ਸਿੱਕੀ ਝੱਜੀ ਪਿੰਡ ਵਾਲਾ (ਇਟਲੀ ) ਮਾਂ ਬੋਲੀ ਪੰਜਾਬੀ ਜਿਸ ਨਾਲ ਪੰਜਾਬੀਆਂ ਦੀ ਦੁਨੀਆਂ ਦੇ ਹਰ ਕੋਨੇ ਕੋਨੇ ਵਿੱਚ ਅੱਜ ਪਹਿਚਾਣ ਹੈ। ਸਮੁੰਦਰਾਂ ਤੋਂ ਪਾਰ ਜੋ ਪੰਜਾਬੀਆਂ ਨੇ ਇਸ ਮਾਂ ਬੋਲੀ ਨੂੰ ਮਾਣ ਦਵਾਇਆ ਹੈ ਇਸ ਬਾਰੇ ਵੀ ਸਭ ਭਲੀਭਾਂਤ ਜਾਣਦੇ ਹਨ। ਵਿਦੇਸ਼ਾਂ ਚ ਰਹਿ ਕੇ ਆਪਣੀ ਮਾਂ ਬੋਲੀ ਦੇ ਨਾਲ ਅਗਲੀ ਪੀੜੀ ਨੂੰ ਜੋੜਨ ਦਾ ਯਤਨ ਕਰਨ ਵਾਲੀਆਂ ਸਾਹਿਤਕ ਸੰਸਥਾਵਾਂ ਇਸ ਗੱਲ ਲਈ ਵਧਾਈ ਦੀਆਂ ਹੱਕਦਾਰ ਨੇ ਕਿ ਉਨ੍ਹਾਂ ਵਲੋਂ ਕੀਤੇ ਜਾ ਰਹੇ ਯਤਨਾਂ ਸਦਕਾ ਹੀ ਪੰਜਾਬੀਆਂ ਦੀ ਨਵੀਂ ਪੀੜ੍ਹੀ ਪੰਜਾਬੀ ਵਧੀਆ ਤਰੀਕੇ ਨਾਲ ਬੋਲਦੀ ਵੀ ਹੈ ਤੇ ਲਿਖਣਾ ਵੀ ਸਿੱਖਦੀ ਹੈ। ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਚਲਾਈ ਜਾ ਰਹੀ ਆਨਲਾਈਨ ਸਾਹਿਤਕ ਲੜੀ ਤਹਿਤ ਇਸ ਵਾਰ ਆ ਰਹੇ ਮਾਂ ਬੋਲੀ ਦਿਵਸ ਵਾਲੇ ਦਿਨ ਨੂੰ ਸਮਰਪਿਤ ਸੱਤਵਾਂ ਸਾਹਿਤਕ ਸਮਾਗਮ “ਫੱਟੀ ਤੋਂ ਫੌਂਟ ਤੱਕ” ਕਰਵਾਇਆ ਜਾ ਰਿਹਾ ਹੈ। ਇਸ ਸਮਾਗਮ ਵਿੱਚ ਪੰਜਾਬੀ ਭਾਸ਼ਾ ਨੇ ਜੋ ਸਫ਼ਰ ਤੈਅ ਕੀਤਾ ਹੈ ਉਸ ਬਾਰੇ ਗੱਲਾਂ ਹੋਣਗੀਆਂ। ਫੱਟੀ ਤੋਂ ਫੌਂਟ ਭਾਵ ਨਵੀਂ ਤਕਨੀਕ ਤੱਕ ਕਿਵੇਂ ਪੁੱਜੇ, ਅੱਜ ਨਵੀਂ ਤਕਨੀਕ ਨਾਲ ਪੰਜਾਬੀ ਫੌਂਟ ਦੀ ਵਰਤੋਂ, ਇਸਦੀ ਜਰੂਰਤ ਅਤੇ ਸਮੇਂ ਕਿਹੜੇ ਕਿਹੜੇ ਫੌਂਟ ਢੁਕਵੇਂ ਹਨ। ਇਸ ਬਾਰੇ ਵਿਚਾਰ ਕਰਨ ਲਈ ਡਾ: ਸੀ ਪੀ ਕੰਬੋਜ ਕੰਪਿਊਟਰ ਲੇਖਕ ਪੰਜਾਬੀ ਯੂਨੀਵਰਸਿਟੀ ਪਟਿਆਲਾ, ਜਗਤਾਰ ਸਿੰਘ ਸੋਖੀ ਸਟੇਟ ਅਵਾਰਡੀ ਅਧਿਆਪਕ, ਲੇਖਕ ਤੇ ਚਿੱਤਰਕਾਰ, ਹਰਦੀਪ ਸਿੰਘ ਮਾਨ ਫੌਂਟ ਸੁਧਾਰਕ ਤੇ ਪੰਜਾਬੀ ਕੀ ਬੋਰਡ ਨਿਰਮਾਤਾ ਆਸਟਰੀਆ, ਜਸਵਿੰਦਰ ਪਾਲ ਸਿੰਘ ਰਾਠ ਸਮਾਜਿਕ ਤੇ ਰਾਜਨੀਤਕ ਸ਼ਖਸ਼ੀਅਤ ਜਰਮਨੀ ਸ਼ਾਮਿਲ ਹੋਣਗੇ। ਇਸ ਸਮਾਗਮ ਆਪ ਸਭ ਨੂੰ ਸ਼ਾਮਿਲ ਹੋਣ ਲਈ ਹਾਰਦਿਕ ਸੱਦਾ ਦਿੰਦੇ ਹਾਂ ਅਤੇ ਆਸ ਕਰਦੇ ਹਾਂ ਤੁਸੀਂ ਇਸ ਵਿੱਚ ਸ਼ਾਮਿਲ ਹੋ ਕੇ ਪੰਜਾਬੀ ਫੌਂਟ ਬਾਰੇ, ਇਸਨੂੰ ਫੋਨ, ਟੈਬਲਟ, ਆਈਪੈਡ, ਕੰਪਿਊਟਰ ਆਦਿ ਉੱਪਰ ਕਿਸ ਤਰ੍ਹਾਂ ਵਰਤਣਾ ਹੈ ਦੀ ਜਾਣਕਾਰੀ ਹਾਸਿਲ ਕਰੋਗੇ। ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਹੈ। ਕਿਵੇਂ ਇਸਨੂੰ ਆਮ ਲੋਕਾਂ ਤੱਕ ਪਹੁੰਚਾਉਣਾ ਹੈ ਅਤੇ ਕਿਹੜੀ ਵਿਧੀ ਆਸਾਨ ਤੇ ਸਭ ਦੇ ਸਮਝ ਆਉਣ ਵਾਲੀ ਹੈ ਇਸ ਬਾਰੇ ਉਪਰੋਕਤ ਮਾਹਰ ਸਾਡੇ ਨਾਲ ਆਪਣੇ ਵਿਚਾਰਾਂ ਦੀ ਸਾਂਝ ਪਾਉਣਗੇ।
