ਯੂਥ ਕਾਂਗਰਸ ਦੇ ਮੁਅੱਤਲ ਜਿਲ੍ਹਾ ਮੋਗਾ ਪ੍ਰਧਾਨ ਪੱਪੂ ਜੋਸੀ ਨੂੰ ਹਾਈਕੋਰਟ ਵੱਲੋਂ ਰਾਹਤ
ਜਮਾਨਤ ‘ਤੇ ਕੀਤਾ ਰਿਹਾਅ

ਨਿਹਾਲ ਸਿੰਘ ਵਾਲਾ/ਬਿਲਾਸਪੁਰ (ਬਾਵਾ) ਮੋਗਾ ਦੇ ਬਹੁਚਰਚਿਤ ਜਿਨਸੀ ਸੋਸ਼ਣ ਦੇ ਮਾਮਲੇ ਵਿੱਚ ਯੂਥ ਕਾਂਗਰਸ ਜਿਲਾ ਮੋਗਾ ਦੇ ਮੁਅੱਤਲ ਪ੍ਰਧਾਨ ਵਰੁਨ ਜੋਸ਼ੀ ਉਰਫ ਪੱਪੂ ਜੋਸ਼ੀ ਵਾਸੀ ਹਿੰਮਤਪੁਰਾ ਨੂੰ ਰਾਹਤ ਦਿੰਦਿਆਂ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਉਸਨੂੰ ਜਮਾਨਤ ‘ਤੇ ਰਿਹਾਅ ਕਰ ਦਿੱਤਾ ਹੈ। ਉਨ੍ਹਾਂ ‘ਤੇ ਸਿਹਤ ਵਿਭਾਗ ਦੀ ਇੱਕ ਮੁਲਾਜਮ ਨੇ ਜਿਨਸੀ ਸੋਸ਼ਣ ਦੇ ਦੋਸ਼ ਲਗਾਏ ਸਨ। ਇਹ ਮਾਮਲਾ ਰਾਸਟਰੀ ਮੀਡੀਆਂ ‘ਤੇ ਲੰਮਾ ਸਮਾਂ ਛਾਇਆ ਰਿਹਾ। ਕਿਉਂਕਿ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਨੇ ਮੋਗਾ ਵਿਖੇ ਪਹੁੰਚ ਕੇ ਇਸ ਮਾਮਲੇ ‘ਤੇ ਸਰਕਾਰ ਦੀ ਘੇਰਾਬੰਦੀ ਕੀਤੀ ਸੀ ਕਿ ਪੱਪੂ ਜੋਸੀ ਯੂਥ ਕਾਂਗਰਸ ਦਾ ਜਿਲ੍ਹਾ ਪ੍ਰਧਾਨ ਹੋਣ ਕਾਰਨ ਪੁਲਿਸ ਸੱਤਾਧਾਰੀ ਧਿਰ ਦੇ ਦਬਾਅ ਕਾਰਨ ਉਸਦੀ ਮਦਦ ਕਰ ਰਹੀ ਹੈ। ਆਮ ਆਦਮੀ ਪਾਰਟੀ ਅਤੇ ਸਰੋਮਣੀ ਅਕਾਲੀ ਦਲ ਨੇ ਵੀ ਪੱਪੂ ਜੋਸੀ ਉਰਫ ਵਰੁਨ ਜੋਸ਼ੀ ਦੀ ਗ੍ਰਿਫਤਾਰੀ ਲਈ ਰੋਸ਼ ਪ੍ਰਦਰਸਨ ਕੀਤੇ ਸਨ। ਜਿਸ ਤੋਂ ਬਾਅਦ ਇੱਕ ਸਾਲ ਪਹਿਲਾਂ ਉਸ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਪਰ ਬਾਅਦ ਵਿੱਚ ਉਕਤ ਔਰਤ ਨੇ ਪੁਲਿਸ ‘ਤੇ ਰਜਨੀਤਿਕ ਦਬਾਅ ਦਾ ਦੋਸ਼ ਲਗਾ ਕੇ ਹਾਈਕੋਰਟ ਵਿੱਚ ਪਟੀਸਨ ਦਾਇਰ ਕਰਕੇ ਕੇਸ਼ ਦੀ ਜਾਂਚ ਸੀ ਬੀ ਆਈ ਤੋਂ ਕਰਵਾਉਣ ਦੀ ਮੰਗ ਕੀਤੀ ਸੀ ਪਰ ਮਾਨਯੋਗ ਹਾਈਕੋਰਟ ਵੱਲੋਂ ਫਰੀਦਕੋਟ ਰੇਂਜ ਦੇ ਆਈ ਜੀ ਕੌਸਤਵ ਸ਼ਰਮਾ, ਐਸ ਐਸ ਪੀ ਫਰੀਦਕੋਟ ਸਵਰਨਦੀਪ ਸਿੰਘ, ਏ ਐਸ ਪੀ ਲੁਧਿਆਣਾ ਮੈਡਮ ਰਜਿੰਦਰ ਕੌਰ ਦੀ ਸਿਟ ਬਣਾ ਕੇ ਕੇਸ ਦੀ ਜਾਂਚ ਕਰਵਾਈ ਸੀ। ਇਸ ਜਾਂਚ ਟੀਮ ਵੱਲੋਂ ਸਮੁੱਚੀ ਜਾਂਚ ਕਰਕੇ ਆਪਣੀ ਰਿਪੋਰਟ ਮਾਨਯੋਗ ਹਾਈਕੋਰਟ ਵਿੱਚ ਪੇਸ਼ ਕੀਤੀ ਗਈ ਸੀ। ਇਸ ਦੌਰਾਨ ਮਾਨਯੋਗ ਹਾਈਕੋਰਟ ਨੇ ਯੂਥ ਕਾਂਗਰਸੀ ਆਗੂ ਨੂੰ ਰਾਹਤ ਦਿੰਦਿਆਂ ਉਕਤ ਮਹਿਲਾ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਕੀਤਾ ਅਤੇ ਫਿਰ ਉਸਨੂੰ ਜਮਾਨਤ ‘ਤੇ ਰਿਹਾਅ ਕਰਨ ਦੇ ਹੁਕਮ ਦੇ ਦਿੱਤੇ। ਪਿੰਡ ਦੀ ਪੰਚਾਇਤ ਅਤੇ ਪਤਵੰਤਿਆਂ ਦੀ ਹਾਜਰੀ ਵਿੱਚ ਪਿੰਡ ਪਹੁੰਚਣ ‘ਤੇ ਪੱਪੂ ਜੋਸ਼ੀ ਨੇ ਕਿਹਾ ਕਿ ਉਨ੍ਹਾਂ ਨੂੰ ਮਾਨਯੋਗ ਅਦਾਲਤ ‘ਤੇ ਪੂਰਾ ਭਰੋਸਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਸਿਆਸੀ ਭਵਿੱਖ ਖਤਮ ਕਰਨ ਲਈ ਸਿਆਸੀ ਵਿਰੋਧੀਆਂ ਨੇ ਚਾਲਾਂ ਚੱਲੀਆਂ ਸਨ।