ਗਲਾਸਗੋ / ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਕੋਰੋਨਾ ਮਹਾਂਮਾਰੀ ਅਤੇ ਬ੍ਰੈਕਸਿਟ ਦੇ ਪ੍ਰਭਾਵ ਕਰਕੇ ਸਪਲਾਈ ਕਾਰੋਬਾਰ ਵਿੱਚ ਭਾਰੀ ਵਾਹਨਾਂ ਦੇ ਡਰਾਈਵਰਾਂ ਦੀ ਘਾਟ ਪੈਦਾ ਹੋ ਗਈ ਹੈ। ਇਸ ਘਾਟ ਕਾਰਨ ਬਰਤਾਨੀਆ ਦੇ ਜਿਆਦਾਤਰ ਕਾਰੋਬਾਰ ਵਸਤੂਆਂ ਦੀ ਢੋਆ ਢੁਆਈ ਲਈ ਜੱਦੋਜਹਿਦ ਕਰ ਰਹੇ ਹਨ। ਇਸ ਸਮੱਸਿਆ ਨੂੰ ਹੱਲ ਕਰਨ ਲਈ ਸਰਕਾਰ ਵੱਲੋਂ ਐੱਚ ਜੀ ਵੀ ਡਰਾਈਵਰ ਟੈਸਟਿੰਗ ਪ੍ਰਕਿਰਿਆ ਨੂੰ ਛੋਟਾ ਕੀਤਾ ਜਾਵੇਗਾ, ਜਿਸ ਲਈ ਯੋਜਨਾਵਾਂ ਦੀ ਘੋਸ਼ਣਾ ਵੀਰਵਾਰ ਨੂੰ ਕੀਤੀ ਜਾ ਸਕਦੀ ਹੈ। ਟੈਸਟ ਪ੍ਰਕਿਰਿਆ ਨੂੰ ਛੋਟਾ ਕਰਕੇ ਘੱਟ ਸਮੇਂ ਵਿੱਚ ਡਰਾਈਵਰਾਂ ਦੀ ਘਾਟ ਨੂੰ ਪੂਰਾ ਕੀਤਾ ਜਾ ਸਕਦਾ ਹੈ। ਇਹ ਮੰਨਿਆ ਜਾਂਦਾ ਹੈ ਕਿ ਨਵੀਂ ਯੋਜਨਾ ਵਿੱਚ ਕਲਾਸ ਸੀ ਟੈਸਟ ਅਤੇ ਵੱਡੇ ਵਾਹਨਾਂ ਲਈ ਕਲਾਸ ਈ ਟੈਸਟ ਨੂੰ ਇੱਕ ਹੀ ਟੈਸਟ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਜਦਕਿ ਮੌਜੂਦਾ ਸਮੇਂ ਇਹਨਾਂ ਦੋਵੇਂ ਟੈਸਟਾਂ ਦੇ ਵਿੱਚ ਆਮ ਤੌਰ ਤੇ 2-3 ਹਫਤੇ ਦੀ ਘੱਟੋ ਘੱਟ ਮਿਆਦ ਹੁੰਦੀ ਹੈ। ਨਵੀਆਂ ਯੋਜਨਾਵਾਂ ਅਧੀਨ ਪ੍ਰਤੀ ਹਫਤੇ 3,000 ਨਵੇਂ ਡਰਾਈਵਰਾਂ ਦਾ ਟੈਸਟ ਕੀਤਾ ਜਾ ਸਕਦਾ ਹੈ। ਪਰ ਰੋਡ ਹੌਲਜ ਐਸੋਸੀਏਸ਼ਨ ਅਨੁਸਾਰ ਉਦਯੋਗ ਇੱਕ ਹਫਤੇ ਵਿੱਚ 600 ਡਰਾਈਵਰ ਗੁਆ ਰਿਹਾ ਹੈ ਅਤੇ 90,000 ਡਰਾਈਵਰਾਂ ਦੀ ਘਾਟ ਦੇ ਨਾਲ, ਇਸ ਪਾੜੇ ਨੂੰ ਭਰਨ ਵਿੱਚ ਲਗਭਗ ਦੋ ਸਾਲ ਲੱਗ ਸਕਦੇ ਹਨ। ਬ੍ਰੈਕਸਿਟ ਅਤੇ ਮਹਾਂਮਾਰੀ ਤੋਂ ਪਹਿਲਾਂ ਹੀ ਲਗਭਗ 60,000 ਡਰਾਈਵਰਾਂ ਦੀ ਘਾਟ ਮਹਿਸੂਸ ਕੀਤੀ ਜਾ ਰਹੀ ਸੀ।
