ਪ੍ਰਭਜੋਤ ਕੌਰ ਵੜੈਚ
ਜਾਹ ਨੀ ਸਾਹਿਬਾਂ, ਜਾਹ ਨੀ ਅੜੀਏ
ਬਸ ਰੱਖਿਆ ਮਾਣ ਤੂੰ ਵੀਰਾਂ ਦਾ।
ਅੱਜ ਵੀ ਦਰਦ ਹੰਡਾਵਣ ਹੀਰਾ,
ਤੈਥੋਂ ਟੁੱਟੇ ਤੀਰਾਂ ਦਾ।

ਬੜੇ ਈ ਗੁਹ ਨਾਲ ਵੇਖ ਰਹੀ ਸਾਂ
ਹੱਥਾਂ ‘ਤੇ ਜਾਲ਼ ਲਕੀਰਾਂ ਦਾ,
ਬੇਵਫ਼ਾਈ ਕਿਤੇ ਨਾਂ ਲੱਭੀ
ਆਇਆ ਦੋਸ਼ ਤਕਦੀਰਾਂ ਦਾ।
ਸ਼ਕਲੋਂ ਸਾਰੇ ਭੋਲੇ ਜਾਪਣ,
ਜੋ ਸਮਝੋ ਉਹ ਹੁੰਦਾ ਨਈਂ,
ਚੇਤੇ ਰੱਖਿਓ ਹੁੰਦਾ ਹੈ ਇੱਕ
ਦੂਜਾ ਪੱਖ ਤਸਵੀਰਾਂ ਦਾ।
ਹਾਲਾਤਾਂ ਮੂਹਰੇ ਬੇਵਸ ਹੋ ਕੇ,
ਜਦ ਉਹ ਢੇਰੀ ਢਾਉਦੇ ਨੇ,
ਹਿੰਮਤ ਹਾਰੇ ਕਰਮਾਾਂ ਮਾਰੇ,
ਲਾਉਦੇ ਨਾਂ ਤਕਦੀਰਾਂ ਦਾ।
ਜੋ ਸਮਝਦਾ ਏ ਸਮਝੀ ਜਾਹ,
ਪਰ ਇੱਕ ਗੱਲ ਰੱਖੀ ਯਾਦ ਸਦਾ,
ਜਿਹੜੀਆਂ ਨੇਮਤਾਂ ਉਸ ਬੱਸੀਆਂ,
ਕੋਈ ਹੋਣਾ ਹੱਥ ਫਕੀਰਾਂ ਦਾ।
ਜਿਹੜੇ ਇਸ਼ਕ ਝਨਾਂ ਵਿੱਚ ਤਰਦੇ
ਤਨ ਦਾ ਮਾਸ ਖੁਆ ਜਾਂਦੇ,
ਮਾਰੂਥਲ ਵਿੱਚ ਸਿਵਾ ਮੈਂ ਬਾਲਾਂ,
ਆਪਣੇ ਤਨ ਦੀਆ ਫਟੀਆਂ ਲੀਰਾਂ ਦਾ।
ਰਹਿ ਗਏ ਰਾਂਝੇ ਮੱਝੀਆਂ ਚਰਾਉਦੇ,
ਤੇ ਕੈਦੋਂ ਬਾਜ਼ੀ ਮਾਰ ਗਏ,
ਖੇੜੇ ਹੀਰ ਵਿਆਹਵਣ ਤੁਰ ਪਏ,
ਤੇ ਹੁਣ ਰੱਬ ਹੀ ਮਾਲਿਕ ਹੀਰਾਂ ਦਾ।
ਇੰਝ ਹੀ ਪੰਨੇ ਪਲਟਦੇ ਰਹਿਣੇ,
ਵੇਲੇ ਦੀ ਰਾਮ-ਕਹਾਣੀ ਦੇ,
ਇੰਝ ਹੀ ਡੋਲੇ ਉਠਦੇ ਰਹਿਣੇ,
ਇਸ਼ਕ ਚ ਹਰੀਆਂ ਹੀਰਾਂ ਦੇ।