
ਅਸਟ੍ਰੇਲੀਆ (ਪੰਜ ਦਰਿਆ ਬਿਊਰੋ) ਭਾਰਤੀ ਕਿਸਾਨ ਅੰਦੋਲਨ 10 ਮਹੀਨੇ ਦਾ ਸਮਾਂ ਪਾਰ ਗਿਆ ਹੈ, ਪਰ ਭਾਰਤ ਦੀ ਕਿਸਾਨ ਵਿਰੋਧੀ ਸਰਕਾਰ ਅਜੇ ਵੀ ਕਿਸਾਨ ਵਿਰੋਧੀ ਕਾਨੂੰਨ ਵਾਪਸ ਲੈਣ ਲਈ ਤਿਆਰ ਨਹੀਂ ਹੈ। ਕਰੋਨਾ ਕਾਰਨ ਭਾਰਤੀ ਸਿਹਤ ਸੇਵਾਵਾਂ ਡਗਮਗਾ ਗਈਆਂ ਹਨ, ਦਿਨ-ਬ-ਦਿਨ ਹਾਲਾਤ ਵਿਗੜ ਰਹੇ ਹਨ। ਪਰ ਕਿਸਾਨ ਮੋਰਚਿਆਂ ਤੇ ਕਿਸਾਨ-ਮਜ਼ਦੂਰ ਪੂਰੀ ਚੜਦੀ ਕਲਾ ਨਾਲ ਡੱਟੇ ਹੋਏ ਹਨ। ਕਿਧਰੇ ਵੀ ਕੋਈ ਮਾਯੂਸੀ ਦੀ ਲਹਿਰ ਨਹੀਂ ਹੈ। ਸਾਰੀਆਂ ਕਿਸਾਨ ਜਥੇਬੰਦੀਆਂ ਪੂਰੇ ਉਤਸ਼ਾਹ ਨਾਲ ਵੱਖ ਵੱਖ ਮੋਰਚਿਆਂ ਤੇ ਸਰਕਾਰ ਦੇ ਖਿਲਾਫ ਸੰਘਰਸ਼ ਦਾ ਅੰਗ ਬਣੀਆਂ ਹੋਈਆਂ ਹਨ। ਇਸ ਲਹਿਰ ਨੂੰ ਹੋਰ ਪ੍ਰਚੰਡ ਕਰਨ ਲਈ ਕੱਲ 26 ਮਈ ਨੂੰ ਪੂਰੇ ਭਾਰਤ ਵਿੱਚ ਕਾਲੇ ਬਿੱਲੇ ਲਾ ਕੇ ਭਾਰਤ ਦੀ ਤਾਨਾਸ਼ਾਹ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਬੰਦ ਦੇ ਸਮਰਥਨ ਵਿੱਚ ਅਸਟ੍ਰੇਲੀਆ ਤੋਂ ਭਾਰਤੀ ਕਿਸਾਨ ਸਪੋਰਟ ਕਮੇਟੀ ਅਸਟ੍ਰੇਲੀਆ ਦੇ ਸਰਪ੍ਰਸਤ ਡਾ ਬਰਨਾਰਡ ਮਲਿਕ, ਸਟੇਟ ਪ੍ਰਤੀਨਿਧ ਬਲਵੰਤ ਸਾਨੀਪੁਰ, ਸਾਥੀ ਬਲਰਾਜ ਸੰਘਾ, ਸਾਥੀ ਬਲਿਹਾਰ ਸੰਧੂ, ਹਰਪਾਲ ਗੋਬਿੰਦਪੁਰੀ, ਚੰਦਨਦੀਪ ਸਿੰਘ ਰੰਧਾਵਾ, ਦਿਲਬਾਗ ਢਿੱਲੋਂ, ਸਰਬਜੀਤ ਸੋਹੀ, ਆਦਿ ਸੂਬਾਈ ਮੈਂਬਰਾਂ ਨੇ ਇਸ ਬੰਦ ਦਾ ਪੂਰਨ ਸਮਰਥਨ ਕਰਦਿਆਂ ਸਮੂਹ ਭਾਰਤੀਆਂ ਨੂੰ ਕਾਲੇ ਬਿੱਲੇ ਲਾ ਕੇ ਇਸ ਵਿਰੋਧ ਪ੍ਰਦਰਸ਼ਨ ਦਾ ਹਿੱਸਾ ਬਣਨ ਦੀ ਅਪੀਲ ਕੀਤੀ। ਅਸਟ੍ਰੇਲੀਆ ਦਾ ਸਮੁੱਚਾ ਭਾਰਤੀ ਭਾਈਚਾਰਾ ਜੋ ਕਿ ਪਹਿਲਾਂ ਹੀ ਤਨ,ਮਨ ਅਤੇ ਧੰਨ ਨਾਲ ਇਸ ਕਿਸਾਨ ਅੰਦੋਲਨ ਦੀ ਸਪੋਰਟ ਕਰਦਾ ਆ ਰਿਹਾ ਹੈ, ਇਸ ਵੇਲੇ ਵੀ ਪੂਰੀ ਇਕਜੁੱਟਤਾ ਨਾਲ ਕਿਸਾਨ ਅੰਦੋਲਨ ਦੇ ਨਾਲ ਖੜਾ ਹੈ। ਜਿਕਰਯੋਗ ਹੈ ਕਿ ਅਸਟ੍ਰੇਲੀਆ ਦੇ ਵੱਖ ਵੱਖ ਸ਼ਹਿਰਾਂ ਵਿੱਚ ਵੱਡੀ ਪੱਧਰ ਤੇ ਕਿਸਾਨਾਂ ਦੇ ਹੱਕ ਵਿੱਚ ਰੈਲੀਆਂ ਕੀਤੀਆਂ ਗਈਆਂ ਸਨ। ਅਗਰ ਆਉਣ ਵਾਲੇ ਸਮੇਂ ਵਿੱਚ ਭਾਰਤੀ ਸਰਕਾਰ ਇਸੇ ਤਰ੍ਹਾਂ ਕਿਸਾਨ ਅੰਦੋਲਨ ਦੀਆਂ ਮੰਗਾਂ ਨੂੰ ਨਜ਼ਰ-ਅੰਦਾਜ਼ ਕਰਦੀ ਰਹੇਗੀ ਤਾਂ ਦੁਬਾਰਾ ਤੋਂ ਕਿਸਾਨਾਂ ਦੇ ਹੱਕ ਵਿੱਚ ਰੋਸ ਪ੍ਰਦਰਸ਼ਨ ਕੀਤੇ ਜਾਣਗੇ।