ਮੋਹਾਲੀ (ਦਲਜੀਤ ਕੌਰ ਭਵਾਨੀਗੜ੍ਹ) ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਦੀ ਮੀਟਿੰਗ ਹੋਈ, ਜਿਸ ਸਬੰਧੀ ਯੂਨੀਅਨ ਦੇ ਆਗੂਆਂ ਸੁਖਵਿੰਦਰ ਗਿਰ, ਪਰਮਿੰਦਰ ਮਾਨਸਾ, ਗੁੁਰਵਿੰਦਰ ਖਹਿਰਾ ਅਤੇ ਸੁਖਜਿੰਦਰ ਗੁਰਦਾਸਪੁਰ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਪਾਸੇ ਪੰਜਾਬ ਦੇ ਮੰਤਰੀ ਤੇ ਵਿਧਾਇਕ ਚਾਰ-ਚਾਰ ਪੈਨਸ਼ਨਾਂ ਲੈ ਰਹੇ ਹਨ, ਦੂਜੇ ਪਾਸੇ ਇੱਕ ਸਰਕਾਰੀ ਕਰਮਚਾਰੀ ਪੂਰੀ ਜਿੰਦਗੀ ਸਰਵਿਸ ਕਰਨ ਦੇ ਬਾਅਦ ਸਹੀ ਮਾਅਨਿਆ ਵਿਚ ਇੱਕ ਵੀ ਪੈਨਸ਼ਨ ਦਾ ਹੱਕਦਾਰ ਨਹੀਂ ਹੈ। ਕਿਉਂਕਿ 1 ਜਨਵਰੀ 2004 ਤੋਂ ਬਾਅਦ ਲਾਗੂ ਕੀਤੀ ਗਈ ਨਵੀਂ ਪੈਨਸ਼ਨ ਸਕੀਮ ਨੂੰ ਵੀ ਕਾਰਪੋਰੇਟ ਪੱਖੀ ਕੇਂਦਰ ਅਤੇ ਸੂਬਾ ਸਰਕਾਰਾਂ ਨੇ ਸੇਅਰ ਮਾਰਕਿਟ ਨਾਲ ਜੋੜ ਦਿੱਤਾ ਹੈ। ਜਿਸ ਨਾਲ ਇੱਕ ਪਾਸੇ ਕਰਮਚਾਰੀ ਦੀ ਇੱਕਠੇ ਕੀਤੇ ਪੈਸੇ ਨੂੰ ਕਾਰਪੋਰੇਟ ਘਰਾਣੇ ਨਿਵੇਸ਼ ਕਰਕੇ ਵੱਡਾ ਲਾਭ ਕਮਾ ਰਹੇ ਹਨ, ਓਥੇ ਕਰਮਚਾਰੀ ਨੂੰ ਰਿਟਾਇਰ ਹੋਣ ਤੋਂ ਬਾਅਦ ਨਾਮਾਤਰ ਪੈਨਸ਼ਨ ਹੀ ਮਿਲਦੀ ਹੈ। ਸਰਕਾਰ ਚਾਹੇ ਕਿਸੇ ਸਿਆਸੀ ਪਾਰਟੀ ਦੀ ਹੋਵੇ, ਸਾਰੀਆਂ ਲੋਕਾਂ ਦੇ ਹਿੱਤਾ ਦੀ ਰਾਖੀ ਕਰਨ ਦੀ ਬਜਾਏ ਮੂਕ ਦਰਸ਼ਕ ਬਣਕੇ ਦੇਸੀ-ਵਿਦੇਸ਼ੀ ਕਾਰਪੋਰੇਟ ਘਰਾਣਿਆਂ ਦੇ ਹੱਕ ਵਿੱਚ ਭੁਗਤ ਰਹੀਆਂ ਹਨ। ਪੁਰਾਣੀ ਪੈਨਸ਼ਨ ਪ੍ਰਾਪਤੀ ਫਰੰਟ (ਪ.ਪ.ਪ.ਫ.) ਦੇ ਆਗੂਆਂ ਨੇ ਕਿਹਾ ਕਿ 24 ਅਗਸਤ ਨੂੰ ਪੁਰਾਣੀ ਪੈਨਸ਼ਨ ਬਹਾਲ ਕਰਾਉਣ ਲਈ ਸੀ.ਪੀ.ਐਫ. ਇੰਪਲਾਈਜ ਯੂਨੀਅਨ ਵੱਲੋਂ ਤ੍ਰਿਪੜੀ ਮੈਦਾਨ ਪਟਿਆਲਾ ਵਿਖੇ ਕੀਤੀ ਜਾ ਰਹੀ ਵਿਸ਼ਾਲ ਸੂਬਾਈ ਰੈਲੀ ਵਿੱਚ ਭਰਵੀਂ ਸਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ 24 ਅਗਸਤ ਦੀ ਪਟਿਆਲਾ ਰੈਲੀ ਦੀ ਤਿਆਰੀ ਵਜੋਂ ਜਿਲ੍ਹਾ ਪੱਧਰ ‘ਤੇ ਤਿਆਰੀ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਵਿਆਪਕ ਤਿਆਰੀ ਮੁਹਿੰਮ ਚਲ ਰਹੀ ਹੈ। ਇਸ ਮੀਟਿੰਗ ਵਿੱਚ ਵਿਕਰਮ ਦੇਵ ਸਿੰਘ, ਮਹਿੰਦਰ ਫਾਜ਼ਿਲਕਾ, ਰਘਵੀਰ ਸਿੰਘ ਭਵਾਨੀਗੜ੍ਹ, ਦਲਜੀਤ ਸਫੀਪੁਰ, ਗੌਰਵਜੀਤ ਸਿੰਘ, ਸੁਖਵਿੰਦਰ ਸੁੱਖ, ਮਨਪ੍ਰੀਤ ਸਿੰਘ ਸਮਰਾਲਾ, ਰਜਿੰਦਰ ਸਿੰਘ, ਹਰਿੰਦਰਜੀਤ ਸਿੰਘ ਮੇਘਰਾਜ ਆਦਿ ਆਗੂ ਸ਼ਾਮਿਲ ਸਨ।
