
ਸਾਰਥਿਕ ਹੱਲ ਨਾ ਨਿਕਲਿਆ ਤਾਂ ਲੱਗ ਸਕਦੇ ਹਨ ਕੂੜੇ ਦੇ ਅੰਬਾਰ
ਕਾਵੈਂਟਰੀ (ਅਮਨਦੀਪ ਧਾਲੀਵਾਲ) ਇੰਗਲੈਂਡ ਦੇ ਸ਼ਹਿਰ ਕਾਵੈਂਟਰੀ ਵਿੱਚ ਘਰੇਲੂ ਕੂੜਾ ਇਕੱਠਾ ਕਰਨ ਵਾਲ਼ੇ ਲੌਰੀ ਡਰਾਈਵਰਾਂ ਵੱਲੋਂ ਦੋ ਮਹੀਨੇ ਦੀ ਲੰਬੀ ਹੜਤਾਲ਼ ਦਾ ਐਲਾਨ ਕੀਤਾ ਹੋਇਆ ਹੈ। ਟਰੇਡ ਯੂਨੀਅਨ ਯੂਨਾਈਟ ਵੱਲੋਂ ਦਸੰਬਰ ਮਹੀਨੇ ਤੋਂ ਤਨਖਾਹ ਵਾਧੇ ਅਤੇ ਹੋਰ ਕੰਮਕਾਜ਼ੀ ਸਹੂਲਤਾਂ ਲੈਣ ਲਈ ਹੜਤਾਲ਼ ਕਰਨ ਦਾ ਐਲਾਨ ਕੀਤਾ ਹੋਇਆ ਸੀ। ਅੱਜ ਇਸ ਹੜਤਾਲ ਦਾ ਪਹਿਲਾ ਦਿਨ ਸੀ। ਜਿਕਰਯੋਗ ਹੈ ਕਿ ਜੇਕਰ ਕੌਂਸਲ ਵੱਲੋਂ ਇਸ ਹੜਤਾਲ਼ ਨੂੰ ਸੰਜੀਦਗੀ ਨਾਲ ਨਾ ਲਿਆ ਗਿਆ ਤਾਂ ਇਹ ਹੜਤਾਲ਼ ਮਾਰਚ ਦੇ ਅਖੀਰ ਤੱਕ ਚੱਲ ਸਕਦੀ ਹੈ ਕਿਹਾ ਜਾ ਰਿਹਾ ਹੈ ਕਿ ਯੂਨਾਈਟ ਅਤੇ ਕਵੈਂਟਰੀ ਸਿਟੀ ਕੌਂਸਲ ਵੱਲੋਂ ਇਸ ਮਸਲੇ ਦੇ ਹੱਲ ਲਈ ਜੋੜ ਤੋੜ ਕੀਤੇ ਜਾ ਰਹੇ ਹਨ। ਯੂਨਾਈਟ ਦਾ ਕਹਿਣਾ ਹੈ ਕਿ ਜੇਕਰ ਸਿਟੀ ਕੌਂਸਲ ਕੋਈ ਢੁੱਕਵਾਂ ਹੱਲ ਲੱਭਦੀ ਹੈ ਤਾਂ ਹੜਤਾਲ਼ ਤੋਂ ਪਿੱਛੇ ਹਟਿਆ ਜਾ ਸਕਦਾ ਹੈ ਪਰ ਦੂਜੇ ਪਾਸੇ ਕੌਂਸਲ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਾਵੈਂਟਰੀ ਸਿਟੀ ਕੌਂਸਲ ਪਹਿਲਾਂ ਹੀ ਆਸ ਪਾਸ ਦੀਆਂ ਕੌਂਸਲਾਂ ਤੋਂ ਵਧੇਰੇ ਤਨਖਾਹ ਦੇ ਰਹੀ ਹੈ।ਕਾਵੈਂਟਰੀ ਵਿੱਚ ਆਉਣ ਵਾਲੇ ਦਿਨਾਂ ‘ਚ ਕੂੜੇ ਦੀ ਸਮੱਸਿਆ ਤੋਂ ਡਰਦੇ ਲੋਕਾਂ ਵੱਲੋਂ ਆਪਣੇ ਤੌਰ ‘ਤੇ ਹੀ ਆਪਣੀਆਂ ਘਰੇਲੂ ਗੱਡੀਆਂ ਵਿੱਚ ਟੌਮ ਵਾਈਟ ਵੇਸਟ ਡਰੌਪ-ਔਫ ਪੁਆਇੰਟ ਵਿਖੇ ਕੂੜਾ ਸੁੱਟਣਾ ਸ਼ੁਰੂ ਕੀਤਾ ਹੋਇਆ ਹੈ। ਹੁਣ ਦੇਖਣਾ ਇਹ ਹੈ ਕਿ ਬਿਨ ਲੌਰੀ ਡਰਾਈਵਰਾਂ ਦੀ ਯੂਨੀਅਨ ਅਤੇ ਕੌਂਸਲ ਦਾ ਰੇੜਕਾ ਕਿੱਥੇ ਜਾ ਕੇ ਮੁੱਕਦਾ ਹੈ?