ਬਠਿੰਡਾ (ਅਸ਼ੋਕ ਵਰਮਾ) ਬਠਿੰਡਾ ਦਾ ਨੌਜਵਾਨ ਸੋਨੂੰ ਮਹੇਸ਼ਵਰੀ ਆਪਣੇ ਮਾਨਵਤਾ ਭਲਾਈ ਕਾਰਜਾਂ ਕਾਰਨਾ ਸਮਾਜ ਸੇਵਾ ਦੇ ਖੇਤਰ ਦਾ ‘ ਧਰੂ ਤਾਰਾ ਬਣ ਚਮਕਿਆ ’ ਹੈ ਤਾਹੀਓ ਪੰਜਾਬ ਸਰਕਾਰ ਨੇ ਉਸ ਨੂੰ ਸੈਲੂਟ ਮਾਰਿਆ ਹੈ। ਅਜਾਦੀ ਦਿਵਸ ਵਾਲੇ ਦਿਨ 15 ਅਗਸਤ ਨੂੰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਅੰਮ੍ਰਿਤਸਰ ’ਚ ਸੂਬਾ ਪੱਧਰੀ ਸਮਾਗਮ ਦੌਰਾਨ ਬਠਿੰਡਾ ਦੀ ਸਮਾਜ ਸੇਵੀ ਸੰਸਥਾ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੂੰ ‘ਸਟੇਟ ਐਵਾਰਡ’ ਨਾਲ ਸਨਮਾਨਿਤ ਕੀਤਾ ਹੈ। ਮੁੱਖ ਮੰਤਰੀ ਨੇ ਕਰੋਨੋ ਸੰਕਟ ਦੌਰਾਨ ਸੋਨੂੰ ਵੱਲੋਂ ਨਿਭਾਈਆਂ ਸੇਵਾਵਾਂ ਦੀ ਸ਼ਲਾਘਾ ਕੀਤੀ ਅਤੇ ਪਿੱਠ ਵੀ ਥਾਪੜੀ ਹੈ। ਇਸ ਤੋਂ ਪਹਿਲਾਂ ਵੀ ਸੋਨੂੰ ਮਹੇਸ਼ਵਰੀ ਦੀਝੋਲੀ ’ਚ ਕਈ ਸਨਮਾਨ ਪੈ ਚੁੱਕੇ ਹਨ ਪਰ ਉਹ ਲੋਕਾਂ ਦੇ ਪਿਆਰ ਨੂੰ ਵੱਡੀ ਪੁਰਸਕਾਰ ਮੰਨਦਾ ਹੈ।ਬਠਿੰਡਾ ’ਚ ਤਾਂ ਸੋਨੂੰ ਮਹੇਸਵਰੀ ਬੱਚਾ ਬੱਚਾ ਜਾਣਦਾ ਹੈ ਪਰ ਹੁਣ ਉਸ ਦੀ ਪਛਾਣ ਕੌਮੀ ਪੱਧਰ ਤੇ ਹੋਣ ਲੱਗੀ ਹੈ। ਅਸਲ ’ਚ ਸੋਨੂੰ ਮਹੇਸ਼ਵਰੀ ਉਦੋਂ 19 ਕੁ ਸਾਲ ਦਾ ਅਤੇ ਸਿਰਫ ‘ਸੋਨੂੰ’ ਹੀ ਸੀ ਕਿ ਬਜ਼ਾਰ ’ਚ ਇੱਕ ਢਾਹ ਢੁਹਾਈ ਨੇ ਉਸ ਦੇ ਮਨ ਨੂੰ ਅਜਿਹਾ ਟੁੰਬਿਆ ਕਿ ਉਸ ਨੇ ਸਮਾਜਸੇਵਾ ਦੀ ਅਜਿਹੀ ਰਾਹ ਫੜ੍ਹੀ ਜੋ ਅੱਜ ਮਿਸਾਲ ਬਣ ਗਈ ਹੈ। ਸਾਲ 2007 ‘ਚ ਇੱਕ ਧਾਰਮਿਕ ਸਮਾਗਮ ਦੌਰਾਨ ਕੋਬਰਾ ਨੂੰ ਕਾਬੂ ਕਰਨ ਦੇ ਯਤਨਾਂ ਦੌਰਾਨ ਸੋਨੂੰ ਮਹੇਸ਼ਵਰੀ ਨੂੰ ਇਸ ਨਾਗ ਨੇ ਡੰਗ ਵੀ ਮਾਰ ਦਿੱਤਾ ਸੀ ਫਿਰ ਵੀ ਉਸ ਦੀ ਚਿਣਗ ਰਤਾ ਵੀ ਮੱਠੀ ਨਹੀਂ ਪਈ ਅਤੇ ਸਮਾਜਿਕ ਕਾਰਜਾਂ ਦਾ ਕਾਰਵਾਂ ਦਿਨ ਬਦਿਨ ਲੰਬਾ ਹੀ ਹੁੰਦਾ ਜਾ ਰਿਹਾ ਹੈ। ਉਸ ਦੇ ਕੰਮਾਂ ਨੂੰ ਦੇਖਦਿਆਂ ਲੋਕ ਵੀ ਸੋਨੂੰ ਮਹੇਸ਼ਵਰੀ ਨੂੰ ਫੰਡ ਦੇਣ ਵੇਲੇ ਪਿੱਛੇ ਨਹੀਂ ਹਟਦੇ ਹਨ। ਪਿੱਛੇ ਜਿਹੇ ਤਾਂ ਜਦੋਂ ਕਰੋਨਾ ਪੀੜਤਾਂ ਸਿਵੇ ਧੁਖ ਰਹੇ ਹੁੰਦੇ ਸਨ ਤਾਂ ਸੋਨੂੰ ਮੌਜੂਦ ਹੁੰਦਾ ਸੀ। ਕਦੇ ਕਰੋਨਾ ਤੋਂ ਪੀੜਤ ਮਰੀਜਾਂ ਲਈ ਆਕਸੀਜ਼ਨ ਦਾ ਪ੍ਰਬੰਧ ਅਤੇ ਕਦੀ ਟੀਕਾਕਰਨ ਕੈਂਪਾਂ ਦੀ ਅਗਵਾਈ ਕਰਦਾ ਨਜ਼ਰ ਆਉਂਦਾ ਹੈ। ਸਾਲ 2020 ਦੀ ਸ਼ੁਰੂਆਤ ’ਚ ਜਦੋਂ ਬਠਿੰਡਾ ਖਿੱਤੇ ’ਚ ਕਰੋਨਾ ਨੇ ਦਸਤਕ ਦਿੱਤੀ ਤਾਂ ਉਸ ਵਕਤ ਆਪਣੇ ਵੀ ਸਾਥ ਛੱਡਣ ਲੱਗੇ ਸਨ ਪਰ ਸੋਨੂੰ ਅਤੇ ਉਸ ਦੀ ਟੀਮ ਨੇ ਹਿੰਮਤ ਨਾ ਹਾਰੀ। ਕੋਵਿਡ ਕੇਅਰ ਸੈਂਟਰ ਤੱਤਕਾਲੀ ਐਸ ਡੀ ਐਮ ਅਮਰਿੰਦਰ ਸਿੰਘ ਟਿਵਾਣਾ ਅਤੇ ਬਠਿੰਡਾ ਦੇ ਤਹਿਸੀਲਦਾਰ ਸੁਖਬੀਰ ਸਿੰਘ ਬਰਾੜ ਦੇ ਮੋਢੇ ਨਾਲ ਮੋਢਾ ਜੋੜਕੇ ਲਾਮਿਸਾਲ ਕਾਰਜ ਕੀਤੇ। ਇਸ ਸੈਂਟਰ ’ਚ ਕਰੋਨਾ ਦੇ ਮਰੀਜਾਂ ਦੇ ਬਿਸਤਰਿਆਂ ਤੇ ਵਿਛਾਈਆਂ ਜਾਣ ਵਾਲੀਆਂ ਚਾਦਰਾਂ ਆਦਿ ਧੋਤੀਆਂ ਅਤੇ ਦਿਨ ਰਾਤ ਲੰਗਰ ਭੇਜਣ ਦਾ ਪ੍ਰਬੰਧ ਕੀਤਾ। ਕੋਵਿਡ ਕੇਅਰ ਸੈਂਟਰ ’ਚ ਇਲਾਜ਼ ਕਰਵਾਕੇ ਗਏ ਮਰੀਜਾਂ ਨੇ ਦੱਸਿਆ ਕਿ ਜਿਸ ਰਾਹ ਤੇ ਸੋਨੂੰ ਮਹੇਸ਼ਵਰੀ ਚੱਲ ਰਿਹੈ ਉਸ ਬਾਰੇ ਤਾਂ ਆਮ ਬੰਦਾ ਸੋਚ ਵੀ ਨਹੀਂ ਸਕਦਾ ਹੈ।
