10.8 C
United Kingdom
Monday, April 21, 2025

More

    ਅਮਰੀਕੀ ਸੈਨੇਟ ਨੇ ਕੀਤੀ ਬਾਈਡੇਨ ਦੇ ਮੰਤਰੀ ਮੰਡਲ ਲਈ ਨਾਮਜ਼ਦ ਕੀਤੇ ਪਹਿਲੇ ਉਮੀਦਵਾਰ ਦੀ ਪੁਸ਼ਟੀ

    ਗੁਰਿੰਦਰਜੀਤ ਨੀਟਾ ਮਾਛੀਕੇ / ਕੁਲਵੰਤ ਧਾਲੀਆਂ
    ਫਰਿਜ਼ਨੋ (ਕੈਲੀਫੋਰਨੀਆਂ), 21 ਜਨਵਰੀ 2021

    ਰਾਸ਼ਟਰਪਤੀ ਜੋਅ ਬਾਈਡੇਨ ਦੁਆਰਾ ਆਪਣੀ ਟੀਮ ਲਈ ਨਾਮਜ਼ਦ ਕੀਤੇ ਹੋਏ ਉਮੀਦਵਾਰਾਂ ਨੂੰ ਅਮਰੀਕੀ ਸੈਨੇਟ ਦੁਆਰਾ ਪੁਸ਼ਟੀ ਕਰਨ ਦੀ ਪ੍ਰਕਿਰਿਆ ਵਿੱਚ ਸੈਨੇਟ ਨੇ ਬੁੱਧਵਾਰ ਸ਼ਾਮ ਨੂੰ ਏਵਰਲ ਹੇਨੀਜ਼ ਨੂੰ ਨੈਸ਼ਨਲ ਇੰਟੈਲੀਜੈਂਸ ਦੀ ਡਾਇਰੈਕਟਰ ਦੇ ਤੌਰ ‘ਤੇ ਪ੍ਰਮਾਣਿਤ ਕਰਨ ਲਈ ਵੋਟ ਦਿੱਤੀ,ਜਿਸ ਨਾਲ ਉਹ ਰਾਸ਼ਟਰਪਤੀ ਬਾਈਡੇਨ ਦੇ ਮੰਤਰੀ ਮੰਡਲ ਲਈ ਪਹਿਲੀ ਪੁਸ਼ਟੀ ਕੀਤੀ ਉਮੀਦਵਾਰ ਬਣ ਗਈ ਹੈ। ਇਸ ਦੌਰਾਨ ਹੈਨੀਜ਼ ਨੂੰ 84 ਤੋਂ 10 ਵੋਟਾਂ ਦੁਆਰਾ ਪ੍ਰਵਾਨਗੀ ਦਿੱਤੀ ਗਈ। ਸੈਨੇਟ ਦੀ ਕਾਰਵਾਈ ਨੂੰ ਹੈਨੀਜ਼ ਦੀ ਪੁਸ਼ਟੀ ਕਰਨ ਤੋਂ ਬਾਅਦ ਰਾਤ ਲਈ ਮੁਲਤਵੀ ਕਰ ਦਿੱਤਾ ਗਿਆ, ਜੋ ਕਿ ਵੀਰਵਾਰ ਦੁਪਹਿਰ 12 ਵਜੇ ਦੁਬਾਰਾ ਸ਼ੁਰੂ ਕੀਤੀ ਜਾਵੇਗੀ। ਸੈਨੇਟ ਦੇ ਬਹੁਗਿਣਤੀ ਨੇਤਾ ਚੁੱਕ ਸ਼ੂਮਰ ਨੇ ਇੱਕ ਬਿਆਨ ਵਿੱਚ ਕਿਹਾ ਕਿ ਏਵਰਲ ਹੈਨੀਜ਼ ਨੈਸ਼ਨਲ ਇੰਟੈਲੀਜੈਂਸ ਦੇ ਡਾਇਰੈਕਟਰ ਲਈ ਸਹੀ ਚੋਣ ਹੈ ਅਤੇ ਉਸਦੀ ਪੁਸ਼ਟੀ ਕਰਨ ਲਈ ਦੋ-ਪੱਖੀ ਸਹਿਯੋਗ ਦੀ ਸ਼ਲਾਘਾ ਕੀਤੀ ਜਾਂਦੀ ਹੈ। ਏਵਰਲ ਦੀ ਪੁਸ਼ਟੀ ਪ੍ਰਕਿਰਿਆ ਵਿੱਚ ਪਹਿਲਾਂ ਰਿਪਬਲੀਕਨ ਸੈਨੇਟਰ ਟੌਮ ਕਾਟਨ ਨੇ ਹੈਨੀਜ਼ ਦੀ ਨਾਮਜ਼ਦਗੀ ਲਈ ਵੋਟ ਜਲਦੀ ਕਰਵਾਉਣ ਤੇ ਇਤਰਾਜ਼ ਜਤਾਇਆ ਸੀ, ਪਰ ਬਾਅਦ ਵਿੱਚ ਉਸਨੇ ਐਲਾਨ ਕੀਤਾ ਕਿ ਉਹ ਆਪਣਾ ਇਤਰਾਜ਼ ਵਾਪਿਸ ਲੈ ਰਿਹਾ ਹੈ। ਇਸ ਪੁਸ਼ਟੀ ਨਾਲ ਹੈਨੀਜ਼ ਨੈਸ਼ਨਲ ਇੰਟੈਲੀਜੈਂਸ ਡਾਇਰੈਕਟਰ ਵਜੋਂ ਸੇਵਾ ਨਿਭਾਉਣ ਵਾਲੀ ਪਹਿਲੀ ਔਰਤ ਹੋਵੇਗੀ । ਨੈਸ਼ਨਲ ਇੰਟੈਲੀਜੈਂਸ ਦਾ ਡਾਇਰੈਕਟਰ ਰਾਸ਼ਟਰਪਤੀ ਦਾ ਇੱਕ ਚੋਟੀ ਦਾ ਖੁਫੀਆ ਅਧਿਕਾਰੀ ਹੁੰਦਾ ਹੈ ਅਤੇ ਉਸ ਏਜੰਸੀ ਦੀ ਅਗਵਾਈ ਕਰਦਾ ਹੈ ਜੋ ਸਮੁੱਚੀ ਖੁਫੀਆ ਕਮਿਊਨਿਟੀ, ਕੁੱਲ 17 ਏਜੰਸੀਆਂ ਅਤੇ ਸੰਗਠਨਾਂ ਵਿੱਚ ਤਾਲਮੇਲ ਪੈਦਾ ਕਰਦਾ ਹੈ। ਇਸਦੇ ਇਲਾਵਾ ਬਾਈਡੇਨ ਦੁਆਰਾ ਨਾਮਜ਼ਦ ਸਾਰੇ ਅਧਿਕਾਰੀਆਂ ਦੀ ਪੁਸ਼ਟੀ ਹੋਣ ਤੱਕ ਫੈਡਰਲ ਏਜੰਸੀਆਂ ਦੀ ਅਗਵਾਈ ਕਾਰਜਕਾਰੀ ਅਧਿਕਾਰੀਆਂ ਦੁਆਰਾ ਕੀਤੀ ਜਾਵੇਗੀ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!