
ਫਗਵਾੜਾ 6 ਜੁਲਾਈ (ਸ਼ਿਵ ਕੋੜਾ) ਬਾਬੂ ਜਗਜੀਵਨ ਰਾਮ ਸੇਵਾ ਸਮਾਜ ਸੰਮਤੀ ਪੰਜਾਬ ਵਲੋਂ ਦੇਸ਼ ਦੇ ਸਾਬਕਾ ਉਪ ਪ੍ਰਧਾਨ ਮੰਤਰੀ ਬਾਬੂ ਜਗਜੀਵਨ ਰਾਮ ਦੀ ਬਰਸੀ ਦੇ ਸਬੰਧ ਵਿਚ ਫਗਵਾੜਾ ਵਿਖੇ ਸ਼ਰਧਾਂਜਲੀ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਪੰਜਾਬ ਅਨੁਸੂਚਿਤ ਜਾਤੀਆਂ ਭੌਂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਦੇ ਚੇਅਰਮੈਨ ਇੰਜੀ. ਮੋਹਨ ਲਾਲ ਸੂਦ ਵਿਸ਼ੇਸ਼ ਤੌਰ ਤੇ ਪੁੱਜੇ। ਉਹਨਾਂ ਸਵ. ਬਾਬੂ ਜਗਜੀਵਨ ਰਾਮ ਦੀ ਤਸਵੀਰ ਤੇ ਫੁੱਲ ਭੇਂਟ ਕਰਨ ਉਪਰੰਤ ਕਿਹਾ ਕਿ ਬਾਬੂ ਜੀ ਨੇ 1935 ਵਿਚ ਬਿਹਾਰ ਦੇ ਅਤੀ ਗਰੀਬ ਅਤੇ ਦੱਬੇ ਕੁਚਲੇ ਲੋਕਾਂ ਨੂੰ ਉੱਚਾ ਚੁੱਕਣ ਲਈ ਆਲ ਇੰਡੀਆ ਡਿਪਰੈਸਡ ਕਲਾਸਜ ਲੀਗ ਦੀ ਸਥਾਪਨਾ ਕੀਤੀ। ਜਿਸਦੇ ਤਹਿਤ ਲੰਬਾ ਸੰਘਰਸ਼ ਸ਼ੁਰੂ ਕੀਤਾ ਗਿਆ। ਇਸ ਤੋਂ ਇਲਾਵਾ ਉਹ ਸੰਵਿਧਾਨ ਸਭਾ ਦੇ ਮੈਂਬਰ ਵੀ ਰਹੇ ਅਤੇ ਆਜਾਦ ਭਾਰਤ ਦੀ ਪਹਿਲੀ ਕੈਬਿਨੇਟ ਵਿਚ ਬਾਬੂ ਜਗਜੀਵਨ ਰਾਮ ਨੂੰ ਲੇਬਰ ਮੰਤਰੀ ਵਜੋਂ ਅਹਿਮ ਜਿੰਮੇਵਾਰੀ ਦਿੱਤੀ ਗਈ। ਉਹਨਾਂ ਦੇਸ਼ ਦੇ ਰੱਖਿਆ ਮੰਤਰੀ, ਖੇਤੀ-ਬਾੜੀ ਮੰਤਰੀ ਤੋਂ ਲੈ ਕੇ ਉਪ ਪ੍ਰਧਾਨ ਮੰਤਰੀ ਤੱਕ ਦੇ ਸਨਮਾਨਯੋਗ ਅਹੁਦਿਆਂ ਤੇ ਰਹਿੰਦਿਆਂ ਲੰਬੇ ਸਿਆਸੀ ਸਫਰ ਵਿਚ ਦੇਸ਼ ਦੀ ਸੇਵਾ ਕੀਤੀ। ਉਹਨਾਂ ਦੀ ਪੁਤਰੀ ਸ੍ਰੀਮਤੀ ਮੀਰਾ ਕੁਮਾਰ ਨੇ ਵੀ ਲੋਕਸਭਾ ਸਪੀਕਰ ਵਜੋਂ ਆਪਣੀਆਂ ਯੋਗ ਸੇਵਾਵਾਂ ਦਿੱਤੀਆਂ ਹਨ। ਮੋਹਨ ਲਾਲ ਸੂਦ ਨੇ ਕਿਹਾ ਕਿ ਭਾਰਤ ਦਾ ਸਮੂਹ ਅਨੁਸੂਚਿਤ ਜਾਤੀ ਵਰਗ ਬਾਬੂ ਜਗਜੀਵਨ ਰਾਮ ਵਲੋਂ ਉਹਨਾਂ ਦਾ ਮਿਆਰ ਉੱਚਾ ਚੁੱਕਣ ਲਈ ਕੀਤੇ ਉਪਰਾਲਿਆਂ ਨੂੰ ਹਮੇਸ਼ਾ ਯਾਦ ਰੱਖੇਗਾ।