀਆਂ ਨੂੰ ਚੈਨ ਦੀ ਨੀਂਦ ਸੁਆਉਣ ਲਈ ਖੁਦ ਸਦਾ ਦੀ ਨੀਂਦ ਸੌਂ ਗਏ ਹਨ ਤਾਂ ਇਹ ਖਬਰ ਉਨ੍ਹਾਂ ਤੇ ਬਿਜਲੀ ਬਣਕੇ ਡਿੱਗੀ ਸੀ ਅਤੇ ਡਿੱਗਦੀ ਆ ਰਹੀ ਹੈ।
ਸ਼ਹੀਦੀਆਂ ਦੇ ਦੌਰ ਦੌਰਾਨ ਪੰਜਾਬ ਨੂੰ ਕਾਲੇ ਦਿਨਾਂ ਚੋਂ ਕੱਢਣ ਲਈ ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦਾ ਹੌਲਦਾਰ ਸੁਰਜੀਤ ਸਿੰਘ 4 ਮਈ 1984 ਨੂੰ ਅਤਿਵਾਦੀਆਂ ਨਾਲ ਮੁਕਾਬਲਾ ਕਰਦਾ ਹੋਇਆ ਸ਼ਹੀਦ ਹੋ ਗਿਆ ਸੀ। ਉਹ ਏਨੀ ਬਹਾਦਰੀ ਨਾਲ ਲੜਿਆ ਕਿ ਉਸ ਦੇ ਪਰਿਵਾਰ ਨੂੰ ‘ਰਾਸ਼ਟਰਪਤੀ ਐਵਾਰਡ‘ ਨਾਲ ਸਨਮਾਨਤ ਕੀਤਾ ਗਿਆ ਸੀ। ਸੁਰਜੀਤ ਸਿੰਘ ਦੀ ਸ਼ਹੀਦੀ ਸਮੇਂ ਉਸ ਦਾ ਇਕਲੌਤਾ ਲੜਕਾ ਮੋਹਨਦੀਪ ਸਿੰਘ ਸਾਢੇ ਚਾਰ ਸਾਲ ਦਾ ਸੀ ਜੋ ਹੁਣ ਪੁਲਿਸ ਵਿੱਚ ਸਬ ਇੰਸਪੈਕਟਰ ਯਾਨੀਕਿ ਵੱਡਾ ਥਾਣੇਦਾਰ ਹੈ। ਮੋਹਨਦੀਪ ਸਿੰਘ ਦਾ ਪਿਤਾ ਅੱਤਵਾਦੀਆਂ ਨਾਲ ਲੜਿਆ ਸੀ ਜਦੋਂਕਿ ਹੁਣ ਉਹ ਪੰਜਾਬ ’ਚ ਫੈਲੇ ਨਸ਼ਿਆਂ ਅਤੇ ਅਪਰਾਧ ਰੂਪੀ ਅੱਤਵਾਦ ਨਾਲ ਲੜਾਈ ਲੜ ਰਿਹਾ ਹੈ। ਮੋਹਨਦੀਪ ਸਿੰਘ ਆਖਦਾ ਹੈ ਕਿ ਪਿਤਾ ਦੀ ਕਮੀ ਕਿਸ ਤਰਾਂ ਪੂਰੀ ਕੀਤੀ ਜਾ ਸਕਦੀ ਹੈ। ਉਹ ਆਖਦਾ ਹੈ ਕਿ ਬਾਪੂ ਜੀ ਦੇ ਪਿਆਰ ਦਾ ਤਰਸੇਵਾਂ ਤਾਂ ਜਿੰਦਗੀ ਭਰ ਬਣਿਆ ਰਹੇਗਾ।
ਹਲਕਾ ਰਾਮਪੁਰਾ ਦੇ ਪਿੰਡ ਘੰਡਾ ਬੰਨਾ ਦਾ ਜਰਨੈਲ ਸਿੰਘ ਅੱਤਵਾਦ ਖਿਲਾਫ ਲੜਾਈ ’ਚ 20 ਫਰਵਰੀ 1991 ਨੂੰ ਸ਼ਹੀਦੀ ਪਾ ਗਿਆ ਸੀ। ਜਰਨੈਲ ਸਿੰਘ ਪੰਜਾਬ ਪੁਲਿਸ ’ਚ ਸਿਪਾਹੀ ਸੀ ਅਤੇ ਉਸਦੀ ਮਾਨਸਾ ਵਿਖੇ ਬੰਬ ਧਮਾਕੇ ’ਚ ਮੌਤ ਹੋ ਗਈ ਸੀ ।