ਉਨ੍ਹਾਂ ਆਖਿਆ ਕਿ ਘੜੀ ਆਪਣੇ ਸਮੇਂ ਤੋਂ ਅੱਗੇ ਪਿੱਛੇ ਜਾ ਸਕਦੀ ਹੈ ਪਰ ਇੰਨ੍ਹਾਂ ਮੁੰਡਿਆਂ ਨੇ ਕਦੇ ਵੀ ਚਾਹ, ਨਾਸ਼ਤਾ ਜਾਂ ਲੰਗਰ ਲਈ ਵਕਤ ਨਹੀਂ ਲੰਘਣ ਦਿੱਤਾ ਜੋਕਿ ਵੱਡੀ ਗੱਲ ਹੈ। ਪਿਛਲੇ ਦਿਨੀਂ ਜਦੋਂ ਕਰੋਨਾ ਵਾਇਰਸ ਦਾ ਪ੍ਰਕੋਪ ਵਧਿਆ ਤਾਂ ਵੱਡੀ ਗਿਣਤੀ ਹੁੰਦੀਆਂ ਮੌਤਾਂ ਨੂੰ ਦੇਖਦਿਆਂ ਸੋਨੂੰ ਮਹੇਸ਼ਵਰੀ ਅਤੇ ਉਸ ਦੀ ਟੀਮ ਨੇ ਕੋਵਿਡ ਕੇਅਰ ਸੈਂਟਰ ਖੋਹਲਣ ਦਾ ਮਨ ਬਣਾਇਆ। ਨੌਜਵਾਨਾਂ ਦੇ ਜਜਬੇ ਨੇ ਜਦੋਂ ਹੌਂਸਲੇ ਦੀ ਬਾਂਹ ਫੜ੍ਹੀ ਤਾਂ ਦੀਨ ਦੁਖੀਆਂ ਨੂੰ ਸਮਰਪਿਤ ਹੁੰਦਿਆਂ ਸਮੁੱਚਾ ‘ਕਿਸ਼ੋਰੀ ਰਾਮ ਹਸਪਤਾਲ’ ਸੋਨੂੰ ਮਹੇਸ਼ਵਰੀ ਦੇ ਹਵਾਲੇ ਕਰ ਦਿੱਤਾ। ਜਿੱਥੇ ਸੰਸਥਾ ਨੇ ਮਰੀਜਾਂ ਲਈ ਦਿਲ ਖੋਹਲ ਦਿੱਤੇ ਅਤੇ ਦਾਨੀਆਂ ਨੇ ਜੇਬਾਂ। ਭਾਵੇਂ ਸੋਨੂੰ ਮਹੇਸ਼ਵਰੀ ਅਤੇ ਉਸ ਦੀ ਟੀਮ ਨੂੰ ਇਸ ਲੰਬੇ ਸਫਰ ਦੌਰਾਨ ਕੁੱਝ ਔਕੜਾਂ ਦਾ ਸਾਹਮਣਾ ਕਰਨਾ ਪਿਆ ਪਰ ਉਨ੍ਹਾਂ ਨੇ ਹਿੰਮਤ ਨਾਂ ਹਾਰੀ ਜਿਸ ਨੂੰ ਦੇਖਦਿਆਂ ਪੰਜਾਬ ਸਰਕਾਰ ਸਨਮਾਨ ਕਰਨ ਲਈ ਅੱਗੇ ਆਈ ਹੈ। ਭਾਵੇਂ ਪੁਰਸਕਾਰਾਂ ਦੇ ਪ੍ਰਦੂਸ਼ਣ ਜਾਂ ਸਨਮਾਨਾਂ ਦੀ ਵੰਡ ਦੌਰਾਨ ਆਪਣਿਆਂ ਨੂੰ ਨਿਵਾਜਣ ਦੇ ਤੱਥ ਵੀ ਸਾਹਮਣੇ ਆਉਂਦੇ ਰਹਿੰਦੇ ਹਨ ਪਰ ਬਠਿੰਡਾ ਵਾਸੀਆਂ ਨੂੰ ਮਾਣ ਹੈ ਕਿ ਮਨੁੱਖਤਾ ਦੇ ‘ਸੱਚੇ ਸੁੱਚੇ ਅਤੇ ਇਮਾਨਦਾਰ ਪੁੱਤ’ ਨੂੰ ਸਨਮਾਨਿਤ ਕਰਕੇ ਪੰਜਾਬ ਸਰਕਾਰ ਨੇ ਇਨਸਾਨੀਅਤ ਦੀ ਕਦਰ ਕਰਨ ਵਾਲਿਆਂ ਦੀ ਟੀਮ ਦਾ ਮੁੱਲ ਪਾਇਆ ਹੈ।
