ਸੀਟੂ ਆਗੂਆਂ ‘ਤੇ ਦਰਜ ਝੂਠੇ ਪਰਚੇ ਨੂੰ ਰੱਦ ਕਰਨ ਦੀ ਵੀ ਕੀਤੀ ਮੰਗ
ਰਾਏਕੋਟ 20 ਅਪ੍ਰੈਲ, (ਰਘਵੀਰ ਸਿੰਘ ਜੱਗਾ )

ਅੱਜ ਸੀਟੂ ਪੰਜਾਬ ਵਲੋਂ ਕਿਰਤੀਆਂ ਦੇ ਕੰਮ ਦਾ ਸਮਾਂ 8 ਘੰਟੇ ਤੋਂ ਵਧਾ ਕੇ 12 ਘੰਟੇ ਕਰਨ ਦੇ ਬਿਆਨ ਦੇ ਵਿਰੋਧ ਵਿੱਚ ਆਪਣੇ-ਆਪਣੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕੀਤਾ ਗਿਆ। ਪੰਜਾਬ ਦੇ ਪ੍ਰਮੁੱਖ ਕਿਰਤ ਸਕੱਤਰ ਵੀਕੇ ਜੰਜੂਆਂ ਵੱਲੋਂ ਰੋਜ਼ਾਨਾ ਕੰਮ ਦਾ ਸਮਾਂ ਅੱਠ ਘੰਟੇ ਤੋਂ ਬਾਰ੍ਹਾਂ ਘੰਟੇ ਕਰਨ ਸਬੰਧੀ ਜਾਰੀ ਬਿਆਨ ਦੀ ਸਖ਼ਤ ਨਿੰਦਾ ਕਰਦੇ ਹੋਏ ਪੰਜਾਬ ਸੀਟੂ ਦੇ ਸੂਬਾ ਸਕੱਤਰ ਕਾਮਰੇਡ ਦਲਜੀਤ ਕੁਮਾਰ ਗੋਰਾ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰਾਂ ਕੌਮੀ ਕੰਪਨੀਆਂ ਅਤੇ ਕਾਰਪੋਰੇਟ ਘਰਾਣਿਆਂ ਦੇ ਦਬਾਅ ਹੇਠ ਮਜ਼ਦੂਰਾਂ ਦੇ ਅਧਿਕਾਰ ‘ਤੇ ਹਮਲੇ ਕਰਨ ‘ਚ ਇੱਕ ਦੂਜੇ ਤੋਂ ਮੂਹਰੇ ਹੋ ਕੇ ਮਜ਼ਦੂਰ ਵਿਰੋਧੀ ਕਾਨੂੰਨ ਤੇ ਫੈਸਲੇ ਕਰਨ ਅਤੇ ਉਨ੍ਹਾਂ ਫੈਸਲਿਆਂ ਨੂੰ ਲਾਗੂ ਕਰਨ ‘ਚ ਲੱਗੀਆਂ ਹੋਈਆ ਹਨ। ਜਿਸ ਕਾਰਨ ਅੱਜ ਸੀਟੂ ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਸੀਟੂ ਵਰਕਰਾਂ ਨੇ ਵੱਖ ਵੱਖ ਪਿੰਡਾ ਵਿੱਚ ਆਪੋ ਆਪਣੇ ਘਰਾਂ ਅੱਗੇ ਖੜ੍ਹ ਕੇ ਅਤੇ ਘਰਾਂ ਦੀਆਂ ਛੱਤਾਂ ‘ਤੇ ਚੜ੍ਹਕੇ ਖਾਲੀ ਪੀਪੇ ਖੜ੍ਹਕਾਏ ਅਤੇ ਮੰਗ ਕਿ ਇਸ ਮਜ਼ਦੂਰ ਵਿਰੋਧੀ ਫੈਸ਼ਲੇ ਨੂੰ ਤੁਰੰਤ ਵਾਪਿਸ ਲਿਆ ਜਾਵੇ । ਇਸ ਦੇ ਨਾਲ ਹੀ ਸੱਤਾਧਾਰੀ ਪਾਰਟੀ ਦੀ ਸ਼ਹਿ ‘ਤੇ ਬੀਡੀਪੀਓ ਰਾਏਕੋਟ ਵਲੋਂ ਸਥਾਨਕ ਸੀਟੂ ਆਗੂਆਂ ਵਿਰੁੱਧ ਦਰਜ ਕਰਵਾਏ ਝੂਠੇ ਪਰਚੇ ਨੂੰ ਰੱਦ ਕਰਨ ਦੀ ਵੀ ਮੰਗ ਕੀਤੀ ਗਈ।
ਫੋਟੋ ਫਾਇਲ : 21ਰਾਏਕੋਟ 01
ਕੈਪਸ਼ਨ- ਆਪਣੇ ਘਰ ਅੱਗੇ ਖੜ੍ਹ ਕੇ ਸੀਟੂ ਵਰਕਰ ਰੋਸ ਪ੍ਰਦਰਸ਼ਨ ਕਰਦੇ ਹੋਏ