ਉਸ ਨੇ ਤਾਂ ਅਜੇ ਤੱਕ ਆਪਣੀ ਜਿੰਦਗੀ ਵੀ ਸ਼ੁਰੂ ਨਹੀਂ ਕੀਤੀ ਸੀ । ਇਸ ਪ੍ਰੀਵਾਰ ਨੂੰ ਤਾਂ ਦੂਹਰੀ ਮਾਰ ਪਈ। ਪੋਤੇ ਨੂੰ ਵਿਦੇਸ਼ ਭੇਜਣ ਲਈ 10 ਲੱਖ ਦਾ ਕਰਜਾ ਚੁੱਕ ਕੇ ਟਰੈਵਲ ਏਜੰਟ ਨੂੰ ਦੇ ਦਿੱਤਾ ਪਰ ਉਹ ਧੋਖਾ ਕਰ ਗਿਆ। ਪਿੰਡ ਜਿਉਂਦ ਦੀ ਵਿਧਵਾ ਪਰਮਜੀਤ ਕੌਰ ਦਾ ਪਤੀ ਜਸਪਾਲ ਸਿੰਘ 12 ਅਪ੍ਰੈਲ 1992 ਨੂੰ ਸ਼ਹੀਦ ਹੋਇਆ ਸੀ । ਪਤੀ ਦੀ ਸ਼ਹਾਦਤ ਤੋਂ ਸੱਤ ਮਹੀਨੇ ਮਗਰੋਂ ਪਰਮਜੀਤ ਕੌਰ ਦੇ ਘਰ ਗੂੰਗੀ ਤੇ ਬੋਲੀ ਬੱਚੀ ਦਾ ਜਨਮ ਲਿਆ । ਜਿੰਦਗੀ ਨੇ ਪਰਮਜੀਤ ਕੌਰ ਨੂੰ ਦੁੱਖ ਹੀ ਦਿੱਤੇ ਹਨ।
ਭਰ ਜੁਆਨੀ ’ਚ ਵਿਧਵਾ ਹੋਈ ਜਸਵਿੰਦਰ ਕੌਰ ਬਠਿੰਡਾ ਦਾ ਦੁੱਖ ਵੀ ਕਿਸੇ ਤੋਂ ਘੱਟ ਨਹੀਂ ਹੈ। ਅਜੇ ਵਿਆਹ ਨੂੰ ਪੌਣੇ 2 ਸਾਲ ਹੀ ਹੋਏ ਸੀ ਕਿ ਪਤੀ ਹੋਮਗਾਰਡ ਜਤਿੰਦਰ ਸਿੰਘ 8 ਨਵੰਬਰ 1997 ਨੂੰ ਲਹਿਰਾ ਖਾਨਾ ਨੇੜੇ ਅੱਤਵਾਦੀਆਂ ਵੱਲੋਂ ਰੇਲ ਗੱਡੀ ’ਚ ਕੀਤੇ ਬੰਬ ਧਮਾਕੇ ’ਚ ਮਾਰਿਆ ਗਿਆ। ਇਸ ਵਿਧਵਾ ਦੇ ਪੱਲੇ ਪਤੀ ਦੀ ਯਾਦ ਅਤੇ ਹੌਕੇ ਤੇ ਹਾਵੇ ਹਨ ਜਿਹਨਾਂ ਸਹਾਰੇ ਹੀ ਜਿੰਦਗੀ ਗੁਜ਼ਾਰਨੀ ਪੈ ਰਹੀ ਹੈ। ਰਾਜਗੜ੍ਹ ਕੁੱਬੇ ਦੇ ਮੁਖਤਿਆਰ ਸਿੰਘ ਦੀ ਵਿਧਵਾ ਧੀ ਨਿਰਪਾਲ ਕੌਰ ਵੀ ਅੱਤਵਾਦ ਦਾ ਦਰਦ ਹੰਢਾ ਰਹੀ ਹੈ । ਨਿਰਪਾਲ ਕੌਰ ਦਾ ਪਤੀ 31 ਅਗਸਤ 1991 ਨੂੰ ਮਾਨਸਾ ਕੈਂਚੀਆਂ ਤੇ ਹਮਲੇ ’ਚ ਮਾਰਿਆ ਗਿਆ ਸੀ। ਮੰਡੀ ਕਲਾਂ ਦੀ ਗੁਰਮੀਤ ਕੌਰ ਨੂੰ ਵੀ ਕਾਲੇ ਦਿਨ ਖਾ ਗਏ। ਇਸੇ ਤਰ੍ਹਾਂ ਦਰਜ਼ਨਾਂ ਹੋਰ ਪ੍ਰੀਵਾਰ ਵੀ ਸਨ ਜਿਹਨਾਂ ਨੂੰ ਅੱਜ ਵੀ ਵਿਛੋੜੇ ਦੀ ਚੀਸ ਨੇ ਦਰਦ ਦਿੱਤਾ ਹੈ।
