14.1 C
United Kingdom
Sunday, April 20, 2025

More

    ਹੁਣ ਕਰੋਨਾ ਲਾਵੇਗਾ ਬੇਲਗਾਮ ਹੋਈ ਟਰੈਫ਼ਿਕ ਨੂੰ ਬਰੇਕਾਂ

    ਡਰਾਈਵਿੰਗ ਲਾਈਸੈਂਸ ਵੀ ਰੱਦ ਹੋਣਗੇ ਤੇ ਜਹਾਜ਼ ਤੇ ਹੂਟੇ ਲੈਣ ਵਾਲੇ ਪਾਸਪੋਰਟ ਵੀ

    ਜਲੰਧਰ (ਪੰਜ ਦਰਿਆ ਬਿਊਰੋ)

    ਪੰਜਾਬ ਸਰਕਾਰ ਵਲੋਂ ਕੋਰੋਨਾ ਵਾਇਰਸ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਲਈ ਲਗਾਏ ਕਰਫ਼ਿਊ ਦੌਰਾਨ ਉਲੰਘਣਾ ਕਰਨ ਵਾਲਿਆਂ ਦੇ ਹੁਣ ਪਾਸਪੋਰਟ ਤੇ ਡਰਾਇਵਿੰਗ ਲਾਇਸੰਸ ਰੱਦ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਜਲੰਧਰ ਵਰਿੰਦਰ ਕੁਮਾਰ ਸ਼ਰਮਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਤੇ ਐੱਸਐੱਸਪੀ ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਕਰਫ਼ਿਊ ਦੀ ਉਲੰਘਣਾ ਕਰਨ ਨੂੰ ਬਖਸ਼ਿਆ ਨਹੀਂ ਜਾਵੇਗਾ। ਕਰਤਾਰਪੁਰ ਸ਼ਹਿਰ ਵਿਖੇ ਵੱਖ-ਵੱਖ ਖੇਤਰਾਂ ਵਿਚ ਫਲੈਗ ਮਾਰਚ ਦੀ ਅਗਵਾਈ ਕਰਦਿਆਂ ਉਨ੍ਹਾਂ ਕਿਹਾ ਕਿ ਕੁਝ ਪ੍ਰਤੀਸ਼ਤ ਲੋਕ ਕਰਫ਼ਿਊ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੇ ਅਤੇ ਬਿਨਾਂ ਯੋਗ ਪਾਸ ਦੇ ਇੱਧਰ-ਉਧਰ ਘੁੰਮ ਕੇ ਕਰਫ਼ਿਊ ਨਿਯਮਾਂ ਦੀ ਉਲੰਘਣਾ ਕਰ ਰਹੇ ਹਨ।

    ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਪ੍ਰਤੀ ਸਖ਼ਤੀ ਵਰਤਦਿਆਂ ਧਾਰਾ 188 ਅਧੀਨ ਐੱਫਆਰਆਈ ਦਰਜ ਕਰਕੇ ਤੁਰੰਤ ਉਨ੍ਹਾਂ ਦੇ ਪਾਸਪੋਰਟ ਤੇ ਡਰਾਇਵਿੰਗ ਲਾਇਸੰਸ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ ਤਾਂ ਜੋ ਉਨਾਂ ਨੂੰ ਸਬਕ ਸਿਖਾਇਆ ਜਾ ਸਕੇ।

    ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੋਕਾਂ ਦੀ ਭਲਾਈ ਲਈ ਲਗਾਏ ਗਏ ਕਰਫ਼ਿਊ ਨੂੰ ਸਖ਼ਤੀ ਨਾਲ ਲਾਗੂ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਖਿਲਾਫ਼ ਜੰਗ ਜਿੱਤਣ ਲਈ ਹਰ ਸੰਭਵ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਿਵਲ ਅਤੇ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀਆਂ ਵੱਲੋਂ ਪਹਿਲਾਂ ਹੀ ਲੋਕਾਂ ਦੀ ਮਿਸ਼ਨਰੀ ਭਾਵਨਾ ਨਾਲ ਸੇਵਾ ਕੀਤੀ ਜਾ ਰਹੀ ਹੈ।

    ਡੀਸੀ, ਪੁਲਿਸ ਕਮਿਸ਼ਨਰ ਅਤੇ ਐਸ.ਐਸ.ਪੀ.ਵਲੋਂ ਲਾਡੋਵਾਲੀ ਰੋਡ, ਗੁਰੂ ਨਾਨਕ ਪੁਰਾ, ਚੁਗਿੱਟੀ, ਗੁਰੂ ਗੋਬਿੰਦ ਸਿੰਘ ਐਵੀਨਿਊ, ਲੰਬਾ ਪਿੰਡ ਚੌਕ, ਪਠਾਨਕੋਟ ਬਾਈਪਾਸ, ਭਗਤ ਸਿੰਘ ਕਲੋਨੀ ਅਤੇ ਇਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਵੀ ਫਲੈਗ ਮਾਰਚ ਕੱਢਿਆ ਗਿਆ।

    ਉਨ੍ਹਾਂ ਕਿਹਾ ਕਿ ਲੋਕਾਂ ਨੂੰ ਅਪਣੇ ਘਰਾਂ ਵਿੱਚ ਰਹਿ ਕੇ ਕੋਰੋਨਾ ਵਾਇਰਸ ਤੋਂ ਬਚਾਉ ਲਈ ਜ਼ਿਲ੍ਹਾ ਪ੍ਰਸ਼ਾਸਨ ਨਾਲ ਸਹਿਯੋਗ ਕਰਨਾ ਚਾਹੀਦਾ ਹੈ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਸਬੀਰ ਸਿੰਘ ਵੀ ਉਨਾਂ ਦੇ ਨਾਲ ਮੌਜੂਦ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!