ਵਿਦਿਆਰਥੀਆਂ ਦੇ ਹੱਕ ‘ਚ ਆਵਾਜ਼ ਬੁਲੰਦ ਕਰਨ ‘ਤੇ ਅਧਿਆਪਕਾਂ ਆਗੂਆਂ ਦੀਆਂ ਬਦਲੀਆਂ ਕਰਨ ‘ਤੇ ਸਰਕਾਰ ਦਾ ਅਸਲ ਚਿਹਰਾ ਹੋਇਆ ਨੰਗਾ : ਡੀ.ਟੀ.ਐੱਫ.
ਅਧਿਆਪਕਾਂ ਆਗੂਆਂ ‘ਤੇ ਦਰਜ ਪਰਚੇ ਅਤੇ ਬਦਲੀਆਂ ਰੱਦ ਕਰਨ ਦੀ ਮੰਗ
ਦਲਜੀਤ ਕੌਰ

ਚੰਡੀਗੜ੍ਹ, 19 ਨਵੰਬਰ, 2022: ਅਧਿਆਪਕ ਆਗੂਆਂ ਨੂੰ ਵਿਦਿਆਰਥੀਆਂ ਦੇ ਵਿੱਦਿਅਕ ਟੂਰ ਲਈ ਜਿਲ੍ਹਾ ਸਿੱਖਿਆ ਅਫਸਰ ਸੰਗਰੂਰ ਖਿਲਾਫ਼ ਸੰਘਰਸ਼ ਕਰਨ ‘ਤੇ ਪੰਜਾਬ ਸਰਕਾਰ ਦੇ ਇਸ਼ਾਰੇ ‘ਤੇ ਡੀ.ਪੀ.ਆਈ. (ਸੈ.ਸਿੱ.) ਪੰਜਾਬ ਵੱਲੋਂ ਸੰਗਰੂਰ ਜਿਲ੍ਹੇ ਦੇ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਜਿਲ੍ਹਾ ਪ੍ਰਧਾਨ ਬਲਬੀਰ ਲੌਂਗੋਵਾਲ, ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਦਾਤਾ ਸਿੰਘ ਨਮੋਲ, ਪਰਵਿੰਦਰ ਉੱਭਾਵਾਲ, ਯਾਦਵਿੰਦਰ ਸਿੰਘ ਧੂਰੀ ਤੇ ਗੁਰਪ੍ਰੀਤ ਲਹਿਰਾ ਦੀਆਂ ਬਦਲੀਆਂ ਦੂਰ ਦੁਰਾਡੇ ਜ਼ਿਲ੍ਹਿਆਂ ਵਿੱਚ ਕਰਨ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਰਚੇ ਦਰਜ ਕਰਨ ਖਿਲਾਫ਼ ਸਰਕਾਰ ਮਾਨ ਸਰਕਾਰ ਦੇ ਇਸ ਘਿਨਾਉਣੇ ਕਾਰੇ ਦੇ ਵਿਰੋਧ ਵਿੱਚ ਡੀਟੀਐੱਫ਼ ਪੰਜਾਬ ਵੱਲੋਂ ਸੂਬੇ ਦੇ ਵੱਖ ਵੱਖ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ, ਕਪੂਰਥਲਾ, ਜਲੰਧਰ, ਲੁਧਿਆਣਾ, ਮੋਗਾ, ਫਿਰੋਜ਼ਪੁਰ, ਫਰੀਦਕੋਟ, ਮੁਕਤਸਰ, ਬਠਿੰਡਾ, ਮਾਨਸਾ, ਸੰਗਰੂਰ ਵਿਖੇ ਪੰਜਾਬ ਸਰਕਾਰ ਦੇ ਪੁਤਲੇ ਫੂਕੇ ਗਏ। ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਵੱਲੋਂ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ।
ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਪ੍ਰਧਾਨ ਦਿਗਵਿਜੇਪਾਲ ਸ਼ਰਮਾ ਅਤੇ ਸਕੱਤਰ ਸਰਵਣ ਸਿੰਘ ਔਜਲਾ ਨੇ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਆਮ ਆਦਮੀ ਦੀ ਸਰਕਾਰ ਸਰਕਾਰੀ ਸਕੂਲ ਵਿੱਚ ਪੜਦੇ ਗਰੀਬ ਘਰਾਂ ਦੇ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਦਿਵਾਉਣ ਲਈ ਅੜੀਖੋਰ ਜਿਲ੍ਹਾ ਸਿੱਖਿਆ ਅਫਸਰ (ਸੈ:ਸਿ:) ਸੰਗਰੂਰ ਤੋਂ ਵਿੱਦਿਅਕ ਟੂਰ ਲਈ ਮਨਜ਼ੂਰੀ ਦਵਾਉਣ ਲਈ ਦੇਰ ਰਾਤ ਤੱਕ ਜੱਥੇਬੰਦਕ ਤੋਰ ਤੇ ਧਰਨਾ ਲਾਉਣ ਲਈ ਮਜਬੂਰ ਹੋਣਾ ਪਿਆ। ਅੜੀਖੋਰ ਸਿੱਖਿਆ ਅਫ਼ਸਰ ਵੱਲੋਂ ਵਿੱਦਿਅਕ ਟੂਰ ਦੀ ਮਨਜੂਰੀ ਤਾਂ ਦੇ ਦਿੱਤੀ ਪਰ ਬਦਲਾਖੋਰੀ ਦੀ ਨੀਤ ਨਾਲ ਅਧਿਆਪਕ ਆਗੂਆਂ ‘ਤੇ ਪੁਲਿਸ ਪਰਚਾ ਦਰਕ ਕਰਵਾਇਆ ਅਤੇ ਉੱਚ ਅਧਿਕਾਰੀਆਂ ਨੂੰ ਅਧਿਆਪਕਾਂ ਦੀ ਬਦਲੀ ਜਰਨ ਦੀ ਸ਼ਿਫਾਰਸ਼ ਕੀਤੀ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਸਿੱਖਿਆ ਤੇ ਸਿਹਤ ਖੇਤਰਾਂ ਚ ਵੱਡੇ ਬਦਲਾਅ ਲੈ ਕੇ ਆਉਣ ਦੇ ਵਾਅਦੇ ਨਾਲ ਸੱਤਾ ਵਿੱਚ ਆਈ ਸੀ ਪਰ ਮਹਿਜ ਕੁੱਝ ਮਹੀਨਿਆਂ ‘ਚ ਹੀ ਪੰਜਾਬ ਦੀ ਜਨਤਕ ਸਿੱਖਿਆ ਨੂੰ ਬਚਾਉਣ ਵਾਲੇ ਸਰਕਾਰੀ ਅਧਿਆਪਕਾਂ ਨੂੰ ਹੀ ਤੰਗ ਪ੍ਰੇਸ਼ਾਨ ਕਰਨ ਲੱਗ ਪਈ ਹੈ, ਵਿਦਿਆਰਥੀਆਂ ਦੇ ਹੱਕਾਂ ਲਈ ਲੜਨ ਤੇ ਜਨਤਕ ਸਿੱਖਿਆ ਨੂੰ ਬਚਾਉਣ ਲਈ ਸੰਘਰਸ਼ ਕਰਨ ਵਾਲੇ ਅਧਿਆਪਕਾਂ ਨੂੰ ਵਿਕਟੇਮਾਈਜ਼ ਕਰ ਰਹੀ ਹੈ।
ਡੀਟੀਐੱਫ਼ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਕਰਨੈਲ ਸਿੰਘ ਚਿੱਟੀ, ਵਿੱਤ ਸਕੱਤਰ ਜਸਵਿੰਦਰ ਬਠਿੰਡਾ, ਸਹਾਇਕ ਸਕੱਤਰ ਗੁਰਮੀਤ ਕੋਟਲੀ ਨੇ ਕਿਹਾ ਕਿ ਜੇਕਰ ਮਾਨ ਸਰਕਾਰ ਨੇ ਉਕਤ ਵਿਕਟੇਮਾਈਜੇਸ਼ਨਾਂ ਰੱਦ ਨਾ ਕੀਤੀਆਂ ਤਾਂ ਜਥੇਬੰਦੀ ਆਉਣ ਵਾਲੇ ਦਿਨਾਂ ਵਿੱਚ ਭਰਾਤਰੀ ਜਥੇਬੰਦੀਆਂ ਦੀ ਹਮਾਇਤ ਨਾਲ ਸੂਬੇ ਭਰ ਵਿੱਚ ਵੱਡੇ ਪੱਧਰ ‘ਤੇ ਸੰਘਰਸ਼ ਵਿੱਢੇਗੀ।