ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ, ਫਰਿਜ਼ਨੋ (ਕੈਲੀਫੋਰਨੀਆ)
ਅਮਰੀਕਾ ਵਿੱਚ ਕੋਰੋਨਾ ਟੀਕਾਕਰਨ ਮੁਹਿੰਮ ਜਾਰੀ ਹੈ। ਕੋਰੋਨਾ ਵੈਕਸੀਨ ਲਗਵਾਉਣ ਵਾਲੇ ਵਿਅਕਤੀ ਨੂੰ ਇਸਦੇ ਸਬੂਤ ਵਜੋਂ ਇੱਕ ਵੈਕਸੀਨ ਕਾਰਡ ਦਿੱਤਾ ਜਾਂਦਾ ਹੈ। ਇਸ ਕਾਰਡ ਵਿੱਚ ਵਿਅਕਤੀ ਅਤੇ ਵੈਕਸੀਨ ਨਾਲ ਸਬੰਧਿਤ ਜਾਣਕਾਰੀ ਦਰਜ ਹੁੰਦੀ ਹੈ। ਪਰ ਅਮਰੀਕਾ ‘ਚ ਕੁੱਝ ਲੋਕਾਂ ਵੱਲੋਂ ਨਕਲੀ ਵੈਕਸੀਨ ਕਾਰਡਾਂ ਦਾ ਕਾਰੋਬਾਰ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ਾਸਨ ਵੱਲੋਂ ਸੈਂਕੜੇ ਨਕਲੀ ਵੈਕਸੀਨ ਕਾਰਡ ਜ਼ਬਤ ਵੀ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਅਮਰੀਕੀ ਕਸਟਮਜ਼ ਅਤੇ ਬਾਰਡਰ ਪ੍ਰੋਟੈਕਸ਼ਨ (ਸੀ ਬੀ ਪੀ) ਦੇ ਅਧਿਕਾਰੀਆਂ ਨੇ ਚੀਨ ਤੋਂ ਆਏ ਨਕਲੀ ਕੋਵਿਡ -19 ਟੀਕੇ ਦੇ ਕਾਰਡਾਂ ਦੀਆਂ ਦੋ ਹੋਰ ਖੇਪਾਂ ਜ਼ਬਤ ਕੀਤੀਆਂ ਹਨ, ਜਿਹਨਾਂ ਵਿੱਚ 70 ਨਕਲੀ ਕੋਵਿਡ -19 ਟੀਕਾਕਰਨ ਕਾਰਡ ਸ਼ਾਮਲ ਹਨ। ਅਧਿਕਾਰੀਆਂ ਨੇ ਬੁੱਧਵਾਰ ਨੂੰ ਜਾਣਕਾਰੀ ਦਿੱਤੀ ਕਿ ਜਾਅਲੀ ਕਾਰਡਾਂ ਦੇ ਤਾਜ਼ਾ ਬੈਚ ਨੂੰ ਪਿਟਸਬਰਗ, ਪੈਨਸਿਲਵੇਨੀਆ ਵਿੱਚ ਕਸਟਮ ਅਤੇ ਬਾਰਡਰ ਪੈਟਰੋਲਿੰਗ ਅਧਿਕਾਰੀਆਂ ਨੇ ਰੋਕਿਆ ਹੈ। ਪੁਲਿਸ ਅਨੁਸਾਰ ਕਾਰਡਾਂ ਦੀ ਪਹਿਲੀ ਖੇਪ 24 ਅਗਸਤ ਨੂੰ ਪਹੁੰਚੀ ਸੀ ਅਤੇ ਇਸ ਵਿੱਚ 20 ਕਾਰਡ ਸਨ ਅਤੇ ਦੂਜਾ ਪਾਰਸਲ ਜੋ ਕਿ ਉਸੇ ਹੀ ਵਿਅਕਤੀ ਲਈ ਨਿਰਧਾਰਤ ਸੀ , ਮੰਗਲਵਾਰ ਨੂੰ 50 ਕਾਰਡਾਂ ਦੇ ਨਾਲ ਜ਼ਬਤ ਕੀਤਾ ਗਿਆ। ਅਧਿਕਾਰੀਆਂ ਅਨੁਸਾਰ ਇਸ ਸਾਲ ਦੇ ਸ਼ੁਰੂ ਵਿੱਚ ਟੇਨੇਸੀ ਵਿੱਚ ਚੀਨ ਤੋਂ ਆਏ 3,000 ਤੋਂ ਵੱਧ ਜਾਅਲੀ ਵੈਕਸੀਨ ਕਾਰਡ ਜ਼ਬਤ ਕੀਤੇ ਗਏ। ਇਸ ਦੇ ਇਲਾਵਾ ਪਿਛਲੇ ਮਹੀਨੇ, ਐਂਕਰਜ ਹਵਾਈ ਅੱਡੇ ‘ਤੇ ਵੀ ਧੋਖਾਧੜੀ ਵਾਲੇ ਕਾਰਡ ਜ਼ਬਤ ਕੀਤੇ ਗਏ। ਸੀ ਬੀ ਪੀ ਨੇ ਚੇਤਾਵਨੀ ਦਿੰਦਿਆਂ ਦੱਸਿਆ ਹੈ ਕਿ ਨਕਲੀ ਕੋਵਿਡ -19 ਵੈਕਸੀਨ ਕਾਰਡ ਖਰੀਦਣਾ, ਵੇਚਣਾ ਜਾਂ ਇਸਤੇਮਾਲ ਕਰਨਾ ਇੱਕ ਅਪਰਾਧ ਹੈ। ਇਸ ਲਈ ਜੁਰਮਾਨਾ ਜਾਂ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ।
