
ਬ੍ਰਿਸਬੇਨ (ਹਰਜੀਤ ਲਸਾੜਾ) ਇੱਥੇ ਆਸਟਰੇਲੀਆ ਦੀਆਂ ਦੋ ਨਾਮਵਰ ਯੂਨਿਵਰਸਿਟੀਆਂ ਆਸਟ੍ਰੇਲੀਅਨ ਨੈਸ਼ਨਲ ਯੂਨਿਵਰਸਿਟੀ ਅਤੇ ਵੈਸਟਰਨ ਆਸਟ੍ਰੇਲੀਆ ਯੂਨਿਵਰਸਿਟੀ ਵੱਲੋਂ ਸਾਂਝੇ ਆਨਲਾਈਨ ਸਰਵੇਖਣ ਪ੍ਰੋਗਰਾਮ ਨੂੰ ਸ਼ੁਰੂ ਕੀਤਾ ਗਿਆ ਹੈ ਜਿਸ ਦਾ ਮਕਸਦ ਭਾਰਤੀ ਮੂਲ ਦੇ ਪ੍ਰਵਾਸੀਆਂ ਦੇ ਆਸਟਰੇਲੀਆ ਵਿਚਲੇ ਤਜ਼ਰਬੇ ਜਾਣਦੇ ਹੋਏ ਭਵਿੱਖ ਲਈ ਢੁੱਕਵੀਆਂ ਯੋਜਨਾਵਾਂ ਬਨਾਉਣਾ ਅਤੇ ਉਹਨਾਂ ਦੇ ਆਸਟਰੇਲੀਆ ਵਿਚਲੇ ਤਜਰਬਿਆਂ ਨੂੰ ਨੇੜਿਓ ਵਿਚਾਰਨਾ ਹੈ। ਇਸ ਪ੍ਰੋਜੈਕਟ ਰਾਹੀਂ ਭਾਰਤੀ ਮੂਲ ਦੇ ਲੋਕਾਂ ਦੇ ਮਸਲਿਆਂ ਅਤੇ ਤਜ਼ੁਰਬਿਆਂ ਨੂੰ ਸਮਝਿਆ ਜਾਵੇਗਾ। ਆਸਟ੍ਰੇਲੀਅਨ ਨੈਸ਼ਨਲ ਯੂਨਿਵਰਸਿਟੀ ਦੀ ਡਾ. ਅਮ੍ਰਿਤਾ ਮੱਲ੍ਹੀ ਅਤੇ ਯੂਨਿਵਰਸਿਟੀ ਆਫ ਵੈਸਟਰਨ ਆਸਟ੍ਰੇਲੀਆ ਦੇ ਡਾ. ਅਲੈਕਜ਼ੈਂਡਰ ਡੇਵਿਸ ਅਨੁਸਾਰ ਇਸ ਸਰਵੇ ਦੁਆਰਾ ਭਾਰਤੀ ਮੂਲ ਦੇ ਲੋਕਾਂ ਦੇ ਆਸਟਰੇਲੀਆ ਵਿਚਲੇ ਵੱਖ ਵੱਖ ਤਜ਼ਰਬਿਆਂ ਨੂੰ ਜਾਨਣਾ ਹੈ, ਬੇਸ਼ਕ ਉਹ ਸਿੱਧਾ ਭਾਰਤ ਤੋਂ ਜਾਂ ਫੇਰ ਹੋਰ ਕਿਸੇ ਦੇਸ਼ ਤੋਂ ਹੋ ਕੇ ਇੱਥੇ ਪਹੁੰਚੇ ਹਨ। ਉਹਨਾਂ ਹੋਰ ਕਿਹਾ ਕਿ ਇਸ ਵਿੱਚ ਕਰੋਨਾਵਾਇਰਸ ਮਹਾਂਮਾਰੀ ਕਾਰਨ ਲੱਗੀਆਂ ਤਾਲਾਬੰਦੀਆਂ ਦੇ ਮਨੁੱਖੀ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਉਹਨਾਂ ਸਮੁੱਚੇ ਭਾਰਤੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਇਸ ਸਰਵੇਅ ਨੂੰ ਗੰਭੀਰਤਾ ਨਾਲ ਲੈਣ ਤਾਂ ਕਿ ਸਰਕਾਰ ਨੂੰ ਸਹੀ ਅਤੇ ਠੋਸ ਜਾਣਕਾਰੀ ਉਪਲਬਧ ਹੋ ਸਕੇ। ਜਿਕਰਯੋਗ ਹੈ ਕਿ ਆਸਟਰੇਲੀਅਨ ਅਤੇ ਭਾਰਤੀ ਸਰਕਾਰਾਂ ਆਪਣੇ ਦੁਵੱਲੇ ਸੰਬੰਧਾਂ ਨੂੰ ਹੋਰ ਸੁਧਾਰਨ ਲਈ ਭਾਰਤੀ ਮੂਲ ਦੇ ਲੋਕਾਂ ਨੂੰ ਧੁਰਾ ਬਣਾਉਣਾ ਚਾਹੁੰਦੀਆਂ ਹਨ।