ਅੰਮ੍ਰਿਤਸਰ ਕੇਂਦਰੀ ਹਲਕੇ ਦੇ ਲੋਕਾਂ ਲਈ ਰਾਸ਼ਨ ਦੇ ਤਿੰਨ ਟਰੱਕ ਤੋਰੇ
ਅੰਮ੍ਰਿਤਸਰ (ਰਾਜਿੰਦਰ ਰਿਖੀ)

ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਸ੍ਰੀ ਓ ਪੀ ਸੋਨੀ ਨੇ ਕੋਵਿਡ-19 ਦੀ ਰੋਕਥਾਮ ਅਤੇ ਨਿਗਰਾਨੀ ਵਧਾਉਣ ਲਈ ਰਾਜ ਦੇ ਸਾਰੇ ਨਿੱਜੀ ਹਸਪਤਾਲਾਂ ਨੂੰ ਇਨਫ਼ਲੂਏਂਜਾ ਲਾਈਕ ਇਲਨੈੱਸ (ਆਈ ਐਲ ਆਈ) ਅਤੇ ਸਵਿਅਰ ਐਕਿਉਟ ਰੇਸਪੀਰੇਟਰੀ ਇਨਫੈਕਸਨ (ਐਸਏਆਰਆਈ) ਦੇ ਮਰੀਜਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਰੈਫਰ ਕਰਨ ਦੀ ਅਪੀਲ ਕੀਤੀ ਹੈ। ਇਨਾਂ ਸਰਕਾਰੀ ਹਸਪਤਾਲਾਂ ਦੇ ਫ਼ਲੂ ਕਾਰਨਰਾਂ ਵਿੱਚ ਫਲੂ ਦੇ ਲੱਛਣ ਜਿਵੇਂ ਕਿ ਬੁਖ਼ਾਰ, ਖੰਘ, ਸਾਹ ਲੈਣ ਵਿੱਚ ਤਕਲੀਫ਼, ਨਮੂਨਿਆ ਆਦਿ ਦੇ ਸਾਰੇ ਮਰੀਜਾਂ ਦੀ ਮੁਫ਼ਤ ਆਰਟੀ-ਪੀਸੀਆਰ ਟੈਸਟਿੰਗ ਕੀਤੀ ਜਾਵੇਗੀ। ਅੱਜ ਅੰਮ੍ਰਿਤਸਰ ਕੇਂਦਰੀ ਹਲਕੇ ਦੀਆਂ ਬਾਹਰਲੀਆਂ ਵਾਰਡਾਂ ਲਈ ਆਪਣੇ ਦੋਸਤਾਂ ਦੀ ਸਹਾਇਤਾ ਨਾਲ 500 ਪਰਿਵਾਰਾਂ ਲਈ ਭੇਜੇ ਗਏ ਸੁੱਕੇ ਰਾਸ਼ਨ ਦੇ ਤਿੰਨ ਟਰੱਕ ਤੋਰਨ ਮੌਕੇ ਸ੍ਰੀ ਸੋਨੀ ਨੇ ਇਹ ਪ੍ਰਗਟਾਵਾ ਕਰਦੇ ਕਿਹਾ ਕਿ ਇਸ ਯੋਜਨਾ ਜ਼ਰੀਏ ਯਕੀਨੀ ਬਣਾਇਆ ਜਾਵੇਗਾ ਕਿ ਕੋਵਿਡ-19 ਦਾ ਇੱਕ ਵੀ ਸ਼ੱਕੀ ਮਰੀਜ ਜਾਂਚ ਤੋਂ ਵਾਂਝਾ ਨਾ ਰਹਿ ਸਕੇ ਅਤੇ ਇਸ ਬਿਮਾਰੀ ਦੇ ਜਨਤਕ ਪੱਧਰ ਤੇ ਫ਼ੈਲਾਅ ਨੂੰ ਰੋਕਿਆ ਜਾ ਸਕੇ। ਉਨਾਂ ਕਿਹਾ ਕਿ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵੱਲੋਂ ਵੀ ਸਾਰੇ ਸਿਵਲ ਸਰਜਨਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ।
ਉਨਾਂ ਦੱਸਿਆ ਕਿ ਸਰਕਾਰ ਨੇ ਕੋਵਿਡ-19 ਕਾਰਨ ਪੈਦਾ ਹੋਈ ਸਥਿਤੀ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਨਜਿੱਠਿਆ ਹੈ ਅਤੇ ਸੂਬਾ ਸਰਕਾਰ ਵੱਲੋਂ ਕੋਵਿਡ-19 ਮਰੀਜਾਂ ਦੀ ਟ੍ਰੈਕਿੰਗ (ਪਹਿਚਾਣ), ਟੈਸਟਿੰਗ (ਜਾਂਚ) ਤੇ ਟਰੀਟਮੈਂਟ (ਇਲਾਜ) ਲਈ ਵਿਸਥਾਰਪੂਰਵਕ ਯੋਜਨਾ ਤਿਆਰ ਕੀਤੀ ਗਈ ਹੈ। ਉਨਾਂ ਦੱਸਿਆ ਕਿ ਪੰਜਾਬ ਵਿੱਚ ਕੋਵਿਡ-19 ਦੀ ਜਾਂਚ 5 ਲੈਬਾਂ ਵੱਲੋਂ ਕੀਤੀ ਜਾ ਰਹੀ ਹੈ ਅਤੇ ਆਈਸੀਐਮਆਰ ਤੋਂ ਮੰਜ਼ੂਰਸ਼ੁਦਾ ਹੋਰ ਪ੍ਰਾਈਵੇਟ ਲੈਬ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਹੋ ਰਹੀ ਹੈ, ਜਿਸ ਨਾਲ ਪੰਜਾਬ ਦੀ ਟੈਸਟਿੰਗ ਸਮਰੱਥਾ ਹੋਰ ਵੀ ਵੱਧ ਸਕੇਗੀ। ਇਸ ਮੌਕੇ ਸ੍ਰੀ ਵਿਕਾਸ ਸੋਨੀ, ਸ੍ਰੀ ਰਾਘਵ ਸੋਨੀ, ਸ੍ਰੀ ਸ਼ਾਮ ਸੋਨੀ, ਸ੍ਰੀ ਸਾਹਿਲ ਸਰਪਾਲ, ਸ੍ਰੀ ਸੁਮਿਤ ਅਗਰਵਾਲ ਅਤੇ ਸ੍ਰੀ ਰਮਨ ਵਿਰਕ ਵੀ ਹਾਜ਼ਰ ਸਨ।