2 C
United Kingdom
Saturday, March 7, 2026

More

    ਬੇਰੁਜ਼ਗਾਰ ਅਧਿਆਪਕਾਂ ਵੱਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦਾ ਜ਼ਬਰਦਸਤ ਵਿਰੋਧ

    ਸਿੱਖਿਆ ਮੰਤਰੀ ਦੇ ਕਾਲਜ ਉਦਘਾਟਨ ਕਰਨ ਤੋ ਪਹਿਲਾਂ ਪਹੁੰਚੇ ਬੇਰੁਜ਼ਗਾਰਾਂ ਨੇ ਕੀਤਾ ਰੋਸ਼ ਪ੍ਰਦਰਸ਼ਨ, ਬੇਰੁਜ਼ਗਾਰ ਪ੍ਰਦਰਸ਼ਨਕਾਰੀ ਭਵਾਨੀਗੜ੍ਹ ਥਾਣੇ ‘ਚ ਡੱਕੇ 

    ਭਵਾਨੀਗੜ੍ਹ (ਦਲਜੀਤ ਕੌਰ ਭਵਾਨੀਗੜ੍ਹ) ਸੰਗਰੂਰ ਦੇ ਬਲਾਕ ਭਵਾਨੀਗੜ੍ਹ ਨੇੜੇ ਪਿੰਡ ਰੋਸ਼ਨਵਾਲਾ ਵਿਖੇ ਡਿਗਰੀ ਕਾਲਜ ਦਾ ਉਦਘਾਟਨ ਕਰਨ ਪਹੁੰਚੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦਾ ਬੇਰੁਜ਼ਗਾਰ ਸਾਂਝੇ ਮੋਰਚੇ ਵੱਲੋਂ ਜਬਰਦਸਤ ਵਿਰੋਧ ਕਰਦਿਆ ਸਿੱਖਿਆ ਮੰਤਰੀ ਮੁਰਦਾਬਾਦ, ਪੰਜਾਬ ਸਰਕਾਰ ਮੁਰਦਾਬਾਦ ਦੇ ਨਾਅਰੇ ਲਾਏ ਗਏ। ਜ਼ਿਕਰਯੋਗ ਹੈ ਕਿ ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਪਿਛਲੇ ਕਰੀਬ ਸਾਢੇ ਸੱਤ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਬੇਰੁਜ਼ਗਾਰ ਲਗਾਤਾਰ ਸਿੱਖਿਆ ਮੰਤਰੀ ਦੀ ਪੈੜ ਨੱਪਦੇ ਆ ਰਹੇ ਹਨ। ਅਨੇਕਾਂ ਵਾਰ ਵਾਂਗ ਅੱਜ ਫੇਰ ਸਥਾਨਕ ਨੇੜਲੇ ਪਿੰਡ ਰੋਸ਼ਨ ਵਾਲਾ ਵਿਖੇ ਡਿਗਰੀ ਕਾਲਜ ਦਾ ਉਦਘਾਟਨ ਕਰਨ ਪਹੁੰਚੇ ਸਿੱਖਿਆ ਮੰਤਰੀ ਵਿਜੈਇੰਦਰ ਸਿੰਗਲਾ ਦੇ ਆਉਣ ਤੋਂ ਪਹਿਲਾਂ ਹੀ ਬੇਰੁਜ਼ਗਾਰਾਂ ਨੇ ਪਹੁੰਚ ਕੇ ਰੋਸ਼ ਪ੍ਰਦਰਸਨ ਕਰਨਾ ਸ਼ੁਰੂ ਕਰ ਦਿੱਤਾ, ਜਿਸ ਨਾਲ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਧਰ ਉਸੇ ਵਕਤ ਹੀ ਸਿੱਖਿਆ ਮੰਤਰੀ ਆ ਪਹੁੰਚੇ। ਬੇਰੁਜ਼ਗਾਰਾਂ ਨੇ ਸਿੱੱਖਿਆ ਮੰਤਰੀ ਅਤੇ ਪੰਜਾਬ ਸਰਕਾਰ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ। ਤੁਰੰਤ ਹਰਕਤ ਵਿੱਚ ਆਈ ਪੁਲਿਸ ਨੇ ਗਗਨਦੀਪ ਕੌਰ ਭਵਾਨੀਗੜ੍ਹ, ਅਮਨ ਸੇਖਾ, ਪ੍ਰੀਤ ਇੰਦਰ ਕੌਰ, ਪ੍ਰਿਤਪਾਲ ਕੌਰ, ਕੁਲਵੰਤ ਸਿੰਘ ਲੌਂਗੋਵਾਲ, ਮਨਪ੍ਰੀਤ ਕੌਰ, ਹਰਦਮ ਸਿੰਘ ਆਦਿ ਬੇਰੁਜ਼ਗਾਰਾਂ ਨੂੰ ਫ਼ੜ ਕੇ ਪੁਲਿਸ ਥਾਣਾ ਭਵਾਨੀਗੜ੍ਹ ਵਿਖੇ ਡੱਕ ਦਿੱਤਾ। ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਸਰਕਾਰ ਬੇਰੁਜ਼ਗਾਰਾਂ ਨਾਲ ਕੀਤਾ ਘਰ ਘਰ ਨੌਕਰੀ ਦਾ ਵਾਅਦਾ ਪੂਰਾ ਨਹੀਂ ਕਰਦੀ, ਉਦੋਂ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਮਾਪਿਆਂ ਅੰਦਰ ਆਪਣੇ ਬੱਚਿਆਂ ਦੇ ਰੁਜ਼ਗਾਰ ਲਈ ਲਾਵਾ ਉਬਾਲੇ ਮਾਰਨ ਲੱਗ ਪਿਆ ਹੈ, ਜਿਸਦਾ ਸੇਕ ਕਾਂਗਰਸ ਨੂੰ ਆਉਂਦੀਆਂ ਚੋਣਾਂ ਵਿੱਚ ਲਾਜ਼ਮੀ ਲੱਗੇਗਾ। ਖ਼ਬਰ ਲਿਖੇ ਜਾਣ ਤੱਕ ਬੇਰੁਜ਼ਗਾਰ ਥਾਣੇ ਵਿੱਚ ਬੰਦ ਸਨ।

    Punj Darya

    LEAVE A REPLY

    Please enter your comment!
    Please enter your name here

    Latest Posts

    error: Content is protected !!