ਭਿੰਡੀ ਸੈਦਾਂ ਦੇ ਬੈਂਕ ਪਹੁੰਚ ਕੇ ਮੁਲਾਜ਼ਮਾਂ ਤੇ ਲੋਕਾਂ ਨੂੰ ਕੀਤੀਆਂ ਹਦਾਇਤਾਂ
ਅੰਮ੍ਰਿਤਸਰ, (ਰਾਜਿੰਦਰ ਰਿਖੀ)

ਸ਼ਹਿਰੀ ਵਿਕਾਸ ਮੰਤਰੀ ਸ. ਸੁਖਬਿੰਦਰ ਸਿੰਘ ਸਰਕਾਰੀਆ ਨੇ ਬੈਂਕਾਂ ਦੀਆਂ ਵੱਖ-ਵੱਖ ਸਖਾਵਾਂ ਅੱਗੇ ਪੈਂਦੀ ਭੀੜ ਦਾ ਨੋਟਿਸ ਲੈਂਦੇ ਅੱਜ ਭਿੰਡੀ ਸੈਦਾਂ ਬੈਂਕ ਵਿਚ ਅਚਨਚੇਤ ਪਹੁੰਚ ਕੇ ਬੈਂਕ ਵਿਚ ਇਕੱਠੇ ਹੋਏ ਲੋਕਾਂ ਅਤੇ ਕੰਮ ਕਰ ਰਹੇ ਅਧਿਕਾਰੀਆਂ ਨੂੰ ਕੋਵਿਡ 19 ਦੇ ਮੱਦੇਨਜ਼ਰ ਜ਼ਰੂਰੀ ਸਾਵਧਾਨੀਆਂ ਦਾ ਪਾਲਣ ਕਰਨ ਦੀ ਹਦਾਇਤ ਕੀਤੀ। ਉਨਾਂ ਕਿਹਾ ਕਿ ਭਾਵੇਂ ਪੰਜਾਬ ਨੇ ਕਾਫੀ ਹੱਦ ਤੱਕ ਵਾਇਰਸ ਉਤੇ ‘ਤੇ ਕਾਬੂ ਪਾਇਆ ਹੈ, ਪਰ ਇਸ ਤਰਾਂ ਦੀ ਲਾਪਰਵਾਹੀ ਸਥਿਤੀ ਵਿਗਾੜ ਸਕਦੀ ਹੈ। ਉਨਾਂ ਕਿਹਾ ਕਿ ਬੈਂਕਾਂ ਵਿਚ ਬਰਾਂਚ ਦੇ ਬਾਹਰ ਉਡੀਕ ਕਰ ਰਹੇ ਲੋਕਾਂ ਵਿਚਕਾਰ 1 ਮੀਟਰ ਦੀ ਆਪਸੀ ਦੂਰੀ ਬਣਾ ਕੇ ਰੱਖਣਾ ਯਕੀਨੀ ਬਣਾਇਆ ਜਾਵੇ ਅਤੇ ਸਟਾਫ ਵਿਚਕਾਰ ਵੀ ਇਕ ਮੀਟਰ ਦੀ ਦੂਰੀ ਹੋਵੇ। ਬੈਂਕਾਂ ਵੱਲੋਂ ਯਕੀਨੀ ਬਣਾਇਆ ਜਾਵੇ ਕਿ ਬੈਂਕ ਸ਼ਾਖਾ ਵਿੱਚ ਦਾਖਿਲ ਹੋਣ ਤੋਂ ਪਹਿਲਾਂ ਹਰੇਕ ਉਪਭੋਗਤਾ ਨੇ ਮਾਸਕ ਪਹਿਨਿਆ ਹੋਵੇ ਅਤੇ ਬੈਂਕ ਹਰੇਕ ਵਿਅਕਤੀ ਨੂੰ ਪ੍ਰਵੇਸ਼ ਕਰਨ ਤੋਂ ਪਹਿਲਾਂ ਹੱਥਾਂ ਨੂੰ ਸੈਨੀਟਾਈਜ਼ ਕਰਨ ਦਾ ਪ੍ਰਬੰਧ ਕਰਨ। ਬੈਂਕ ਸਟਾਫ ਅਤੇ ਗਾਹਕ ਨਗਦੀ ਦਾ ਲੈਣ-ਦੇਣ ਕਰਨ ਤੋਂ ਬਾਅਦ ਹੱਥਾਂ ਨੂੰ ਸਾਫ ਕਰਨਾ ਯਕੀਨੀ ਬਨਾਉਣ।