ਸਾਡੇ ਕੋਲ ਤਾਂ ਤਸਵੀਰ ਹੀ ਬਚੀ
ਪਿੰਡ ਹਰਨਾਮ ਸਿੰਘ ਵਾਲਾ ਦੀ ਸੋਨਪ੍ਰੀਤ ਕੌਰ ਦੇ ਜਨਮ ਤੋਂ ਪਹਿਲਾਂ ਉਸਦਾ ਪਿਤਾ ਸਿਪਾਹੀ ਮਹਿੰਦਰ ਰਾਮ 23 ਅਕਤੂਬਰ,1991 ਸ਼ਹੀਦ ਹੋ ਗਿਆ ਸੀ। ਇਵੇਂ ਹੀ ਬਠਿੰਡਾ ਦੀ ਬੱਚੀ ਜੋਤੀ ਦਾ ਪਿਤਾ ਜਰਨੈਲ ਸਿੰਘ ਜੰਮੂ-ਕਸ਼ਮੀਰ ਵਿੱਚ 15 ਜੂਨ,2000 ਨੂੰ ਸ਼ਹੀਦ ਹੋਇਆ ਸੀ। ਪਿੰਡ ਕੋਟਗੁਰੂ ਦਾ ਕਿਰਪਾਲ ਸਿੰਘ ਮਹਿਤਾ ਜਦੋਂ ਸ਼ਹੀਦ ਹੋਇਆ ਤਾਂ ਉਦੋਂ ਉਸ ਦੀ ਲੜਕੀ ਮਨਪ੍ਰੀਤ ਕੌਰ ਤਿੰਨ ਕੁ ਸਾਲ ਦੀ ਸੀ। ਹਾਲਾਂਕਿ ਹੁਣ ਇਹ ਬੱਚੇ ਵੱਡੇ ਹੋਕੇ ਜਿੰਦਗੀ ਦੇ ਸਫਰ ਤੇ ਤੁਰ ਰਹੇ ਹਨ ਪਰ ਇਨ੍ਹਾਂ ਕੋਲ ਸ਼ਹੀਦਾਂ ਹੋਣ ਦੀਆਂ ਯਾਦਾਂ ਅਤੇ ਤਸਵੀਰਾਂ ਹੀ ਬਚੀਆਂ ਹਨ।
ਸ਼ਹੀਦੀ ਸਮਾਗਮ ਕਰਵਾਇਆ
ਬਠਿੰਡਾ ਪੁਲਿਸ ਵੱਲੋਂ ਅੱਜ ਪੁਲਿਸ ਲਾਈਨ ’ਚ ਕੀਤੇ ਗਏ ਸਮਾਗਮ ’ਚ ਇਹਨਾਂ ਪ੍ਰੀਵਾਰਾਂ ਦੀਆਂ ਦੁੱਖ ਤਕਲੀਫਾਂ ਸੁਣੀਆਂ ਗਈਆਂ । ਇਸ ਮੌਕੇ ਬਠਿੰਡਾ ਦੇ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐਸਐਸਪੀ ਅਮਨੀਤ ਕੌਂਡਲ ਡੀਆਈਜੀ ਹਰਚਰਨ ਸਿੰਘ ਅਤੇ ਜਿਲ੍ਹੇ ਦੇ ਸਮੂਹ ਪੁਲਿਸ ਅਧਿਕਾਰੀਆਂ ਨੇ ਪੰਜਾਬ ਪੁਲਿਸ ਦੇ ਸ਼ਹੀਦੀ ਯਾਦਗਰ ਤੇ ਫੁੱਲ ਮਾਲਾਵਾਂ ਭੇਂਟ ਕੀਤੀਆਂ । ਪੰਜਾਬ ਪੁਲਿਸ ਦੀ ਟੁਕੜੀ ਨੇ ਸ਼ਹੀਦਾਂ ਨੂੰ ਸਲਾਮੀ ਦਿੱਤੀ । ਅਫਸਰਾਂ ਨੇ ਸ਼ਹੀਦ ਪ੍ਰੀਵਾਰਾਂ ਨੂੰ ਸਨਮਾਨਿਤ ਕੀਤਾ । ਪੁਲਿਸ ਅਧਿਕਾਰੀਆਂ ਦਾ ਕਹਿਣਾ ਸੀ ਕਿ ਕਿਸੇ ਵੀ ਪ੍ਰੀਵਾਰ ਨੂੰ ਕੋਈ ਤਕਲੀਫ ਨਹੀਂ ਆਉਣ ਦਿੱਤੀ ਜਾਵੇਗੀ।