ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਹਰ ਸਾਲ ਹਜ਼ਾਰਾਂ ਹੀ ਵਿਅਕਤੀ ਵੱਖ ਵੱਖ ਕਾਰਨਾਂ ਕਰਕੇ ਕਤਲ ਕਰ ਦਿੱਤੇ ਜਾਂਦੇ ਹਨ। ਇਸ ਸਬੰਧੀ ਇੱਕ ਰਿਪੋਰਟ ਅਨੁਸਾਰ ਐੱਫ ਬੀ ਆਈ ਦੁਆਰਾ 1960 ਵਿੱਚ ਰਾਸ਼ਟਰੀ ਅਪਰਾਧ ਰਿਕਾਰਡ ਸ਼ੁਰੂ ਕਰਨ ਤੋਂ ਬਾਅਦ ਅਮਰੀਕਾ ਨੇ ਪਿਛਲੇ ਸਾਲ 2020 ਵਿੱਚ ਰਿਕਾਰਡ ਤੋੜ ਕਤਲ ਦਰਜ਼ ਕੀਤੇ ਹਨ। ਐੱਫ ਬੀ ਆਈ ਅੰਕੜਿਆਂ ਦੇ ਅਨੁਸਾਰ 2020 ਵਿੱਚ, ਇੱਕ ਸਾਲ ਪਹਿਲਾਂ ਦੇ ਮੁਕਾਬਲੇ ਦੇਸ਼ ਭਰ ਵਿੱਚ ਲਗਭਗ 5,000 ਹੋਰ ਕਤਲ ਹੋਏ , ਜਿਹਨਾਂ ਦੀ ਕੁੱਲ ਗਿਣਤੀ ਤਕਰੀਬਨ 21,500 ਦੇ ਕਰੀਬ ਹੈ। ਅਮਰੀਕਾ ਨੇ ਪਿਛਲੇ ਸਾਲ ਹੱਤਿਆਵਾਂ ਵਿੱਚ 29 ਪ੍ਰਤੀਸ਼ਤ ਵਾਧਾ ਦਰਜ਼ ਕੀਤਾ ਹੈ ਅਤੇ ਏਜੰਸੀ ਦੀ ਸਾਲਾਨਾ ਯੂਨੀਫਾਰਮ ਕ੍ਰਾਈਮ ਰਿਪੋਰਟ ਦੇ ਹਿੱਸੇ ਵਜੋਂ ਐੱਫ ਬੀ ਆਈ ਦੁਆਰਾ ਸੋਮਵਾਰ ਨੂੰ ਅੰਕੜੇ ਜਾਰੀ ਕੀਤੇ ਜਾਣ ਦੀ ਉਮੀਦ ਹੈ। ਇਸਦੇ ਇਲਾਵਾ ਰਿਪੋਰਟ ਅਨੁਸਾਰ ਪਿਛਲੇ ਸਾਲ ਬਹੁਤ ਵੱਡੀ ਗਿਣਤੀ (77 ਪ੍ਰਤੀਸ਼ਤ) ਦੇ ਕਤਲ ਬੰਦੂਕਾਂ ਨਾਲ ਕੀਤੇ ਗਏ ਸਨ। ਅੰਕੜਿਆਂ ਅਨੁਸਾਰ ਇਹ ਖੂਨ -ਖਰਾਬਾ ਪਿਛਲੇ ਸਾਲ ਅਮਰੀਕਾ ਦੇ ਹਰ ਖੇਤਰ ਵਿੱਚ ਦੇਖਿਆ ਗਿਆ ਅਤੇ ਵੱਡੇ ਸ਼ਹਿਰ ਇਸ ਤੋਂ ਖਾਸ ਪ੍ਰਭਾਵਿਤ
ਹੋਏ ਹਨ।
