ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਯੂਕੇ ਵਿੱਚ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਪੁਸ਼ਟੀ ਕੀਤੇ ਕੋਰੋਨਾ ਮਾਮਲਿਆਂ ਦੀ ਗਿਣਤੀ 70 ਲੱਖ ਤੋਂ ਪਾਰ ਹੋ ਗਈ ਹੈ। ਇਸ ਸਬੰਧੀ ਜਾਰੀ ਹੋਏ ਅੰਕੜਿਆਂ ਅਨੁਸਾਰ ਸੋਮਵਾਰ ਨੂੰ 41,192 ਲੋਕਾਂ ਦੇ ਸਕਾਰਾਤਮਕ ਟੈਸਟ ਕਰਨ ਨਾਲ, ਮਹਾਂਮਾਰੀ ਦੇ ਦੌਰਾਨ ਕੋਵਿਡ ਲਾਗਾਂ ਦੀ ਕੁੱਲ ਸੰਖਿਆ ਤਕਰੀਬਨ 7,018,927 ਤੱਕ ਪਹੁੰਚ ਗਈ ਹੈ। ਹਾਲਾਂਕਿ ਸਿਹਤ ਮਾਹਿਰਾਂ ਦੇ ਅਨੁਸਾਰ ਮਹਾਂਮਾਰੀ ਦੇ ਦੌਰਾਨ ਸੰਕਰਮਿਤ ਲੋਕਾਂ ਦੀ ਅਸਲ ਸੰਖਿਆ ਹੋਰ ਜ਼ਿਆਦਾ ਹੋਣ ਦੀ ਸੰਭਾਵਨਾ ਹੈ, ਕਿਉਂਕਿ ਕੁਝ ਹੱਦ ਤੱਕ ਸ਼ੁਰੂਆਤੀ ਪੜਾਵਾਂ ਵਿੱਚ ਜਾਂਚ ਦੀ ਘਾਟ ਰਹੀ ਹੈ। ਇਸਦੇ ਇਲਾਵਾ ਕੋਵਿਡ -19 ਨੂੰ 156,119 ਲੋਕਾਂ ਦੇ ਮੌਤ ਸਰਟੀਫਿਕੇਟ ‘ਤੇ ਮੌਤ ਦੇ ਕਾਰਨ ਵਜੋਂ ਦਰਜ ਕੀਤਾ ਗਿਆ ਹੈ। ਵਾਇਰਸ ਦੇ ਅੰਕੜਿਆਂ ਅਨੁਸਾਰ ਕੋਰੋਨਾ ਕਾਰਨ ਹਸਪਤਾਲਾਂ ਵਿੱਚ
ਤਕਰੀਬਨ 7,606 ਮਰੀਜ਼ ਦਾਖਲ ਹਨ, ਜਿਨ੍ਹਾਂ ਵਿੱਚ 1,034 ਵੈਂਟੀਲੇਟਰਾਂ ‘ਤੇ ਹਨ। ਜਿਕਰਯੋਗ ਹੈ ਕਿ ਯੂਕੇ ਸਰਕਾਰ ਦੁਆਰਾ ਕੋਰੋਨਾ ਪਾਬੰਦੀਆਂ ਨੂੰ ਹਟਾਏ ਜਾਣ ਦੇ ਬਾਅਦ ਕਈ ਖੇਤਰਾਂ ਵਿੱਚ ਵਾਇਰਸ ਦੇ ਕੇਸ ਸਾਹਮਣੇ ਆ ਰਹੇ ਹਨ।
