
ਲੰਡਨ (ਬਿੱਟੂ ਖੰਗੂੜਾ/ ਪੰਜ ਦਰਿਆ ਬਿਊਰੋ) ਚੰਨ ਪ੍ਰਦੇਸੀ ਪੰਜਾਬੀ ਫਿਲਮਾਂ ਦੇ ਇਤਿਹਾਸ ਦਾ ਇੱਕ ਮੀਲ ਪੱਥਰ ਹੈ। 1981 ਵਿੱਚ ਰਿਲੀਜ਼ ਹੋਈ ਇਸ ਫ਼ਿਲਮ ਨੇ ਜਿੱਥੇ ਸਫਲਤਾ ਦੇ ਨਵੇ ਝੰਡੇ ਗੱਡੇ, ਉੱਥੇ ਵਧੀਆ ਫ਼ਿਲਮ ਲਈ ਰਾਸ਼ਟਰੀ ਇਨਾਮ ਵੀ ਜਿੱਤਿਆ। ਇਸ ਫ਼ਿਲਮ ਵਿੱਚ ਕੰਮ ਕਰਨ ਵਾਲੇ ਸਾਰੇ ਕਲਾਕਾਰ ਅਮਰੀਸ਼ ਪੁਰੀ, ਓਮ ਪੁਰੀ, ਰਾਜ ਬੱਬਰ, ਕੁਲਭੂਸ਼ਣ ਖਰਬੰਦਾ ਸਮੇਤ ਬਾਅਦ ਵਿੱਚ ਸਾਰੇ ਸੁਪਰ ਸਟਾਰ ਬਣੇ। 41 ਸਾਲ ਬਾਅਦ ਹੁਣ ਇਸਨੂੰ ਦੁਬਾਰਾ ਡਿਜੀਟਲੀ ਰੀਮਾਸਟਰਡ ਕਰਕੇ ਯੂਕੇ ਏਸ਼ੀਅਨ ਫਿਲਮ ਫੈਸਟੀਵਲ ਦੌਰਾਨ ਲੰਡਨ ਦੇ ਕਿਲਨ ਥੀਏਟਰ ਵਿੱਚ ਪ੍ਰਸਿੱਧ ਰੇਡੀਓ ਪਰੈਜੈਂਟਰ ਅਤੇ ਐਂਕਰ ਬਿੱਟੂ ਖੰਗੂੜਾ ਅਤੇ ਫ਼ਿਲਮ ਦੇ ਐਸੋਸੀਏਟਡ ਪ੍ਰੋਡਿਊਸਰ ਸਿਮਰਨ ਸਿੱਧੂ ਵੱਲੋਂ ਰਿਲੀਜ਼ ਕੀਤਾ ਗਿਆ। ਫ਼ਿਲਮ ਤੋਂ ਬਾਅਦ ਸਵਾਲ ਜਵਾਬ ਦੌਰਾਨ ਬਿੱਟੂ ਨੇ ਚੰਡੀਗੜ੍ਹ ਜਾਕੇ ਫ਼ਿਲਮ ਦੇਖਣ ਦੇ ਤਜਰਬੇ ਸਾਂਝੇ ਕੀਤੇ। ਸਿਮਰਨ ਸਿੱਧੂ ਨੇ ਸਰਦਾਰ ਚੰਨਣ ਸਿੰਘ ਸਿੱਧੂ ਅਤੇ ਬਲਦੇਵ ਗਿੱਲ ਜੀ ਦੇ ਇਸ ਪ੍ਰੋਜੈਕਟ ਨੂੰ ਨੇਪਰੇ ਚਾੜਣ ਵਿੱਚ ਦਿੱਤੇ ਸਹਿਯੋਗ ਅਤੇ ਤਕਨੀਕੀ ਪੇਚੀਦਗੀਆਂ ਅਤੇ ਦਸ ਸਾਲ ਦੇ ਇਸ ਸਫਰ ਦੇ ਬਾਰੇ ਦੱਸਿਆ। ਨਾਲ ਹੀ ਉਹਨਾਂ ਨੇ ਇਸ ਦੇ ਆਉਣ ਵਾਲੇ ਸੀਕੁਅਲ ਬਾਰੇ ਵੀ ਜਾਣਕਾਰੀ ਦਿੱਤੀ। ਇਸ ਮੌਕੇ ‘ਤੇ ਫ਼ਿਲਮ ਫੈਸਟੀਵਲ ਵੱਲੋਂ ਪੁਸ਼ਪਿੰਦਰ ਚੌਧਰੀ, ਆਕਸਫੋਰਡ ਯੂਨੀਵਰਸਿਟੀ ਤੋਂ ਪ੍ਰੋ. ਪ੍ਰੀਤਮ ਸਿੰਘ, ਰੇਡੀਓ ਪਰੈਂਜੈਂਟਰ ਪਰਵੀਨ, ਅਤੇ ਫੋਟੋਗ੍ਰਾਫਰ ਅਰਸ਼ਪਰੀਤ ਆਦਿ ਹਾਜ਼ਰ ਸਨ।