ਉਨਾਂ ਕਿਹਾ ਕਿ ਬੈਂਕਾਂ ਵੱਲੋਂ ਡਿਜ਼ੀਟਲ ਲੈਣ-ਦੇਣ ਬਾਰੇ ਜਾਣਕਾਰੀ ਦਿੱਤੀ ਜਾਵੇ, ਤਾਂ ਜੋ ਬਰਾਂਚ ਵਿੱਚ ਇਕੱਠ ਨੂੰ ਘਟਾਇਆ ਜਾ ਸਕੇ। ਸ. ਸਰਕਾਰੀਆ ਨੇ ਕਿਹਾ ਕਿ ਬੈਂਕ ਪ੍ਰਬੰਧਕ ਘੱਟ ਤੋਂ ਘੱਟ ਸਟਾਫ ਨੂੰ ਬੈਂਕ ਬੁਲਾ ਕੇ ਕੰਮ ਚਲਾਉਣ, ਤਾਂ ਜੋ ਬੈਂਕ ਵਿਚ ਕਰਮਚਾਰੀਆਂ ਨੂੰ ਦੂਰ-ਦੂਰ ਬੈਠਣ ਦਾ ਮੌਕਾ ਮਿਲ ਸਕੇ। ਜੇਕਰ ਕਿਸੇ ਮੁਲਾਜ਼ਮ ਵਿੱਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋ ਜਾਂਦੀ ਹੈ ਤਾਂ ਬੈਂਕ ਦੀ ਇਹ ਜ਼ਿੰਮੇਵਾਰੀ ਬਣਦੀ ਹੈ ਕਿ ਉਹ ਹੈਲਪਲਾਈਨ ਨੰਬਰ 104 ਜਾਂ ਸਟੇਟ ਕੰਟਰੋਲ ਰੂਮ ਨੰਬਰ 0172-2920074/ 08872090029 ‘ਤੇ ਕਾਲ ਕਰਕੇ ਪੀੜਤ ਮੁਲਾਜ਼ਮ ਦੇ ਬੈਂਕ ਆਉਣ ਦੇ ਦਿਨਾਂ ਬਾਰੇ ਅਤੇ ਉਸਦੇ ਸੰਪਰਕ ਵਿੱਚ ਆਏ ਲੋਕਾਂ ਬਾਰੇ ਤੁਰੰਤ ਜਾਣਕਾਰੀ ਦੇਵੇ। ਗਾਹਕਾਂ ਦਾ ਰਿਕਾਰਡ ਰੱਖਣ ਲਈ ਵੀ ਬੈਂਕ ਗੇਟ ਉਤੇ ਰਜਿਸਟਰ ਲਗਾਉਣ ਜਿੱਥੇ ਰੋਜ਼ਾਨਾ ਬੈਂਕ ਆਏ ਗਾਹਕਾਂ ਦਾ ਫੋਨ ਨੰਬਰ ਸਮੇਤ ਰਿਕਾਰਡ ਨੋਟ ਕੀਤਾ ਜਾਵੇ, ਜੋ ਕਿ ਲੋੜ ਵੇਲੇ ਵਰਤਿਆ ਜਾ ਸਕੇ। ਇਸ ਮੌਕੇ ਚੇਅਰਮੈਨ ਜਿਲਾ ਪ੍ਰੀਸ਼ਦ ਦਿਲਰਾਜ ਸਿੰਘ ਸਰਕਾਰੀਆ, ਅਜੇ ਪ੍ਰਤਾਪ ਸਿੰਘ ਸਰਕਾਰੀਆ, ਡੀ ਐਸ ਪੀ ਗੁਰਪ੍ਰੀਤ ਸਿੰਘ ਸਹੋਤਾ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।