ਮਨੁੱਖਤਾ ਦੇ ਦਰਦਾਂ ਲਈ ਸੋਨੂੰ ਨੂੰ ਸਲਾਮ
ਪੰਜਾਬੀ ਯੂਨੀਵਰਸਿਟੀ ਪਟਿਆਲਾ ਖੇਤਰੀ ਕੇਂਦਰ ਬਠਿੰਡਾ ਦੇ ਸਾਬਕਾ ਮੁਖੀ ਪ੍ਰੋਫੈਸਰ ਡਾ.ਜੀਤ ਸਿੰਘ ਜੋਸ਼ੀ ਆਖਦੇ ਹਨ ਕਿ ਜਦੋਂ ਲੋਕ ਜਾਗਦੇ ਹੋਣ ਤਾਂ ਹਰ ਬਿਪਤਾ ਆਪਣੀ ਹੁੰਦੀ ਹੈ ਜਿਸ ਦੀ ਮਿਸਾਲ ਸੋਨੂੰ ਮਹੇਸ਼ਵਰੀ ਨੇ ਕਾਇਮ ਕੀਤੀ ਹੈ। ਉਨ੍ਹਾਂ ਆਖਿਆ ਕਿ ਮਨੁੱਖਤਾ ਦੇ ਦਰਦਾਂ ਲਈ ਏਦਾਂ ਦਾ ਜਜਬਾ ਰੱਖਣ ਵਾਲੇ ਨੌਜਵਾਨਾਂ ਨੂੰ ਕੌਣ ਸਲਾਮ ਨਹੀਂ ਕਰੇਗਾ। ਪ੍ਰੋਫੈਸਰ ਜੋਸ਼ੀ ਨੇ ਸੋਨੂੰ ਮਹੇਸ਼ਵਰੀ ਅਤੇ ਉਨ੍ਹਾਂ ਦੀ ਟੀਮ ਤੋਂ ਇਲਾਵਾ ਉਨ੍ਹਾਂ ਨੂੰ ਸਹਿਯੋਗ ਦੇਣ ਵਾਲਿਆਂ ਦੀ ਸ਼ਲਾਘਾ ਵੀ ਕੀਤੀ ਹੈ।
ਸਮਾਜ਼ ਪ੍ਰਤੀ ਫਰਜ਼: ਸੋਨੂੰ ਮਹੇਸ਼ਵਰੀ
ਨੌਜਵਾਨ ਵੈਲਫੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਦਾ ਕਹਿਣਾ ਸੀ ਕਿ ਉਨ੍ਹਾਂ ਕਿਸੇ ਤੇ ਅਹਿਸਾਨ ਨਹੀਂ ਕੀਤਾ ਬਲਕਿ ਉਹ ਸਮਾਜ ਪ੍ਰਤੀ ਆਪਣਾ ਫਰਜ਼ ਅਦਾ ਕਰ ਰਹੇ ਹਨ। ਉਨ੍ਹਾਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਰੋਨਾ ਦੇ ਸੰਕਟ ਨੂੰ ਦੇਖਦਿਆਂ ਸਾਵਧਾਨੀਆਂ ਵਰਤਣੀਆਂ ਤਿਆਗਣ ਨਾਂ ਕਿਉਂਕਿ ਹਾਲੇ ਖਤਰਾ ਘਟਿਆ ਹੈ ਪੂਰੀ ਤਰਾਂ ਟਲਿਆ ਨਹੀਂ ਹੈ।