ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ ਅਤੇ ਟੈਂਕੀ ਨੇੜੇ ਪੱਕਾ ਮੋਰਚਾ ਜਾਰੀ
ਸੰਗਰੂਰ (ਦਲਜੀਤ ਕੌਰ ਭਵਾਨੀਗੜ੍ਹ) ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਨੇ ਰੁਜ਼ਗਾਰ ਸੰਬੰਧੀ ਮੰਗਾਂ ਨੂੰ ਪੂਰਾ ਕਰਵਾਉਣ ਲਈ ਪੰਜਾਬ ਸਰਕਾਰ ਖਿਲਾਫ਼ ਬਹੁਤ ਲੰਮੇ ਸਮੇਂ ਤੋਂ ਸੰਘਰਸ਼ ਵਿੱਢਿਆ ਹੋਇਆ ਹੈ। ਜਿਕਰਯੋਗ ਹੈ ਕਿ ਇੱਕ ਮੁਨੀਸ਼ ਫਾਜ਼ਿਲਕਾ ਬੇਰੁਜ਼ਗਾਰ 21 ਅਗਸਤ ਤੋਂ ਸੰਗਰੂਰ ਸਰਕਾਰੀ ਹਸਪਤਾਲ ਦੀ ਟੈਂਕੀ ਤੇ ਪੰਜਾਬੀ, ਸਮਾਜਿਕ ਸਿੱਖਿਆ ਅਤੇ ਹਿੰਦੀ ਦੀਆਂ ਵੱਡੀ ਗਿਣਤੀ ਚ ਅਸਾਮੀਆਂ ਦੀ ਮੰਗ ਲਈ ਚੜਿਆ ਹੋਇਆ ਹੈ ਅਤੇ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਕੋਠੀ ਅੱਗੇ 31 ਦਸੰਬਰ ਤੋਂ ਬੇਰੁਜ਼ਗਾਰ ਸਾਂਝੇ ਮੋਰਚੇ ਦੀ ਅਗਵਾਈ ਵਿੱਚ ਪੱਕਾ ਧਰਨਾ ਜਾਰੀ ਹੇੈ।
ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਅਤੇ ਮੋਰਚੇ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਬੇਰੁਜ਼ਗਾਰਾਂ ਦੀਆਂ ਰੁਜ਼ਗਾਰ ਸੰਬੰਧੀ ਸਾਰੀਆਂ ਮੰਗਾਂ ਨੂੰ ਜਲਦੀ ਪੂਰਾ ਕਰਨ ਦਾ ਭਰੋਸਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਹ ਦਿੱਤਾ ਭਰੋਸਾ ਕੈਪਟਨ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਦੀ ਤਰ੍ਹਾਂ ਹੀ ਲਾਰਾ ਨਿਕਲਿਆ ਤਾਂ ਬੇਰੁਜ਼ਗਾਰ ਨਵੇਂ ਬਣੇ ਮੁੱਖ ਮੰਤਰੀ ਦਾ ਘਿਰਾਓ ਕਰ ਕੇ ਪੱਕੇ ਤੌਰ ਤੇ ਮੋਰਚਾ ਲਗਾਉਣਗੇ। ਇਸ ਮੌਕੇ ਅਮਨ ਸੇਖਾ, ਬੇਬੀ ਪਾਤੜਾਂ, ਕੁਲਦੀਪ ਕੌਰ ਪਾਤੜਾਂ, ਹਰਪ੍ਰੀਤ ਕੌਰ ਚੌਂਦਾ, ਸੁਖਵੀਰ ਕੌਰ ਅਮਰਗੜ੍ਹ, ਰਾਜਕਿਰਨ ਕੌਰ ਬਠਿੰਡਾ, ਨਰਪਿੰਦਰ ਕੌਰ ਬਠਿੰਡਾ, ਅਵਤਾਰ ਭੁੱਲਰਹੇੜੀ, ਮਨਦੀਪ ਭੱਦਲਵੱਢ, ਕੁਲਦੀਪ ਸਿੰਘ ਖੜਿਆਲ, ਸੰਦੀਪ ਸਿੰਘ ਘੁਬਾਇਆ, ਕ੍ਰਿਸ਼ਨ ਸਿੰਘ ਘੁਬਾਇਆ, ਪ੍ਰਸ਼ੋਤਮ ਸਿੰਘ ਘੁਬਾਇਆ, ਪਲਵਿੰਦਰ ਸਿੰਘ ਘੁਬਾਇਆ, ਕਰਨੈਲ ਘੁਬਾਇਆ ਆਦਿ ਹਾਜ਼ਰ ਸਨ।
